ਮੋਗਾ ਪੁਲਸ ਨੂੰ ਮਿਲੀ ਸਫ਼ਲਤਾ, ਅਸਲੇ ਸਮੇਤ ਨੌਜਵਾਨ ਕਾਬੂ

Sunday, Dec 25, 2022 - 02:52 PM (IST)

ਮੋਗਾ (ਆਜ਼ਾਦ) : ਗਲਤ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਪੈਸ਼ਲ ਸੈੱਲ ਫਰੀਦਕੋਟ ਰੇਂਜ ਅਤੇ ਮੋਗਾ ਪੁਲਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੁਲਸ ਪਾਰਟੀ ਨੇ ਇਕ ਲੜਕੇ ਨੂੰ ਕਾਬੂ ਕਰਕੇ ਇਕ ਪਿਸਟਲ 32 ਬੋਰ ਅਤੇ ਇਕ 315 ਬੋਰ ਦੇਸੀ ਕੱਟਾ ਸਮੇਤ ਕਾਰਤੂਸ ਬਰਾਮਦ ਕੀਤਾ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਆਈ. ਜੀ. ਫਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਅਤੇ ਜ਼ਿਲ੍ਹਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਜਦੋਂ ਸਹਾਇਕ ਥਾਣੇਦਾਰ ਹਰਮੇਸ਼ ਲਾਲ ਸਪੈਸ਼ਲ ਸੈੱਲ ਫਰੀਦਕੋਟ ਰੇਂਜ ਪੁਲਸ ਪਾਰਟੀ ਸਮੇਤ ਥਾਣਾ ਮਹਿਣਾ ਕੋਲ ਗਸ਼ਤ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਮਨੀ ਪਿੰਡ ਤਲਵੰਡੀ ਭੰਗੇਰੀਆ ਕੋਲ ਨਾਜਾਇਜ਼ ਅਸਲਾ ਹੈ, ਜਿਸ ’ਤੇ ਪਹਿਲਾਂ ਵੀ ਮਾਮਲੇ ਦਰਜ ਹਨ। 

ਅੱਜ ਉਹ ਪੈਦਲ ਹੀ ਆਪਣੇ ਘਰ ਤੋਂ ਪਿੰਡ ਤਲਵੰਡੀ ਭੰਗੇਰੀਆ ਵੱਲ ਆ ਰਿਹਾ ਹੈ। ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਉਸ ਨੂੰ ਅਸਲੇ ਸਮੇਤ ਕਾਬੂ ਕੀਤ ਜਾ ਸਕਦਾ ਹੈ, ਜਿਸ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਮਨਪ੍ਰੀਤ ਸਿੰਘ ਉਰਫ ਮਨੀ ਨੂੰ ਕਾਬੂ ਕੀਤਾ ਅਤੇ ਉਸ ਕੋਲੋਂ ਇਕ ਪਿਸਟਲ 32 ਬੋਰ ਸਮੇਤ 4 ਕਾਰਤੂਸ, ਇਕ ਦੇਸੀ ਕੱਟਾ 315 ਬੋਰ ਸਮੇਤ 4 ਕਾਰਤੂਸ ਬਰਾਮਦ ਕੀਤੇ ਗਏ। ਦੋਸ਼ੀ ਖਿਲਾਫ ਥਾਣਾ ਮਹਿਣਾ ਵਿਚ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕਰ ਕੇ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।


Gurminder Singh

Content Editor

Related News