ਅੰਮ੍ਰਿਤਸਰ : ਨਜਾਇਜ਼ ਹਥਿਆਰਾਂ ਸਮੇਤ 3 ਨੌਜਵਾਨ ਗ੍ਰਿਫਤਾਰ

Friday, Aug 24, 2018 - 05:50 PM (IST)

ਅੰਮ੍ਰਿਤਸਰ (ਅਰੁਣ) : ਬੀਤੇ ਕੱਲ੍ਹ ਅੰਮ੍ਰਿਤਸਰ ਮਜੀਠਾ ਮੇਨ ਰੋਡ 'ਤੇ ਹੋਈ ਕੈਸ਼ ਵੈਨ ਦੀ ਵੱਡੀ ਲੁੱਟ ਮਗਰੋਂ ਪੁਲਸ ਵਲੋਂ ਕੀਤੇ ਰੈਡ ਅਲਰਟ ਦੌਰਾਨ ਥਾਣਾ ਕੰਟੋਨਮੈਂਟ ਦੀ ਪੁਲਸ ਵਲੋਂ ਇਕ ਸਵਿਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲਸ ਪਾਰਟੀ ਨੂੰ ਵੇਖ ਕਾਰ ਸਵਾਰਾਂ ਵਲੋਂ ਕਾਰ ਨੂੰ ਤੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪੁਲਸ ਪਾਰਟੀ ਨੇ ਨਾਕਾਮ ਕਰ ਦਿੱਤਾ। ਤਲਾਸ਼ੀ ਦੌਰਾਨ ਕਾਰ ਵਿਚ ਪਈ ਇਕ ਰਾਈਫਲ, ਦੋ ਰਿਵਾਲਵਰ 32 ਬੋਰ ਅਤੇ 6 ਕਾਰਤੂਸ, 32 ਬੋਰ ਪੁਲਸ ਵਲੋਂ ਬਰਾਮਦ ਕੀਤੇ ਗਏ।

ਸਵਿਫਟ ਕਾਰ (ਨੰਬਰ ਪੀ.ਬੀ.46.ਜੈਡ.915) ਵਿਚ ਸਵਾਰ ਲਵਪੀ੍ਰਤ ਸਿੰਘ ਪੁੱਤਰ ਅਵਤਾਰ ਸਿੰਘ, ਕੋਮਲਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਜੀਉਬਾਲਾ ਤਰਨਤਾਰਨ ਅਤੇ ਗੁਰਸੇਵਕ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਝਾਮਕੇ ਜੋ ਪੁਲਸ ਵਲੋਂ ਬਰਾਮਦ ਕੀਤੇ ਗਏ ਹਥਿਆਰਾਂ ਦਾ ਦਸਤਾਵੇਜ਼ੀ ਸਬੂਤ ਨਾ ਪੇਸ਼ ਕਰ ਸਕੇ ਨੂੰ ਹਿਰਾਸਤ ਵਿਚ ਲੈ ਕੇ ਪੁਲਸ ਵਲੋਂ ਅਸਲਾ ਐਕਟ ਤਹਿਤ ਕਾਰਵਾਈ ਕਰਦਿਆਂ ਮਾਮਲਾ ਦਰਜ ਕਰ ਲਿਆ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਥਾਣਾ ਕੰਟੋਨਮੈਂਟ ਮੁਖੀ ਇੰਸਪੈਕਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਇਕ ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਇਸ ਰਿਮਾਂਡ ਦੌਰਾਨ ਉਕਤ ਕੋਲੋ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।


Related News