ਇਟਲੀ ਤੋਂ ਆਇਆ ਨੌਜਵਾਨ ਪੈਟਰੋਲ ਨਾਲ ਜਲਿਆ

08/19/2017 6:49:36 AM

ਫਗਵਾੜਾ, (ਜਲੋਟਾ)- ਹਦੀਆਬਾਦ ਇਲਾਕੇ 'ਚ ਸਥਿਤ ਮੁਹੱਲਾ ਡਡਿਆਂ 'ਚ ਅੱਜ ਸਵੇਰੇ ਇਟਲੀ ਤੋਂ ਆਏ ਇਕ ਨੌਜਵਾਨ ਦੀ ਪੈਟਰੋਲ ਨਾਲ ਜਿੰਦਾ ਜਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਅਮਿਰ ਮਲਿਕ ਪੁੱਤਰ ਬੂਟਾ ਮਲਿਕ ਵਾਸੀ ਪਿੰਡ ਸਮਰਾਵਾਂ ਜ਼ਿਲਾ ਜਲੰਧਰ ਹਾਲ ਵਾਸੀ ਇਟਲੀ ਦੇ ਰੂਪ 'ਚ ਹੋਈ ਹੈ। ਮਾਮਲੇ ਨੂੰ ਲੈ ਕੇ ਮ੍ਰਿਤਕ ਅਮਿਰ ਮਲਿਕ ਨੇ ਮਰਨ ਤੋਂ ਪਹਿਲਾਂ ਪੁਲਸ ਦੇ ਸਾਹਮਣੇ ਖੁਲਾਸਾ ਕੀਤਾ ਕਿ ਉਸਨੂੰ ਪੈਟਰੋਲ ਛਿੜਕ ਕੇ ਸੰਦੀਪ, ਜੱਸੀ, ਗੁਰਮਿੰਦਰ ਸਿੰਘ ਤੇ ਇਨ੍ਹਾਂ ਦੇ 2-3 ਹੋਰ ਸਾਥੀਆਂ ਨੇ ਕਥਿਤ ਤੌਰ 'ਤੇ ਉਸਨੂੰ ਸਵਿਫਟ ਕਾਰ 'ਚ ਅਗਵਾ ਕਰਨ ਦੇ ਬਾਅਦ ਜਿੰਦਾ ਜਲਾਇਆ ਹੈ। ਇਸ ਤੋਂ ਪਹਿਲਾਂ ਦੋਸ਼ੀਆਂ ਨੇ ਉਸ ਨਾਲ ਜਮ ਕੇ ਕੁੱਟਮਾਰ ਕੀਤੀ ਤੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਸੀ। ਇਸਦੇ ਦੋਸ਼ੀ ਉਸ ਨੂੰ ਅਣਪਛਾਤੀ ਜਗ੍ਹਾ 'ਤੇ ਲੈ ਗਏ, ਜਿਥੇ ਫਿਰ ਉਸਦੀ ਕੁੱਟਮਾਰ ਕੀਤੀ। ਇਸਦੇ ਬਾਅਦ ਦੋਸ਼ੀ ਉਸਨੂੰ ਸੰਦੀਪ ਤੇ ਸੰਕੇਤ ਦੇ ਘਰ ਲੈ ਗਏ, ਜਿਥੇ ਦੋਸ਼ੀਆਂ ਨੇ ਉਸ 'ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸਦੇ ਬਾਅਦ ਉਸਨੂੰ ਬੁਰੀ ਤਰ੍ਹਾਂ ਜਲੀ ਹਾਲਤ 'ਚ ਇਕ ਐਂਬੂਲੈਂਸ ਦੀ ਮਦਦ ਨਾਲ ਸਿਵਲ ਹਸਪਤਾਲ ਲਿਆਂਦਾ ਗਿਆ,ਜਿਥੇ ਸਰਕਾਰੀ ਡਾਕਟਰਾਂ ਨੇ ਉੁਸਨੂੰ ਜਲੰਧਰ ਸਿਵਲ ਹਸਪਤਾਲ ਰੈਫਰ ਕਰ ਦਿੱਤਾ। ਉਸਨੇ ਖੁਲਾਸਾ ਕੀਤਾ ਕਿ ਉਕਤ ਦੋਸ਼ੀਆਂ ਦੇ ਨਾਲ ਪੁਰਾਣਾ ਝਗੜਾ ਚਲ ਰਿਹਾ ਸੀ। ਅਮਿਰ ਮਲਿਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ।
ਦੂਸਰੇ ਪਾਸੇ ਥਾਣਾ ਸਤਨਾਮਪੁਰਾ 'ਚ ਰਾਜੇਸ਼ ਕੁਮਾਰ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਡਡਿਆਂ ਹਦੀਆਬਾਦ ਨੇ ਪੁਲਸ ਨੂੰ ਦਰਜ ਕਰਵਾਈ ਗਈ ਪੁਲਸ ਐੱਫ.ਆਈ.ਆਰ 'ਚ ਖੁਲਾਸਾ ਕੀਤਾ ਹੈ ਕਿ ਅਮਿਰ ਮਲਿਕ ਅੱਜ ਸਵੇਰੇ 6 ਵਜੇ ਉਸਦੇ ਘਰ 'ਚ ਜਬਰੀ ਦਾਖਲ ਹੋਇਆ ਜਿਸਦੇ ਬਾਅਦ ਉਸਨੇ ਉਨ੍ਹਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਅਮਿਰ ਮਲਿਕ ਉਸਦੀ ਭਤੀਜੀ ਦੀਪਤੀ ਨੂੰ ਕਾਫੀ ਸਮੇਂ ਤੋਂ ਪ੍ਰੇਸ਼ਾਨ ਕਰ ਰਿਹਾ ਸੀ। ਉਹ ਜ਼ਬਰਦਸਤੀ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਇਸਨੂੰ ਲੈ ਕੇ 7 ਜੁਲਾਈ 2017 ਨੂੰ ਪਿੰਡ ਸਮਰਾਵਾਂ 'ਚ ਉਸਨੇ ਭਰੀ ਪੰਚਾਇਤ 'ਚ ਦੀਪਤੀ ਨੂੰ ਤੰਗ ਕਰਨ 'ਤੇ ਆਪਣੀ ਗਲਤੀ ਸਵੀਕਾਰ ਕਰ ਕੇ ਸਾਰਿਆਂ ਦੇ ਸਾਹਮਣੇ ਲਿਖਤੀ ਮੁਆਫੀ ਮੰਗੀ ਸੀ।
ਅੱਜ ਸਵੇਰੇ ਉਹ ਅਚਾਨਕ ਉਨ੍ਹਾਂ ਦੇ ਘਰ ਵੜ ਗਿਆ ਤੇ ਦੀਪਤੀ ਨੂੰ ਆਪਣੇ ਨਾਲ ਜ਼ਬਰਦਸਤੀ ਲੈਕੇ ਜਾਣ ਦੀ ਮੰਗ ਕੀਤੀ। ਉਸਨੇ ਮੌਕੇ 'ਤੇ ਕਿਹਾ ਕਿ ਜੇਕਰ ਉਸਨੂੰ ਅੱਜ ਦੀਪਤੀ ਨੂੰ ਨਾਲ ਲੈ ਜਾਣ ਤੋਂ ਰੋਕਿਆ ਗਿਆ ਤਾਂ ਉਹ ਆਪਣੇ 'ਤੇ ਪੈਟਰੋਲ ਛਿੜਕ ਕੇ ਖੁਦ ਨੂੰ ਅੱਗ ਲਗਾ ਲਵੇਗਾ ਤੇ ਫਿਰ ਸਾਰਿਆਂ ਨੂੰ ਝੂਠੇ ਪੁਲਸ ਕੇਸ 'ਚ ਫਸਾ ਦੇਵੇਗਾ । ਬਾਅਦ 'ਚ ਉਸਨੇ ਕਥਿਤ ਤੌਰ 'ਤੇ ਆਪਣੇ 'ਤੇ ਪੈਟਰੋਲ ਸੁੱਟਕੇ ਖੁਦ ਨੂੰ ਅੱਗ ਲਗਾ ਲਈ। ਪੁਲਸ ਨੇ ਰਾਜੇਸ਼ ਕੁਮਾਰ ਦੇ ਬਿਆਨਾਂ 'ਤੇ ਮ੍ਰਿਤਕ ਅਮਿਰ ਮਲਿਕ ਦੇ ਖਿਲਾਫ ਧਾਰਾ 452, 324, 506 ਆਈ. ਪੀ. ਸੀ. ਦੇ ਤਹਿਤ ਪੁਲਸ ਕੇਸ ਦਰਜ ਕਰ ਦਿੱਤਾ ਹੈ।


Related News