15 ਹਜ਼ਾਰ ਰੁਪਏ ਲਈ ਦੁਬਈ ਤੋਂ ਆਏ ਨੌਜਵਾਨ ਦਾ ਕਤਲ

Friday, Mar 22, 2019 - 06:05 PM (IST)

15 ਹਜ਼ਾਰ ਰੁਪਏ ਲਈ ਦੁਬਈ ਤੋਂ ਆਏ ਨੌਜਵਾਨ ਦਾ ਕਤਲ

ਤਲਵੰਡੀ ਭਾਈ (ਗੁਲਾਟੀ) : ਪਿੰਡ ਤੂੰਬੜ ਭੰਨ 'ਚ 15 ਹਜ਼ਾਰ ਰੁਪਏ ਬਦਲੇ ਇਕ ਨੌਜਵਾਨ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਉਪ-ਪੁਲਸ ਕਪਤਾਨ ਸਤਨਾਮ ਸਿੰਘ ਘਟਨਾ ਸਥਾਨ 'ਤੇ ਪਹੁੰਚੇ। ਇਸ ਸਬੰਧੀ ਤਲਵੰਡੀ ਭਾਈ ਪੁਲਸ ਦੇ ਮੁਖੀ ਗੁਰਦਿਆਲ ਸਿੰਘ ਅਤੇ ਮਾਮਲੇ ਦੇ ਜਾਂਚ ਅਧਿਕਾਰੀ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਮਨਜੀਤ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਤੂੰਬੜ ਭੰਨ ਦੇ ਭਰਾ ਮਨਜਿੰਦਰ ਸਿੰਘ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਸਦਾ ਭਰਾ ਮਨਜੀਤ ਸਿੰਘ (33) ਜੋ ਦੁਬਈ 'ਚ ਟਰੱਕ ਚਾਲਕ ਹੈ, ਬੀਤੀ ਰਾਤ ਉਸਨੂੰ ਪਿੰਡ ਦਾ ਜਗਵਿੰਦਰ ਸਿੰਘ ਪੁੱਤਰ ਜਲੌਰ ਸਿੰਘ ਜੋ ਨਸ਼ੇ ਦਾ ਆਦੀ ਹੈ, ਨਾਲ ਘਰ ਦੇ ਬਾਹਰ ਗੱਲ ਕਰ ਰਹੇ ਸਨ। ਇਸ ਦੌਰਾਨ ਜਗਵਿੰਦਰ ਉਸ ਨੂੰ ਆਪਣੇ ਨਾਲ ਕਿੱਧਰੇ ਲੈ ਗਿਆ। ਉਕਤ ਨੇ ਦੱਸਿਆ ਕਿ ਮਨਜੀਤ ਸਿੰਘ ਦੀ ਜੇਬ ਵਿਚ 15 ਹਜ਼ਾਰ ਰੁਪਏ ਦੀ ਨਕਦੀ ਸੀ।
ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹ ਰਾਤ ਭਰ ਮਨਜੀਤ ਨੂੰ ਲੱਭਦੇ ਰਹੇ ਪਰ ਕਿਧਰੇ ਵੀ ਉਸ ਦਾ ਪਤਾ ਨਹੀਂ ਲੱਗਿਆ। ਸ਼ੁੱਕਰਵਾਰ ਸਵੇਰੇ ਉਸਦੀ ਲਾਸ਼ ਪਿੰਡ ਦੇ ਸ਼ਮਸਾਨਘਾਟ ਵਿਚੋਂ ਮਿਲੀ। ਮ੍ਰਿਤਕ ਦੇ ਭਰਾ ਨੇ ਦੋਸ਼ ਲਾਇਆ ਕਿ ਜਗਵਿੰਦਰ ਸਿੰਘ ਨੇ ਪੈਸਿਆਂ ਦੇ ਲਾਲਚ ਵਿਚ ਉਸਦੇ ਭਰਾ ਦਾ ਕਤਲ ਕੀਤਾ ਹੈ। ਪੁਲਸ ਨੇ ਦੋਸ਼ੀ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਵੱਲੋਂ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

Gurminder Singh

Content Editor

Related News