2019 ''ਚ ਜਲੰਧਰ ਪੁਲਸ ਲਈ ਸਿਰਦਰਦੀ ਬਣਿਆ ਰਿਹਾ ਟਰੈਵਲ ਏਜੰਟ ਕਪਿਲ ਸ਼ਰਮਾ

Tuesday, Dec 31, 2019 - 11:39 AM (IST)

ਜਲੰਧਰ (ਕਮਲੇਸ਼)— 2019 'ਚ ਜਲੰਧਰ ਪੁਲਸ ਲਈ ਕਰੋੜਾਂ ਦੀ ਠੱਗੀ ਦਾ ਮੁਲਜ਼ਮ ਸਟੱਡੀ ਐਕਸਪ੍ਰੈੱਸ ਦਾ ਮਾਲਕ ਕਪਿਲ ਸ਼ਰਮਾ ਸਿਰਦਰਦੀ ਬਣਿਆ ਰਿਹਾ। ਮੁਲਜ਼ਮ ਕਪਿਲ ਸ਼ਰਮਾ 'ਤੇ ਬਾਰਾਂਦਰੀ ਥਾਣੇ 'ਚ 30 ਦੇ ਕਰੀਬ ਮਾਮਲੇ ਦਰਜ ਹੋ ਚੁੱਕੇ ਹਨ। ਪੁਲਸ ਨੇ ਮੁਲਜ਼ਮ ਨੂੰ ਕਾਬੂ ਕਰਨ ਲਈ ਕਈ ਟੀਮਾਂ ਬਣਾਈਆਂ ਸਨ ਪਰ ਉਹ ਪੁਲਸ ਦੇ ਕਾਬੂ ਨਹੀਂ ਆਇਆ। ਪ੍ਰਸ਼ਾਸਨ ਮੁਲਜ਼ਮ ਦੇ ਟਰੈਵਲ ਏਜੰਸੀ ਦੇ ਲਾਇਸੈਂਸ ਨੂੰ ਸਸਪੈਂਡ ਕਰ ਚੁੱਕਾ ਹੈ। ਉਥੇ ਹੀ ਕਈ ਮਾਮਲਿਆਂ ਨੂੰ ਕਮਿਸ਼ਨਰੇਟ ਪੁਲਸ ਨੇ ਕੁਝ ਹੀ ਦਿਨਾਂ 'ਚ ਸੁਲਝਾ ਕੇ ਦਿਖਾਇਆ। ਸ਼ਾਸਤਰੀ ਮਾਰਕੀਟ ਚੌਕ ਕੋਲ ਹੋਏ ਸਿਹਰਾ ਮਰਡਰ ਕੇਸ 'ਚ ਪੁਲਸ ਨੇ ਤੁਰੰਤ ਐਕਸ਼ਨ 'ਚ ਆਉਂਦਿਆਂ ਸਾਰੇ ਮੁਲਜ਼ਮਾਂ ਨੂੰ ਜੇਲ 'ਚ ਪਹੁੰਚਾਇਆ। ਪੁਲਸ ਨੇ ਇਸ ਮਾਮਲੇ 'ਚ ਸਿਆਸੀ ਦਬਾਅ ਨੂੰ ਵੀ ਨਹੀਂ ਮੰਨਿਆ। ਉਥੇ ਸ਼ਹਿਰ 'ਚ ਹੋਈਆਂ ਕਈ ਵਾਰਦਾਤਾਂ ਨੂੰ ਸੁਲਝਾਉਣ 'ਚ ਸੀ. ਆਈ. ਏ.-1 ਪੁਲਸ ਕਮਿਸ਼ਨਰ ਦੀਆਂ ਉਮੀਦਾਂ 'ਤੇ ਖਰਾ ਉੱਤਰਿਆ। ਸੀ. ਆਈ. ਏ.-1 ਨੇ ਕਈ ਸਮੱਗਲਰਾਂ ਨੂੰ ਦੂਜੇ ਸੂਬਿਆਂ ਤੋਂ ਵੀ ਕਾਬੂ ਕੀਤਾ ਅਤੇ ਪਾਕਿਸਤਾਨ ਤੋਂ ਭਾਰਤ 'ਚ ਹੋ ਰਹੀ ਡਰੱਗ ਸਮੱਗਲਿੰਗ ਦੇ ਨੈੱਟਵਰਕ ਨੂੰ ਵੀ ਉਜਾਗਰ ਕੀਤਾ। ਸੀ. ਆਈ. ਏ.-1 ਦੇ ਹਰਮਿੰਦਰ ਸਿੰਘ ਨੇ ਇਨ੍ਹਾਂ ਕੇਸਾਂ ਨੂੰ ਸੁਲਝਾਉਣ 'ਚ ਅਹਿਮ ਭੂਮਿਕਾ ਨਿਭਾਈ।

ਮਹਾਨਗਰ 'ਚ ਵਧੀ ਸ਼ਰਾਬ ਸਮੱਗਲਰਾਂ ਦੀ ਗਿਣਤੀ
2019 'ਚ ਸ਼ਹਿਰ 'ਚ ਸ਼ਰਾਬ ਸਮੱਗਲਰਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ 'ਚ ਪਰਚੂਨ 'ਚ ਸ਼ਰਾਬ ਵੇਚਣ ਵਾਲੇ ਸਮੱਗਲਰ ਸ਼ਾਮਲ ਹਨ। ਕਮਿਸ਼ਨਰੇਟ ਪੁਲਸ ਨੇ ਕਈ ਵੱਡੇ ਸਮੱਗਲਰਾਂ ਨੂੰ ਵੀ ਲਗਾਮ ਪਾਈ। ਕਈ ਮਾਮਲਿਆਂ 'ਚ ਨਾਜਾਇਜ਼ ਸ਼ਰਾਬ ਦੀਆਂ ਸੈਂਕੜੇ ਪੇਟੀਆਂ ਬਰਾਮਦ ਕੀਤੀਆਂ ਗਈਆਂ। ਰਾਮਾ ਮੰਡੀ 'ਚ ਐੱਸ. ਐੱਚ. ਓ. ਦਾ ਚਾਰਜ ਸੰਭਾਲਦਿਆਂ ਹੀ ਸੁਲੱਖਣ ਸਿੰਘ ਨੇ ਇਕ ਵੱਡੇ ਸਮੱਗਲਰ ਨੂੰ ਨੱਥ ਪਾਈ ਪਰ ਸਿਆਸੀ ਦਬਾਅ ਕਾਰਨ ਕਈ ਸਮੱਗਲਰ ਕਾਨੂੰਨ ਦੀ ਪਹੁੰਚ 'ਚ ਆ ਕੇ ਵੀ ਬਚ ਨਿਕਲੇ। ਸੂਤਰਾਂ ਦੀ ਮੰਨੀਏ ਤਾਂ ਅਜਿਹੇ ਸ਼ਰਾਬ ਸਮੱਗਲਰਾਂ 'ਤੇ ਜਲਦੀ ਹੀ ਪੁਲਸ ਕਮਿਸਨਰ ਵੱਲੋਂ ਕੀਤੇ ਗਏ ਹੁਕਮਾਂ ਨਾਲ ਵੱਡੀ ਗਾਜ ਡਿੱਗ ਸਕਦੀ ਹੈ।

2019 'ਚ ਕਮਿਸ਼ਨਰੇਟ ਪੁਲਸ 'ਚ ਸਾਹਿਬਾਂ ਦੀ ਗਿਣਤੀ 'ਚ ਵੀ ਹੋਇਆ ਵਾਧਾ
2019 'ਚ ਕਮਿਸ਼ਨਰੇਟ ਪੁਲਸ 'ਚ ਸਾਹਿਬਾਂ ਦੀ ਗਿਣਤੀ 'ਚ ਵੀ ਵਾਧਾ ਹੋਇਆ ਹੈ। ਇਹ ਵਾਧਾ ਡੀ. ਸੀ. ਪੀ. ਰੈਂਕ ਤੋਂ ਲੈ ਕੇ ਏ. ਸੀ. ਪੀ. ਰੈਂਕ ਤੱਕ ਹੋਇਆ ਹੈ। ਗਿਣਤੀ 'ਚ ਹੋਇਆ ਵਾਧਾ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਦੇ ਨਾਲ ਹੀ ਕਮਿਸ਼ਨਰੇਟ ਵਿਚ ਦਫਤਰ ਅਲਾਟ ਹੋਣ ਨੂੰ ਲੈ ਕੇ ਵੀ ਸਾਹਿਬਾਂ ਵਿਚ ਖਿੱਚੋਤਾਣ ਚਰਚਾ 'ਚ ਰਹੀ। ਪੁਲਸ ਕਮਿਸ਼ਨਰੇਟ 'ਚ ਆਉਣ ਵਾਲੇ ਸ਼ਿਕਾਇਤਕਰਤਾ ਵੀ ਕਈ ਵਾਰ ਇਸ ਸੋਚ 'ਚ ਪੈ ਜਾਂਦੇ ਹਨ ਕਿਹੜੇ ਸਾਹਿਬ ਕੋਲ ਜਾਣ ਤਾਂ ਜੋ ਉਨ੍ਹਾਂ ਦਾ ਬੇੜਾ ਪਾਰ ਲੱਗੇ।

ਰਾਮਾ ਮੰਡੀ ਅਤੇ ਪੀ. ਏ. ਪੀ. ਫਲਾਈਓਵਰ ਬਣਨ ਨਾਲ ਵੀ ਟਰੈਫਿਕ ਨੂੰ ਮਿਲੀ ਨਵੀਂ ਰਾਹਤ
ਰਾਮਾ ਮੰਡੀ ਅਤੇ ਪੀ. ਏ. ਪੀ. ਫਲਾਈਓਵਰ ਬਣਨ ਨਾਲ ਵੀ ਟਰੈਫਿਕ ਨੂੰ ਇਕ ਨਵੀਂ ਰਾਹਤ ਮਿਲੀ ਹੈ, ਜਿਸ ਨਾਲ ਟਰੈਫਿਕ ਸਮੱਸਿਆ 'ਚ ਕਮੀ ਆਈ ਹੈ। ਜਿਸ ਦੌਰਾਨ ਆਉਣ ਵਾਲੀਆਂ ਕਮੀਆਂ ਨੂੰ ਦੂਰ ਕਰਨ ਲਈ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਡੀ. ਸੀ. ਵਰਿੰਦਰ ਸ਼ਰਮਾ ਅਕਸਰ ਫੀਲਡ 'ਚ ਉੱਤਰਦੇ ਰਹੇ। ਸਾਈਨ ਬੋਰਡ ਲਾਏ ਜਾਣੇ ਯਕੀਨੀ ਬਣਾਉਣ ਲਈ ਡੀ. ਸੀ. ਪੀ. ਨਰੇਸ਼ ਡੋਗਰਾ ਨੇ ਅਹਿਮ ਭੂਮਿਕਾ ਨਿਭਾਈ। ਭਾਵੇਂ ਅਜੇ ਵੀ ਰਾਤ ਦੇ ਸਮੇਂ ਪੀ. ਏ. ਪੀ. ਤੋਂ ਰਾਮਾ ਮੰਡੀ ਵੱਲ ਜਾਂਦੇ ਹੋਏ ਭੂਰ ਮੰਡੀ 'ਚ ਸੜਕ 'ਤੇ ਖੜ੍ਹੇ ਵਾਹਨਾਂ ਨਾਲ ਜਾਮ ਲੱਗ ਜਾਂਦਾ ਹੈ। ਟਰੈਫਿਕ ਪੁਲਸ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।


shivani attri

Content Editor

Related News