ਨਸ਼ੇ ''ਤੇ ਪੰਜਾਬ ਪੁਲਸ ਸਖਤ, ਨੌਜਵਾਨਾਂ ਦੀ ਮੌਤ ''ਤੇ ਤਸਕਰਾਂ ਖਿਲਾਫ ਕਤਲ ਦਾ ਮਾਮਲਾ ਦਰਜ
Tuesday, Jul 03, 2018 - 06:40 PM (IST)

ਫਿਰੋਜ਼ਪੁਰ (ਮਲਹੋਤਰਾ) : ਨਸ਼ਾਖੋਰੀ ਕਾਰਨ ਮਰ ਰਹੇ ਨੌਜਵਾਨਾਂ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਪੁਲਸ ਨੇ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ। ਐਤਵਾਰ ਨੂੰ ਜ਼ਿਲੇ ਦੇ ਪਿੰਡ ਲੱਧੂਵਾਲਾ ਅਤੇ ਜ਼ੀਰਾ ਗੇਟ ਵਿਚ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦੇ ਸਬੰਧ ਵਿਚ ਪੁਲਸ ਨੇ ਸਮੱਗਲਰਾਂ ਖਿਲਾਫ ਪਰਚੇ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਰਚੇ ਪੁਲਸ ਨੇ ਬਿਨਾਂ ਕਿਸੇ ਸ਼ਿਕਾਇਤ ਗੁਪਤ ਸੂਚਨਾਵਾਂ ਦੇ ਆਧਾਰ 'ਤੇ ਦਰਜ ਕੀਤੇ ਹਨ।
ਥਾਣਾ ਸਦਰ ਦੇ ਏ. ਐੱਸ. ਆਈ. ਰਮੇਸ਼ ਮਸੀਹ ਨੇ ਦੱਸਿਆ ਕਿ ਪਿੰਡ ਲੱਧੂਵਾਲਾ ਵਿਚ ਮਨੋਹਰ ਲਾਲ ਦੀ ਨਸ਼ੇ ਦਾ ਜ਼ਹਿਰੀਲਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਅਣਪਛਾਤੇ ਨਸ਼ਾ ਤਸਕਰ ਖਿਲਾਫ ਅਤੇ ਜ਼ੀਰਾ ਗੇਟ ਵਾਸੀ ਸ਼ਿਵਮ ਦੀ ਮੌਤ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ ਤਿੰਨ ਸਮੱਗਲਰਾਂ ਖਿਲਾਫ ਧਾਰਾ 304 ਅਧੀਨ ਪਰਚੇ ਦਰਜ ਕੀਤੇ ਹਨ। ਏ.ਐਸ.ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਸ਼ੇ ਦੀ ਓਵਰਡੋਜ਼ ਕਾਰਨ ਸ਼ਿਵਮ ਉਰਫ ਸ਼ੰਭੂ ਦੀ ਮੌਤ ਹੋ ਗਈ, ਉਸ ਨੂੰ ਰਾਜਵਿੰਦਰ ਸਿੰਘ ਉਰਫ ਦੀਪੂ, ਦਵਿੰਦਰ ਸਿੰਘ ਉਰਫ ਨਿੱਕਾ ਵਾਸੀ ਨਵੀਂ ਆਬਾਦੀ ਜ਼ੀਰਾ ਗੇਟ ਅਤੇ ਅਰੁਣ ਸਹੋਤਾ ਵਾਸੀ ਬਸਤੀ ਭੱਟੀਆਂ ਵਾਲੀ ਨਸ਼ਾ ਦਿੰਦੇ ਸਨ। ਤਿੰਨਾਂ ਖਿਲਾਫ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਭਾਲ ਜਾਰੀ ਹੈ।