2018 ਦੀ ਸਿਆਸਤ ''ਚ ਛਾਏ ਇਹ ਮੁੱਦੇ, 2019 ''ਚ ਵੀ ਬਟੋਰਨਗੇ ਸੁਰਖੀਆਂ

12/30/2018 6:58:10 PM

ਜਲੰਧਰ : ਸਾਲ 2018 ਆਪਣੇ ਆਖਰੀ ਪੜਾਅ ਵਿਚ ਹੈ। ਜੇ ਸਿਆਸਤ ਦੀ ਗੱਲ ਕਰੀਏ ਤਾਂ 2018 ਵਿਚ ਕਈ ਮੁੱਦੇ ਅਜਿਹੇ ਵੀ ਸਨ ਜਿਨ੍ਹਾਂ ਨੇ ਪੂਰਾ ਸਾਲ ਪੰਜਾਬ ਦਾ ਸਿਆਸੀ ਪਾਰਾ ਭਖਾਈ ਰੱਖਿਆ। 2018 ਹੀ ਨਹੀਂ ਇਹ ਮੁੱਦੇ 2019 ਵਿਚ ਪੂਰੀ ਤਰ੍ਹਾਂ ਛਾਏ ਰਹਿਣ ਦੀ ਉਮੀਦ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਮੁੱਦਿਆਂ ਬਾਰੇ ਜਾਣੂੰ ਕਰਵਾਵਾਂਗੇ ਜਿਹੜੇ 2019 ਦੀ ਸਿਆਸਤ ਨੂੰ ਪ੍ਰਭਾਵਤ ਕਰਨਗੇ। 

PunjabKesari
ਕਰਤਾਰਪੁਰ ਕੋਰੀਡੋਰ 
ਸਭ ਦੀਆਂ ਨਜ਼ਰਾਂ ਡੇਰਾ ਬਾਬਾ ਨਾਨਕ ਤੋਂ ਲੈ ਕੇ ਪਾਕਿਸਤਾਨ ਵਾਲੇ ਪਾਸੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ 'ਤੇ ਟਿਕੀਆਂ ਹੋਈਆਂ ਹਨ। ਸਿੱਖ ਸੰਗਤ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਕਰਤਾਰਪੁਰ ਲਾਂਘੇ ਦੇ ਖੁੱਲ੍ਹਣ ਦੀ ਉਡੀਕ ਵਿਚ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਲਾਂਘੇ ਨੂੰ ਖੋਲ੍ਹਣ ਲਈ ਸਹਿਮਤੀ ਪ੍ਰਗਟਾ ਦਿੱਤੀ ਹੈ ਅਤੇ ਦੋਵਾਂ ਨੇ ਆਪੋ-ਆਪਣੇ ਪਾਸੇ ਲਾਂਘੇ ਲਈ ਨੀਂਹ ਪੱਥਰ ਵੀ ਰੱਖ ਦਿੱਤਾ ਹੈ। 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਸਿੱਖ ਸੰਗਤ ਇਸ ਉਮੀਦ 'ਚ ਹੈ ਕਿ ਉਹ ਬਿਨਾਂ ਵੀਜ਼ਾ ਦੇ ਪਾਕਿਸਤਾਨ ਜਾ ਕੇ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਦੀਦਾਰੇ ਕਰ ਸਕੇ। 

PunjabKesari
ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ
2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਆ ਰਿਹਾ ਹੈ ਅਤੇ ਗੁਰੂ ਸਾਹਿਬ ਦੇ ਜਨਮ ਦਿਹਾੜੇ ਨੂੰ ਜੋਸ਼ੋ-ਖਰੋਸ਼ ਨਾਲ ਮਨਾਉਣ ਲਈ ਪੰਜਾਬ ਸਰਕਾਰ ਹੀ ਨਹੀਂ ਸਗੋਂ ਕੇਂਦਰ ਸਰਕਾਰ ਵੀ ਪੱਬਾਂ ਭਾਰ ਹੋਈ ਹੈ। ਕੇਂਦਰ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਨੂੰ ਇਕ ਵਿਰਾਸਤੀ ਸ਼ਹਿਰ ਦੇ ਰੂਪ ਵਿਚ ਵਿਕਸਤ ਕਰਨ ਦੀ ਯੋਜਨਾ ਉਲੀਕੀ ਹੈ ਜਦਕਿ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ, ਡੇਰਾ ਬਾਬਾ ਨਾਨਕ ਅਤੇ ਬਟਾਲਾ ਨੂੰ 150 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕਰਨ ਦੀਆਂ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ। 

PunjabKesari
ਜਲਿਆਂਵਾਲਾ ਬਾਗ ਦੀ ਇਮਾਰਤ
13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਹੋਏ ਕਤਲ ਕਾਂਡ ਦੇ 2019 ਵਿਚ 100 ਸਾਲ ਪੂਰੇ ਹੋ ਰਹੇ ਹਨ। ਕਤਲੇਆਮ ਦੀ ਸ਼ਤਾਬਦੀ ਦੇ ਨਿਸ਼ਾਨ ਉਸਾਰਨ ਅਤੇ ਜਲਿਆਂਵਾਲਾ ਬਾਗ ਦੀ ਨਵੀਂ ਇਮਾਰਤ ਤੇ ਬਾਗ ਨੂੰ ਨਵਾਂ ਰੂਪ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਇਸ ਲਈ ਕਈ ਸਮਾਗਮ ਵੀ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਸੈਰ ਸਪਾਟਾ ਮੰਤਰੀ ਨਵਜੋਤ ਸਿੱਧੂ ਬਕਾਇਦਾ ਕੇਂਦਰ ਸਰਕਾਰ ਕੋਲੋਂ ਗ੍ਰਾਂਟ ਦੀ ਮੰਗ ਕਰ ਚੁੱਕੇ ਹਨ। 

PunjabKesari
ਸੁਖਪਾਲ ਖਹਿਰਾ ਦੀ ਨਵੀਂ ਪਾਰਟੀ
ਖੁਦ ਮੁਖਤਿਆਰੀ ਦੀ ਮੰਗ ਨੂੰ ਲੈ ਕੇ ਪਾਰਟੀ 'ਚੋਂ ਮੁਅੱਤਲ ਕੀਤੇ ਗਏ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਖਹਿਰਾ 2019 ਵਿਚ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਸਨ। ਭਾਵੇਂ ਖਹਿਰਾ ਧੜੇ 'ਚ ਮੌਜੂਦ ਇਕ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਮੁੜ ਕੇਜਰੀਵਾਲ ਖੇਮੇ ਵਿਚ ਵਾਪਸ ਚਲਾ ਗਿਆ ਹੈ ਪਰ ਅਜੇ ਵੀ ਖਹਿਰਾ ਨੂੰ 7 ਵਿਧਾਇਕਾਂ ਦਾ ਸਮਰਥਨ ਹਾਸਲ ਹੈ ਅਤੇ ਕਿਆਸ ਲਗਾਏ ਜਾ ਰਹੇ ਹਨ ਕਿ 2019 ਦੇ ਚੜ੍ਹਦੇ ਹੀ ਖਹਿਰਾ ਨਵੇਂ ਧਿਰ ਦਾ ਐਲਾਨ ਕਰ ਸਕਦੇ ਹਨ। 

PunjabKesari
ਨਵੇਂ ਡੀ. ਜੀ. ਪੀ. ਦੀ ਨਿਯੁਕਤੀ
ਪੰਜਾਬ ਦੇ ਮੌਜੂਦਾ ਡੀ. ਜੀ. ਪੀ. ਸੁਰੇਸ਼ ਅਰੋੜ ਦਾ ਕਾਰਜਕਾਲ 31 ਜਨਵਰੀ 2019 ਨੂੰ ਖਤਮ ਹੋਣ ਜਾ ਰਿਹਾ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਡੀ. ਜੀ. ਪੀ. ਸੁਰੇਸ਼ ਅਰੋੜਾ ਦੇ ਕਾਰਜਕਾਲ ਦੀ ਮਿਆਦ ਇਕ ਵਾਰ ਫਿਰ ਵਧਾਈ ਜਾਂਦੀ ਹੈ ਜਾਂ ਫਿਰ ਨਵੇਂ ਡੀ. ਜੀ. ਪੀ. ਦੀ ਨਿਯੁਕਤ ਕੀਤੀ ਜਾਂਦੀ ਹੈ। ਉਂਝ ਮੁਹੰਮਦ ਮੁਸਤਫਾ ਅਤੇ ਦਿਨਕਰ ਗੁਪਤਾ ਡੀ. ਜੀ. ਪੀ. ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ। 

PunjabKesari
ਸ਼ਾਹਪੁਰ ਕੰਡੀ ਡੈਮ ਪ੍ਰੋਜੈਕਟ
2013 ਵਿਚ ਬੰਦ ਹੋਏ ਰਾਵੀ ਪ੍ਰੋਜੈਕਟ ਦੇ ਕੰਮ ਦੀ ਮੁੜ ਸ਼ੁਰੂ ਹੋਣ ਦੀ ਉਮੀਦ ਹੈ। ਇਸ ਲਈ ਕੇਂਦਰ ਨੇ ਮਨਜ਼ੂਰੀ ਦੇਣ ਦੇ ਨਾਲ ਨਾਲ 485 ਕਰੋੜ ਦੀ ਗ੍ਰਾਂਟ ਵੀ ਜਾਰੀ ਕੀਤੀ ਹੈ। ਇਸ ਨਾਲ ਨਾ ਸਿਰਫ 32,000 ਹੈਕਟੇਅਰ ਬਿਜਲੀ ਪੈਦਾ ਕਰਨ ਵਿਚ ਮਦਦ ਕਰੇਗਾ ਸਗੋਂ ਪਾਕਿਸਤਾਨ ਵਾਲੇ ਪਾਸੇ ਜਾਣ ਵਾਲੇ ਰਾਵੀ ਦੇ ਪਾਣੀ ਦੇ ਪੱਧਰ ਦੀ ਵੀ ਜਾਂਚ ਕਰੇਗਾ। 

PunjabKesari
ਪੰਜਾਬ ਦੀਆਂ ਜੇਲਾਂ ਦਾ ਸੁਧਾਰ
ਪੰਜਾਬ ਦੀਆਂ ਜੇਲਾਂ ਨਸ਼ਾ ਸਮੱਗਲਿੰਗ, ਮੋਬਾਇਲ ਫੋਨਾਂ ਦੀ ਵਰਤੋਂ ਅਤੇ ਹੋਰ ਰੈਕਟਾਂ ਕਰਕੇ ਬਦਨਾਮ ਹਨ। ਪੰਜਾਬ ਸਰਕਾਰ ਜੇਲਾਂ ਵਿਚ ਹੁੰਦੀ ਮੋਬਾਇਲ ਫੋਨ ਦੀ ਵਰਤੋਂ ਰੋਕਣ ਲਈ 5ਜੀ ਜੈਮਰ ਲਗਾਉਣ ਦੀ ਯੋਜਨਾ ਬਣਾ ਰਹੀ ਹੈ। 
ਇਸ ਦੇ ਨਾਲ ਜੇਲਾਂ ਵਿਚ ਬੰਦ ਗੈਂਗਸਟਰਾਂ ਅਤੇ ਵਿਦੇਸ਼ੀ ਤਸਕਰਾਂ ਨੂੰ ਵੱਖਰੇ ਤੌਰ 'ਤੇ ਰੱਖਣ ਦੀ ਯੋਜਨਾ ਵੀ ਆਉਣ ਵਾਲੇ ਸਾਲ ਅਮਲੀ ਜਾਮਾ ਪਹਿਨ ਸਕਦੀ ਹੈ।


Gurminder Singh

Content Editor

Related News