ਗੋਲੀਆਂ ਮਾਰ ਕਤਲ ਕੀਤੇ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਵਿਧਾਇਕ ਤ੍ਰਿਪਤ ਬਾਜਵਾ
Saturday, Jun 04, 2022 - 06:02 PM (IST)
ਬਟਾਲਾ (ਮਠਾਰੂ) : ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਸ਼ਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਡੁਲਟ ਦੇ ਨੌਜਵਾਨ ਲਵਪ੍ਰੀਤ ਸਿੰਘ ਦੇ ਘਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਹਲਕੇ ਦੇ ਕਾਂਗਰਸੀ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸੂਬੇ ਦੀ ‘ਆਪ’ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਸਰਕਾਰ ਦੀ ਨਲਾਇਕੀ ਅਤੇ ਬੁਰੀ ਤਰ੍ਹਾਂ ਨਾਲ ਫੇਲ ਹੋਏ ਸਰਕਾਰੀ ਸੁਰੱਖਿਆ ਦੇ ਤੰਤਰ ਕਾਰਨ ਅੱਜ ਹੱਸਦੇ-ਵੱਸਦੇ ਘਰਾਂ ਦੇ ਨੌਜਵਾਨ ਪੁੱਤਰ ਸ਼ਰੇਆਮ ਗੋਲੀਆਂ ਦੇ ਸ਼ਿਕਾਰ ਹੋ ਰਹੇ ਹਨ। ਵਿਧਾਇਕ ਤ੍ਰਿਪਤ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਅੰਦਰ ਜੰਗਲਰਾਜ ਦਿਖਾਈ ਦੇ ਰਿਹਾ ਹੈ, ਜਦ ਕਿ ਗੈਂਗਸਟਰਾਂ ਅਤੇ ਗੈਰ ਸਮਾਜੀ ਅਨਸਰਾਂ ਨੂੰ ਪੁਲਸ ਅਤੇ ਕਾਨੂੰਨ ਦਾ ਕੋਈ ਵੀ ਡਰ ਖੌਫ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਬੇਕਸੂਰ ਨੌਜਵਾਨਾਂ ਦਾ ਸ਼ਰੇਆਮ ਬੁਰੀ ਤਰ੍ਹਾਂ ਦੇ ਨਾਲ ਕਤਲ ਕੀਤਾ ਜਾ ਰਿਹਾ ਹੈ, ਜਦਕਿ ਬੁਰੀ ਤਰ੍ਹਾਂ ਫੇਲ ਹੋਈ ‘ਆਪ’ ਸਰਕਾਰ ਦੇ ਮੁੱਖ-ਮੰਤਰੀ ਭਗਵੰਤ ਮਾਨ ਪੰਜਾਬ ਦੇ ਮੌਜੂਦਾ ਵਿਗੜੇ ਪਏ ਹਾਲਾਤ ਨੂੰ ਲੈ ਕੇ ਗੰਭੀਰ ਦਿਖਾਈ ਨਹੀਂ ਦੇ ਰਹੇ।
ਵਿਧਾਇਕ ਬਾਜਵਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਇਸ ਗੱਲ ਦਾ ਰੱਤਾ ਭਰ ਵੀ ਅਹਿਸਾਸ ਨਹੀਂ ਸੀ ਕਿ ਪੰਜਾਬ ਅੰਦਰ ਬਦਲਾਅ ਤੋਂ ਬਾਅਦ ਅਜਿਹੇ ਖਤਰਨਾਕ ਹਾਲਾਤ ਪੈਦਾ ਹੋ ਜਾਣਗੇ। ਉਨ੍ਹਾਂ ਨੇ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਮੁੱਚਾ ਬਾਜਵਾ ਪਰਿਵਾਰ ਅਤੇ ਕਾਂਗਰਸ ਪਾਰਟੀ ਪਰਿਵਾਰ ਦੇ ਨਾਲ ਹਰ ਦੁੱਖ-ਸੁੱਖ ਵਿਚ ਸ਼ਾਮਲ ਹੋਵੇਗੀ। ਬਾਜਵਾ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਲਵਪ੍ਰੀਤ ਦੇ ਕਾਤਲਾਂ ਨੂੰ ਕਾਬੂ ਕਰ ਕੇ ਸਖ਼ਤ ਸਜ਼ਾ ਦਿੱਤੀ ਜਾਵੇ।