2 ਮਹੀਨੇ ਪਹਿਲਾਂ ਮਰੇ ਨੌਜਵਾਨ ਦੀ ਪੁੱਟੀ ਕਬਰ
Tuesday, Dec 24, 2019 - 05:05 PM (IST)

ਬਟਾਲਾ (ਜ. ਬ.) : ਕਾਦੀਆਂ ਦੇ ਪਿੰਡ ਡੱਲਾ ਵਿਖੇ 2 ਮਹੀਨੇ ਪਹਿਲਾਂ ਹੋਈ ਨੌਜਵਾਨ ਦੀ ਮੌਤ ਤੋਂ ਬਾਅਦ ਕਬਰਸਥਾਨ ਵਿਚ ਜਾ ਕੇ ਕੁਝ ਲੋਕਾਂ ਵੱਲੋਂ ਉਕਤ ਨੌਜਵਾਨ ਦੀ ਕਬਰ ਪੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮ੍ਰਿਤਕ ਅਜੇ ਦੇ ਪਿਤਾ ਜਸਪਾਲ ਵਾਸੀ ਡੱਲਾ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕਿਸੇ ਬੀਮਾਰੀ ਕਰਕੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਸੀ ਅਤੇ ਉਸ ਦੇ ਸਰੀਰ ਨੂੰ ਪਿੰਡ ਦੇ ਕਬਰਸਥਾਨ ਵਿਚ ਦਫਨਾ ਦਿੱਤਾ ਗਿਆ ਸੀ। ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੇ ਪੁੱਤਰ ਦੀ ਕਬਰ ਨੂੰ ਪੁੱਟਿਆ ਗਿਆ ਹੈ, ਜਿਸ ਦੀ ਸੂਚਨਾ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਤੜਕਸਾਰ ਦਿੱਤੀ।
ਇਸ ਸਬੰਧੀ ਉਨ੍ਹਾਂ ਕਾਦੀਆਂ ਦੀ ਪੁਲਸ ਨੂੰ ਸੂਚਿਤ ਵੀ ਕਰ ਦਿੱਤਾ ਹੈ। ਜਸਪਾਲ ਨੇ ਪ੍ਰਸ਼ਾਸਨ ਤੋਂ ਕਬਰ ਪੁੱਟਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਉਧਰ ਸੂਚਨਾ ਮਿਲਣ 'ਤੇ ਪੁਲਸ ਪਾਰਟੀ ਸਮੇਤ ਪੁੱਜੇ ਥਾਣਾ ਕਾਦੀਆਂ ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਮਬੰਦ ਕਰ ਲਏ ਹਨ। ਐੱਸ. ਡੀ. ਐੱਮ. ਬਟਾਲਾ ਤੋਂ ਮਨਜ਼ੂਰੀ ਲੈਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।