ਵਰਲਡ ਪੁਲਸ ਐਂਡ ਫਾਇਰ ਗੇਮਜ਼ : 'ਜਸਪ੍ਰੀਤ ਨੇ ਪ੍ਰਾਪਤ ਕੀਤੇ ਸੋਨ, ਸਿਲਵਰ ਤੇ ਬ੍ਰਾਊਨ ਤਗਮੇ'

08/21/2017 2:55:13 PM

ਝਬਾਲ (ਹਰਬੰਸ ਲਾਲੂਘੁੰਮਣ)— ਅਮਰੀਕਾ ਦੇ ਲਾਸ ਏਂਜਲਸ ਵਿਖੇ ਚੱਲ ਰਹੇ ਵਰਲਡ ਪੁਲਸ ਐਂਡ ਫਾਇਰ ਗੇਮਜ਼ 'ਚ ਪੰਜਾਬ ਪੁਲਸ ਦੀ ਖਿਡਾਰਨ ਜਸਪ੍ਰੀਤ ਕੌਰ ਨੇ ਦੋ ਸੋਨ, ਇਕ ਸਿਲਵਰ ਅਤੇ ਇਕ ਬ੍ਰਾਊਨ ਤਗਮੇ ਪ੍ਰਾਪਤ ਕਰਕੇ ਜਿੱਥੇ ਪੂਰੀ ਦੁਨੀਆਂ 'ਚ ਪੰਜਾਬ ਪੁਲਸ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਇਸ ਪ੍ਰਾਪਤੀ ਨਾਲ ਜ਼ਿਲਾ ਤਰਨਤਾਰਨ ਦੇ ਪਿੰਡ ਐਮਾਂ ਕਲਾਂ ਵਿਚ ਖੁਸ਼ੀ ਦੀ ਭਾਰੀ ਲਹਿਰ ਪਾਈ ਜਾ ਰਹੀ ਹੈ। ਜ਼ਿਲਾ ਤਰਨਤਾਰਨ ਦੇ ਪਿੰਡ ਐਮਾਂ ਕਲਾਂ ਦੇ ਸਰਪੰਚ ਹਰਜੀਤ ਸਿੰਘ ਦੀ ਬੇਟੀ ਜਸਪ੍ਰੀਤ ਕੌਰ ਸਾਲ 2011 ਵਿਚ ਪੰਜਾਬ ਪੁਲਸ ਵਿਚ ਭਰਤੀ ਹੋਈ ਸੀ, ਜਿਸ ਨੇ ਸ਼ੁਰੂ ਤੋਂ ਹੀ ਖੇਡਾਂ ਵਿਚ ਦਿਲਚਸਪੀ ਰੱਖਦਿਆਂ ਕਈ ਮੁਕਾਬਲਿਆਂ ਵਿਚ ਭਾਗ ਲਏ ਅਤੇ ਨੈਸ਼ਨਲ ਗੇਮਜ਼ ਵਿਚ ਚਾਂਦੀ ਅਤੇ ਆਲ ਇੰਡੀਆ ਪੁਲਸ ਖੇਡਾਂ ਵਿਚ ਤਿੰਨ ਸੋਨ ਤਗਮੇ ਹਾਸਲ ਕੀਤੇ। ਇਸ ਵਾਰ ਅਮਰੀਕਾ ਵਿਖੇ ਕਰਵਾਏ ਜਾ ਰਹੇ ਵਿਸ਼ਵ ਪੁਲਸ ਖੇਡਾਂ ਦੌਰਾਨ ਪੰਜਾਬ ਪੁਲਸ ਦੀ ਹੋਣਹਾਰ ਇਸ ਖਿਡਾਰਨ ਜਸਪ੍ਰੀਤ ਕੌਰ ਨੇ 300 ਮੀਟਰ ਬਿਗ ਬੋਰ ਰਾਈਫਲ ਪਰੋਨ ਮੁਕਾਬਲੇ ਵਿਚ ਇਤਿਹਾਸਕ ਜਿੱਤ ਦਰਜ ਕਰਵਾਉਂਦਿਆਂ ਸੋਨ ਤਗਮਾ ਪ੍ਰਾਪਤ ਕੀਤਾ। ਜਦੋਂ ਕਿ 50 ਮੀਟਰ ਰਾਈਫਲ 3 ਪੀ ਮੁਕਾਬਲੇ ਵਿਚ ਵੀ ਗੋਲਡ ਮੈਡਲ ਅਤੇ 50 ਮੀਟਰ ਰਾਈਫਲ ਪਰੋਨ ਮੁਕਾਬਲੇ ਵਿਚ ਬ੍ਰਾਊਨ ਮੈਡਲ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬਿਗ ਬੋਰ ਰਾਈਫਲ ਕ੍ਰਮਵਾਰ 600-500-300 ਮੁਕਾਬਲੇ ਵਿਚ ਵੀ ਸਿਲਵਰ ਮੈਡਲ ਹਾਸਲ ਕੀਤਾ ਹੈ। ਇਸ ਪ੍ਰਾਪਤੀ ਨੂੰ ਲੈ ਕੇ ਜਿੱਥੇ ਪੰਜਾਬ ਪੁਲਸ ਦਾ ਸਿਰ ਪੂਰੀ ਦੁਨੀਆ ਵਿਚ ਹੋਰ ਉੱਚਾ ਹੋ ਗਿਆ ਹੈ, ਉਥੇ ਹੀ ਜਸਪ੍ਰੀਤ ਕੌਰ ਦੇ ਪਿੰਡ ਐਮਾਂ ਕਲਾਂ ਵਿਚ ਵੀ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ। ਸਰਪੰਚ ਹਰਜੀਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਧੀ 'ਤੇ ਬਹੁਤ ਫਖ਼ਰ ਮਹਿਸੂਸ ਹੋ ਰਿਹਾ ਹੈ ਅਤੇ ਜਦੋਂ ਤੋਂ ਅਮਰੀਕਾ ਵਿਚ ਜਸਪ੍ਰੀਤ ਕੌਰ ਨੇ ਜਿੱਤ ਦੇ ਝੰਡੇ ਗੱਡੇ ਹਨ, ਉਦੋਂ ਤੋਂ ਹੀ ਉਨ੍ਹਾਂ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗਾ ਹੋਇਆ ਹੈ। ਜ਼ਿਕਰਯੋਗ ਹੈ ਕਿ ਜਸਪ੍ਰੀਤ ਕੌਰ ਅਜੇ ਅਮਰੀਕਾ ਵਿਚ ਹੀ ਹੈ ਜਿਨ੍ਹਾਂ ਦਾ ਭਾਰਤ ਪਹੁੰਚਣ 'ਤੇ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸਵਾਗਤ ਕੀਤਾ ਜਾਵੇਗਾ, ਉਥੇ ਹੀ ਪਿੰਡ ਐਮਾਂ ਕਲਾਂ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ।


Related News