ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ
Wednesday, Nov 01, 2017 - 02:19 AM (IST)

ਬਟਾਲਾ, (ਬੇਰੀ, ਸੈਂਡੀ)- ਅੱਜ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਸਮਾਚਾਰ ਮਿਲਿਆ ਹੈ। ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐੱਸ. ਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਬਚਨ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਕੋਟਲੀ ਸੂਰਤ ਮੱਲ੍ਹੀ ਨੇ ਲਿਖਵਾਇਆ ਕਿ ਉਨ੍ਹਾਂ ਦੇ ਲੜਕੇ ਹਰਪ੍ਰੀਤ ਉਰਫ ਹੈਪੀ ਨੇ ਟਰੈਵਲ ਏਜੰਟ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਚਰਨਪ੍ਰੀਤ ਸਿੰਘ ਪੁੱਤਰਾਨ ਲਖਬੀਰ ਸਿੰਘ ਵਾਸੀ ਡੇਰਾ ਪਠਾਣਾਂ ਨੂੰ ਇਕ ਲੱਖ 60 ਹਜ਼ਾਰ ਰੁਪਏ ਵਿਦੇਸ਼ ਭੇਜਣ ਲਈ ਦਿੱਤੇ ਸਨ ਪਰ ਉਕਤ ਟ੍ਰੈਵਲ ਏਜੰਟਾਂ ਵੱਲੋਂ ਉਨ੍ਹਾਂ ਦੇ ਲੜਕੇ ਨੂੰ ਵਿਦੇਸ਼ ਨਹੀਂ ਭੇਜਿਆ ਗਿਆ। ਬਚਨ ਸਿੰਘ ਨੇ ਅੱਗੇ ਲਿਖਵਾਇਆ ਹੈ ਕਿ ਉਨ੍ਹਾਂ ਦਾ ਉਕਤ ਟ੍ਰੈਵਲ ਏਜੰਟਾਂ ਨਾਲ ਬਾਅਦ ਵਿਚ ਇਕ ਲੱਖ 20 ਹਜ਼ਾਰ ਰੁਪਏ ਦਾ ਫੈਸਲਾ ਹੋ ਗਿਆ ਸੀ, ਜਿਸ ਤੋਂ ਬਾਅਦ ਉਕਤ ਏਜੰਟਾਂ ਨੇ ਉਨ੍ਹਾਂ 40-40 ਹਜ਼ਾਰ ਰੁਪਏ ਦੇ ਤਿੰਨ ਚੈੱਕ ਦਿੱਤੇ ਸਨ ਪਰ ਉਨ੍ਹਾਂ ਦਾ ਪਹਿਲਾ ਚੈੱਕ ਹੀ ਕੈਸ਼ ਨਾ ਹੋ ਸਕਿਆ, ਜਿਸਦੀ ਟੈਨਸ਼ਨ ਦੇ ਕਾਰਨ ਉਨ੍ਹਾਂ ਦੇ ਲੜਕੇ ਹਰਪ੍ਰੀਤ ਨੇ ਆਪਣੀ ਹਵੇਲੀ ਵਿਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧ 'ਚ ਹੋਰ ਜਾਣਕਾਰੀ ਦਿੰਦਿਆਂ ਐੱਸ. ਆਈ. ਸੁਖਜਾਰ ਸਿੰਘ ਨੇ ਦੱਸਿਆ ਕਿ ਬਚਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਉਕਤ ਟ੍ਰੈਵਲ ਏਜੰਟਾਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ।