ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

Friday, May 15, 2020 - 05:06 PM (IST)

ਅਕਾਲ ਰੂਪ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ: ਲੜੀਵਾਰ ਬਿਰਤਾਂਤ

ਕਿਸ਼ਤ ਅੱਠਾਈਵੀਂ

ਸੁਪਨਾ ਅਤੇ ਮਹਿਤਾ ਕਾਲੂ ਜੀ ਦੇ ਪਿਛਲੇ ਜਨਮ ਦਾ ਪ੍ਰਸੰਗ

ਦਿੱਬ ਮੂਰਤੀ— ਕਾਲੂ ! ਤੂੰ ਜਾਣ, ਤੂੰ ਕੀ ਮੰਗਦਾ ਹੈਂ, ਤਪ ਕਰਨੇ ਤੇ ਮੰਗਾਂ ਮੰਗਣੀਆਂ ਸੌਖੀਆਂ ਹਨ, ਪਰ ਜੋ ਮੰਗ ਮੰਗਣੀ ਹੈ, ਉਸ ਦਾ ਅੰਤ ਵਿਚਾਰਨਾ ਤੇ ਆਤਮ ਸੁਖ ਵਿਚ ਅੱਪੜਨਾ, ਇਹ ਕੰਮ ਔਖੇਰਾ ਹੈ, ਅੱਛਾ ਕਾਲੂ ! ਇਕ ਵਾਰ ਫੇਰ ਵਿਚਾਰ ਲੈ।
ਕਾਲੂ— ਤੁੱਠੇ ਹੋ ਤਾਂ ਮਨ ਦੇ ਮਨੋਰਥ ਦੇ ਦਿਓ, ਮੈਥੋਂ ਉੱਚਾ ਨਹੀਂ ਉਠਿਆ ਜਾਂਦਾ, ਮੈਂ ਇੱਥੇ ਹੀ ਰਹਾਂ, ਓਹ ਏਥੇ ਆਵੇ, ਉਸ ਤੋਂ ਕਲਯਾਨ ਲੈਸਾਂ। ਉਹ ਆਵਸੀ ਤਾਂ ਸਾਰਾ ਜਗਤ ਤੱਕਸੀ, ਅਨੇਕਾਂ ਦੀ ਕਲਯਾਨ ਹੋਸੀ, ਮੈਂ ਉੱਚਾ ਉੱਠਸਾਂ ਤਾਂ ਮੇਰੇ ਇਕੱਲੇ ਦੀ ਕਲਯਾਨ ਹੋਸੀ।
ਦਿੱਬ ਮੂਰਤੀ— ਦੇਖ ! ਇਹ ਠੀਕ ਆਖਿਆ ਹਈ, ਪਰ ਤੂੰ ਭਗਤੀ ਕਰ, ਹਨੇਰਾ ਦੂਰ ਹੋਵੇ, ਫੇਰ ਮਿਲ ਜੋ ਠੰਢ ਪਵੇ। ਤਪਾਂ ਨਾਲ ਕੁਛ ਤਮੋ ਹੀ ਵਧਦੀ ਹੈ, ਏਕਾਗ੍ਰਤਾ ਤਾਂ ਆ ਜਾਂਦੀ ਹੈ, ਪਰ ਸਤੋਗੁਣ ਦਾ ਸੁਖ ਨਹੀਂ ਮਿਲਦਾ।
ਕਾਲੂ— ਹੁਣ ਮੈਂ ਥੱਕ ਗਿਆ ਹਾਂ, ਨਾ ਤਾਂ ਹੁਣ ਤਪ ਹੋ ਸਕਣਾ ਹੈ ਅੱਗੇ ਵਾਂਙੂ ਤੇ ਨਾ ਹੋ ਸਕਣੀ ਹੈ ਭਗਤੀ। ਸੋ ਜੇ ਤਰੁੱਠੇ ਹੋ ਤਾਂ ਵਰ ਦਿਓ।
ਦਿੱਬ ਮੂਰਤੀ— ਤਥਾਅਸਤੂ— ਹੋਵੇ ਜੋ ਕੁਛ ਤੇਰੀ ਇੱਛਯਾ ਹੈ।
ਇਹ ਕਹਿਕੇ ਉਹ ਦਿੱਬ ਮੂਰਤਿ ਗੁੰਮ ਹੋ ਗਈ, ਬਾਬਾ ਤਪੱਸ੍ਵੀ ਜੀ ਦੇ ਬੀ ਨੈਣ ਖੁਲ੍ਹੇ, ਇਸ ਵੇਲੇ ਦੁਪਹਿਰਾਂ ਹੋ ਚੁੱਕੀਆਂ ਸਨ ਤੇ ਬੱਦਲਾਂ ਤੋਂ ਕਿਣ—ਮਿਣ ਜਾਰੀ ਸੀ, ਪਰ ਐਨੀ ਨਹੀਂ ਸੀ ਕਿ ਗੋਦੜੀ ਭਿੱਜ ਜਾਂਦੀ। ਆਪ ਸਨੇ ਸਨੇ ਆਪਣੀ ਕੁਟੀਆ ਵਲ ਆ ਗਏ ਤੇ ਲੱਗੇ ਸੋਚਣ ਕਿ ਮੈਂ ਭਲੀ ਮੰਗ ਮੰਗੀ ਹੈ, ਅਰ ਵਰ ਮਿਲ ਭੀ ਗਿਆ ਹੈ, ਹੁਣ ਕਾਜ ਸੰਵਰ ਗਿਆ। ਇੰਨੇ ਨੂੰ ਆਪ ਦੇ ਸਿਖਯਾ ਦਾਤਾ ਸਾਧੂ ਜੀ ਆ ਗਏ। ਵਰ ਪ੍ਰਾਪਤੀ ਦੀ ਵਿਥਿਆ ਸੁਣ ਕੇ ਬੋਲੇ, ਕਾਲੂ ! ਜੇ ਤੇਰੀ ਥਾਵੇਂ ਮੈਂ ਏਡਾ ਸੁਭਾਗਾ ਹੁੰਦਾ ਤਾਂ ਮੈਂ ਆਪਣੇ ਮਨ ਦੇ ਮਗਰ ਨਾ ਲੱਗਦਾ, ਮੈਂ ਉਹਨਾਂ ਦੀ ਸਿੱਖਯਾ ਦੇ ਮਗਰ ਲੱਗਦਾ। ਮਹਾਂ ਜਯੋਤੀਆਂ ਤੇ ਮਹਾਂ ਪੁਰਖਾਂ ਦੇ ਬਚਨ ਮੰਨਦੇ ਕਲਯਾਣ ਰੂਪ ਹਨ, ਔਖੇਰੇ ਹਨ, ਪਰ ਸੁਖ ਉਹਨਾਂ ਦੇ ਮੰਨਣ ਵਿਚ ਹੈ, ਆਪਣੀ ਮੰਗ ਉਸ ਵੇਲੇ ਨਹੀਂ ਚਾਹੀਦੀ, ਅਸੀਂ ਭੁੱਲਣਹਾਰ ਹਾਂ। ਸੁਖ ਆਗਯਾ ਮੰਨਣ ਵਿੱਚ ਹੁੰਦਾ ਹੈ।
ਤਪੱਸ੍ਵੀ— ਜੀ ਮੈਂ ਤਾਂ ਮੰਗ ਚੁੱਕਾ ਜੋ ਮੰਗਣਾ ਸੀ ਤੇ ਅਜੇ ਤਾਂਈਂ ਮੰਗਕੇ ਤੇ ਵਰ ਲੈ ਕੇ ਖੁਸ਼ ਹਾਂ। ਵੇਲਾ ਹੁਣ ਲੰਘ ਚੁੱਕਾ ਹੈ ਤੇ ਹੁਣ ਮੁੜ ਤਪ ਕਿਵੇਂ ਕਰਾਂ? ਸਰੀਰ ਹੁੱਟ ਗਿਆ ਹੈ।
ਸਿਖਯਾ ਦਾਤਾ— ਚੰਗਾ ਬਈ, ਜੋ ਹੋਣਾ ਸੀ ਹੋ ਚੁਕਾ, ਪਰ ਅਜੇ ਬੀ ਇਕ ਵੇਲੇ ਹੈ ਕਿ ਤੂੰ ਕੁਛ ਵਿਚਾਰ ਤੇ ਭਗਤੀ ਕਰ ਲੈ, ਕਿਉਂਕਿ ਵਰ ਪ੍ਰਾਪਤ ਤਾਂ ਤੂੰ ਹੋ ਚੁੱਕਾ ਹੈਂ, ਪਰ ਇਹ ਜੋ ਮਾਇਆ ਪਈ ਰਹਿਣ ਦਾ ਪਤਾ ਦੇ ਗਏ ਹਨ, ਇਸ ਦਾ ਮਤਲਬ ਹੈ ਕਿ ਜਦ ਤੈਨੂੰ ਮਿਲਾਪ ਹੋਵੇਗਾ ਤੂੰ ਹਨੇਰੇ ਵਿਚ ਹੋਵੇਂਗਾ, ਪਛਾਣੇਂਗਾ ਨਹੀਂ। ਬਾਲਕੇ ! ਮਾਇਆ ਪ੍ਰਬਲ ਹੈ, ਡਾਢਾ ਪਰਦਾ ਹੈ ਜੋ ਮੇਲ ਨਹੀਂ ਹੋਣ ਦੇਂਦਾ, ਅਤੇ ਇਹ ਬੜੇ ਸੂਖਮ ਰੂਪ ਧਾਰਦੀ ਹੈ, ਸੋ ਭਗਤੀ ਕਰ ਜੋ ਇਸਦੇ ਮੋਹਣੇ ਜਾਦੂ ਤੋਂ ਬਚੇਂ। ਬਹੂੰ ਨਹੀਂ ਤਾਂ ਕੁਛ ਕਰ ਜੋ ਜਦੇ ਮੇਲਾ ਹੋਵੀ ਪਹਿਲੋਂ ਨਾ ਤਾਂ ਪਿਛੋਂ ਹੀ ਸਹੀ, ਕਦੇ ਤਾਂ ਪਰਦਾ ਲਹੇ ਤੇ ਤੈਨੂੰ ਸੋਝੀ ਪੈ ਜਾਵੇ। ਕੀ ਲਾਭ ਹੈ ਰੱਬ ਦੇ ਮਿਲੇ ਦਾ ਬੀ ਜੇ ਸਾਨੂੰ ਪ੍ਰਤੀਤੀ ਨਾ ਹੋ ਆਵੇ ਕਿ ਇਹ ਰੱਬ ਹੈ। ਹਾਂ, ਜੇ ਪਿਆਰ ਨੇ ਹੁਲਾਰਾ ਨਾ ਖਾਧਾ ਕਿ ਇਹ ਮੇਰਾ ਹੈ ਤੇ ਮਨ ਨੇ ‘ਮੇਰ ਤੇਰ’ ਮਿਟਾ ਕੇ ਉਸੇ ਨਾਲ ਮੇਰ ਨਾ ਪਾਈ, ਉਸ ਸਰੂਪ ਵਿਚ ਵਾਸਾ ਨਾ ਹੋਇਆ ਤਾਂ ਕੀ ਲਾਭ ਪ੍ਰਾਪਤੀ ਦਾ।
ਤਪੱਸ੍ਵੀ (ਤ੍ਰਬਕ ਕੇ)— ਹੈਂ ! ਕੀ ਮੈਨੂੰ ਇਹ ਸਮਝ ਨਾ ਪਊ ਕਿ ਇਹ ਮੇਰਾ ਸਾਂਈਂ ਹੈ?
ਸਿਖਯਾ ਦਾਤਾ— ਜੋ ਕੁਛ ਤੈਨੂੰ ਦਿੱਬ ਮੂਰਤੀ ਨੇ ਕਿਹਾ ਹੈ ਉਸਦਾ ਇਹੋ ਅਰਥ ਹੈ ਕਿ ਮੇਲਾ ਹੋਸੀ, ਪਰ ਤੈਨੂੰ ਹਨੇਰਾ ਪਿਆ ਰਹਿਸੀ। ਇਹ ਹਨੇਰਾ ਉਨ੍ਹਾਂ ਨੇ ਦੱਸਿਆ ਹੈ ਕਿ ਤੇਰਾ ਆਪਣਾ ਹੈ, ਤੇਰੀ ਹਉਂ ਨਹੀਂ ਕੱਟੀ ਗਈ ਅਜੇ। ਸੋ ਬੱਚਾ ! ਤੂੰ ਕਰ ਨਾ ਕਰ, ਤੇਰੀ ਤੁਫੈਲ ਮੈਨੂੰ ਅੱਜ ਸੋਝੀ ਹੋ ਆਈ ਹੈ ਕਿ ਤਪਾਂ ਤੋਂ ਭਗਤੀ ਸਰੇਸ਼ਟ ਹੈ, ਸੋ ਮੈਂ ਤਾਂ ਭਗਤੀ ਕਰਾਂਗਾ ਤੇ ਇਹ ਇਕ ਮੰਗ ਮੰਗਾਂਗਾ ਕਿ ਹੇ ਭਗਵਾਨ ! ਮਿਲ, ਜਿਵੇਂ ਚਾਹੇਂ ਮਿਲ, ਜਦ ਤਰੁੱਠੇ ਮਿਲ, ਪਰ ਇਹ ਦਾਨ ਦੇਹ ਕਿ ਮੈਂ ਸਦਾ ਤੇਰੇ ਪਿਆਰ ਵਿਚ ਰਹਵਾਂ, ਸਦਾ ਤੈਨੂੰ ਲੋਚਦਾ ਰਹਾਂ।
ਤਪੱਸ੍ਵੀ (ਨਿਰਾਸ ਹੋਕੇ)— ਓਹ ਹੋ ! ਮੈਂ ਗੁਸਾਈਂ ਜੀ ! ਨਹੀਂ ਸਮਝਿਆ ਕਿ ਮੇਰ, ਹਨੇਰੇ ਤੇ ਮਾਇਆ ਦੇ ਪੜਦੇ ਦਾ ਕੀ ਅਰਥ ਹੈ? ਮੈਂ ਜਾਤਾ ਕਿ ਬ੍ਰਹਮ ਗਯਾਨੀ ਤੇ ਆਤਮਾ ਦੇ ਅਨੁਭਵ ਵਾਲਾ ਨਾ ਹੋਸਾਂ, ਪਰ ਇਹ ਤਾਂ ਸਮਝਦਾ ਹੋਸਾਂ ਕਿ ਅਪਣੇ ਰੱਬ ਨੂੰ ਮਨੁੱਖ ਜਾਮੇ ਵਿਚ ਰੱਬ ਵੇਖਸਾਂ ਤੇ ਐਉਂ ਪੂਜਸਾਂ ਜਿਵੇਂ ਮੂਰਤੀ—ਪੂਜ, ਮੂਰਤੀ ਨੂੰ ਪੂਜਦੇ ਹਨ। ਓਹ ਪੱਥਰ ਪੂਜਦੇ ਹਨ, ਮੈਂ ਜੀਊਂਦੇ ਨੂੰ ਪੂਜਸਾਂ।
ਸਿੱਖਯਾ ਦਾਤਾ— ਠੀਕ ਹੈ, ਪਰ ਪੁੱਤਰ ! ਤੂੰ ਉਨ੍ਹਾਂ ਦੇ ਵਾਕ ਨੂੰ ਸਮਝਣਾ ਸੀ, ਨਹੀਂ ਤਾਂ ਉਹਨਾਂ ਦੇ ਆਖੇ ਲੱਗਣਾ ਸੀ, ਪਰ ਖ਼ੈਰ ! ਉਹ ਸਮਾਂ ਲੰਘ ਗਿਆ, ਹੁਣ ਹੀ ਹੋਸ਼ ਕਰ ! ਬਾਕੀ ਉਮਰ ਇਸ ਬੇਨਤੀ ਵਿੱਚ ਗੁਜ਼ਾਰ ਕਿ ਹੇ ਦਾਤਾ ! ਜਦ ਤੂੰ ਮਿਲੇਂ, ਆਪ ਮਿਲੇਂ ਕਿ ਆਪਣੇ ਭਗਤ ਦੇ ਰੂਪ ਵਿਚ ਮਿਲੇਂ ਆਦਿ, ਮੱਧ, ਕਿ ਅੰਤ, ਮੇਰਾ ਇਹ ਛੌੜ ਕਿਸੇ ਵੇਲੇ ਜ਼ਰੂਰ ਕਟੀਵੇ ਕਿ ਮੈਂ ਤੈਨੂੰ ਪਛਾਣ ਲਵਾਂ।
ਤਪੱਸ੍ਵੀ— ਸਤਿ ਬਚਨ ! ਪਰ ਸਾਂਈਂ ਜੀਓ, ਇਹ ਮੈਨੂੰ ਵਰ ਪ੍ਰਾਪਤ ਕਦੋਂ ਹੋਸੀ?
ਸਿਖਯਾ ਦਾਤਾ— ਤੂੰ ਤਦੋਂ ਪੁੱਛਿਆ ਨਹੀਂ? ਮੇਰੀ ਜਾਚੇ ਇਹ ਚੋਲਾ ਛੋਡ ਕੇ ਹੋਸੀ। ਇਹ ਚੋਲਾ ਤੇਰਾ ਅਤੀਤ (ਸੰਨਿਆਸ) ਦਾ ਹੈ ਤੇ ਜੋ ਮੰਗ ਤੂੰ ਮੰਗੀ ਹੈ, ਸੋ ਗ੍ਰਿਹਸਤ ਦੇ ਜਾਮੇ ਪੂਰੀ ਹੋ ਸਕਦੀ ਹੈ।
ਇਹ ਕਹਿਕੇ ਸਿਖਯਾ ਦਾਤਾ ਜੀ ‘ਹੇ ਮਾਲਕ’ ‘ਹੇ ਮਾਲਕ’ ਕਰਦੇ ਤੁਰ ਗਏ ਤੇ ਤਪੱਸ੍ਵੀ ਜੀ ਥੱਕੇ ਹੋਣ ਕਰਕੇ ਲੇਟ ਗਏ। ਲੇਟਿਆਂ ਨੇ ਜਾਤਾ ਕਿ ਚੋਲਾ ਛੁਟਣ ਲੱਗਾ ਹੈ, ਸੋ ਸਿਖਯਾ ਦਾਤੇ ਦੀ ਦੱਸੀ ਬੇਨਤੀ ਵਿਚ ਲੀਨ ਹੋ ਗਏ, ਪਰ ਬੇਨਤੀ ਜਾਰੀ ਰਹੀ ਤੇ ਆਪਣੇ ਜਾਣੇ ਤਪੱਸ੍ਵੀ ਜੀ ਮਰ ਗਏ।
                                                 
                                                               ਚਲਦਾ...........                                                                                        
                                                     
ਜਗਜੀਵਨ ਸਿੰਘ (ਡਾ.)


ਫੋਨ: 99143—01328


author

jasbir singh

News Editor

Related News