ਪੰਜਾਬ-ਹਰਿਆਣਾ ''ਚ ''ਪੀਲੀ'' ਪੈਣ ਲੱਗੀ ਕਣਕ ਦੀ ਫਸਲ, ਚਿੰਤਾ ''ਚ ਕਿਸਾਨ

01/30/2020 6:26:18 PM

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ ਨੀਮ ਪਹਾੜੀ ਇਲਾਕਿਆਂ 'ਚ ਕਣਕ ਦੀ ਫਸਲ 'ਤੇ ਪੀਲੀ ਕੁੰਗੀ ਦੀ ਬੀਮਾਰੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਸਬੰਧੀ ਦੋਹਾਂ ਸੂਬਿਆਂ ਦੇ ਖੇਤੀ ਵਿਭਾਗਾਂ ਵਲੋਂ ਕਿਸਾਨਾਂ ਨੂੰ ਇਸ ਹਾਲਾਤ ਨਾਲ ਨਜਿੱਠਣ ਸਬੰਧੀ ਕਈ ਸੁਝਾਅ ਦਿੱਤੇ ਗਏ ਹਨ। ਪੰਜਾਬ ਦੇ ਰੋਪੜ, ਹੁਸ਼ਿਆਰਪੁਰ ਅਤੇ ਪਠਾਨਕੋਟ ਜ਼ਿਲਿਆਂ 'ਚ ਪੀਲੀ ਕੁੰਗੀ ਦੀ ਬੀਮਾਰੀ ਦਾ ਪਤਾ ਲੱਗਿਆ ਹੈ, ਜਦੋਂ ਕਿ ਹਰਿਆਣਾ ਦੇ ਪੰਚਕੂਲਾ, ਯਮੁਨਾਨਗਰ ਅਤੇ ਅੰਬਾਲਾ 'ਚ ਫਸਲਾਂ 'ਤੇ ਪੀਲੀ ਕੁੰਗੀ ਨੇ ਹਮਲਾ ਕੀਤਾ ਹੈ।

PunjabKesari

ਪੀਲੀ ਕੁੰਗੀ ਇਕ ਫੰਗਲ ਬੀਮਾਰੀ ਹੈ, ਜੋ ਕਿ ਫਸਲਾਂ ਦੇ ਪੱਤਿਆਂ ਨੂੰ ਪੀਲੇ ਰੰਗ 'ਚ ਬਦਲ ਦਿੰਦੀ ਹੈ ਅਤੇ ਪ੍ਰਕਾਸ਼ ਸੰਸਲੇਸ਼ਣ ਕਿਰਿਆ ਨੂੰ ਰੋਕ ਦਿੰਦੀ ਹੈ, ਜਿਸ ਦੇ ਨਤੀਜੇ ਵਲੋਂ ਕਣਕ ਦੀ ਫਸਲ ਦੀ ਪੈਦਾਵਾਰ 'ਚ ਗਿਰਾਵਟ ਆ ਜਾਂਦੀ ਹੈ। ਇਸ ਬਾਰੇ ਗੱਲ ਕਰਦਿਆਂ ਖੇਤੀ ਤੇ ਕਿਸਾਨ ਕਲਿਆਣ ਵਿਭਾਗ ਦੇ ਨਿਰਦੇਸ਼ਕ ਡਾ. ਸੁਤੰਤਰ ਕੁਮਾਰ ਐਰੀ ਨੇ ਦੱਸਿਆ ਕਿ ਸੂਬੇ ਦੇ ਰੋਪੜ, ਪਠਾਨਕੋਟ ਅਤੇ ਆਨੰਦਪੁਰ ਸਾਹਿਬ ਜ਼ਿਲਿਆਂ 'ਚ ਕੁਝ ਥਾਵਾਂ 'ਤੇ ਕਣਕ ਦੀ ਫਸਲ 'ਤੇ ਇਹ ਬੀਮਾਰੀ ਦੇਖੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸੀਮਤ ਇਲਾਕੇ 'ਚ ਹੈ ਅਤੇ ਸਾਡੀ ਮਾਹਿਰਾਂ ਦੀ ਟੀਮ ਵਲੋਂ ਹਾਲਾਤ ਦਾ ਜਾਇਜ਼ਾ ਲੈਣ ਲਈ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਠੰਡ, ਧੁੰਦ ਅਤੇ ਬਰਸਾਤ ਦਾ ਮੌਸਮ ਭਾਵੇਂ ਹੀ ਕਣਕ ਦੀ ਫਸਲ ਲਈ ਬਹੁਤ ਚੰਗਾ ਹੁੰਦਾ ਹੈ ਪਰ ਇਸ ਸਮੇਂ ਕਣਕ 'ਤੇ ਪੀਲੀ ਕੁੰਗੀ ਦਾ ਪ੍ਰਕੋਪ ਸ਼ੁਰੂ ਹੋ ਗਿਆ ਹੈ। ਇਸ ਬਾਰੇ ਹਰਿਆਣਾ ਦੇ ਜੁਆਇੰਟ ਡਾਇਰੈਕਟਰ (ਖੇਤੀਬਾੜੀ) ਨੇ ਕਿਹਾ ਹੈ ਕਿ ਵਿਭਾਗ ਵਲੋਂ ਪਹਿਲਾਂ ਹੀ ਪੀਲੀ ਕੁੰਗੀ ਬਾਰੇ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਥਿਤੀ ਚਿੰਤਾਜਨਕ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਐਡਵਾਈਜ਼ਰੀ ਮੁਤਾਬਕ ਪੀਲੀ ਕੁੰਗੀ ਦੇ ਹਮਲੇ ਨੂੰ ਰੋਕਣ ਲਈ ਆਪਣੀ ਫਸਲ 'ਤੇ ਸਪਰੇਅ ਕਰਨੀ ਚਾਹੀਦੀ ਹੈ।

PunjabKesari
ਭਾਰਤੀ ਕਿਸਾਨ ਯੂਨੀਅਨ ਨੇ ਸਰਕਾਰ ਨੂੰ ਲਾਈ ਗੁਹਾਰ
ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਮੁੱਖ ਸਰਪ੍ਰਸਤ ਪਰਗਟ ਸਿੰਘ ਦਾ ਕਹਿਣਾ ਹੈ ਕਿ ਉਨਾਂ ਨੇ ਆਪਣੇ ਖੇਤਾਂ 'ਚ ਕਰੀਬ 14 ਏਕੜ ਖੇਤ 'ਚ ਕਣਕ ਬੀਜੀ ਹੈ। ਉਹ ਦੱਸਦੇ ਹਨ ਕਿ ਇਲਾਕੇ ਦੇ ਕਿਸਾਨ ਚਿੰਤਤ ਹਨ ਕਿਉਂਕਿ ਪੀਲੀ ਕੁੰਗੀ ਦੇ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਤੇਜ਼ ਰਫਤਾਰ ਨਾਲ ਫੈਲ ਸਕਦਾ ਹੈ ਅਤੇ ਜੇਕਰ ਸਮੇਂ 'ਤੇ ਜਾਂਚ ਨਹੀਂ ਕੀਤੀ ਗਈ ਤਾਂ ਫਸਲ ਦੀ ਪੈਦਾਵਾਰ 'ਚ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਕੰਟਰੋਲ ਕਰਨ ਲਈ ਖੇਤੀ ਵਿਭਾਗ ਨੂੰ ਕਾਰਗਾਰ ਕਦਮ ਚੁੱਕਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਕਣਕ ਦੀ ਫਸਲ ਨੂੰ ਅਕਤੂਬਰ ਦੇ ਅਖੀਰ ਤੋਂ ਦਸੰਬਰ ਵਿਚਕਾਰ ਬੀਜਿਆ ਜਾਂਦਾ ਹੈ, ਜਦੋਂ ਕਿ ਫਸਲ ਦੀ ਕਟਾਈ ਅਪ੍ਰੈਲ ਤੋਂ ਸ਼ੁਰੂ ਹੋਵੇਗੀ।


Babita

Content Editor

Related News