ਵਿਸ਼ਵ ਧਰਤ ਦਿਵਸ : 50ਵੀਂ ਵਰ੍ਹੇਗੰਢ ’ਤੇ ਵਿਸ਼ੇਸ਼

Wednesday, Apr 22, 2020 - 09:35 AM (IST)

ਵਿਸ਼ਵ ਧਰਤ ਦਿਵਸ : 50ਵੀਂ ਵਰ੍ਹੇਗੰਢ ’ਤੇ ਵਿਸ਼ੇਸ਼

22 ਅਪ੍ਰੈਲ ਦਾ ਦਿਹਾੜਾ ਸੰਸਾਰ ਭਰ ਵਿਚ ਧਰਤ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਸਾਰੇ ਮੁਲਕਾਂ ਵਿਚ ਹਰ ਪੱਧਰ 'ਤੇ ਕੁਝ ਅਜਿਹੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ਕਿ ਵਾਤਾਵਰਨ ਅਤੇ ਧਰਤੀ ਦੀ ਸੰਭਾਲ ਪ੍ਰਤੀ ਨਾਗਰਿਕਾਂ ਦੀ ਚੇਤਨਾ ਵਧ ਸਕੇ ਅਤੇ ਉਹ ਧਰਤੀ ਦੀ ਸੰਭਾਲ ਵਿਚ ਆਪਣਾ ਬਣਦਾ ਯੋਗਦਾਨ ਪਾ ਸਕਣ। ਅਸਲ ਵਿਚ ਧਰਤੀ ਅਤੇ ਇਸ ਦੀ ਸੰਭਾਲ ਐਨਾ ਵੱਡਾ ਮੁੱਦਾ ਹੈ ਕਿ ਇਸ ਕੰਮ ਲਈ ਪੂਰੀ ਮਨੁੱਖਤਾ ਨੂੰ ਇਕ ਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ।

ਇਸ ਵਾਰ ਵਿਸ਼ਵ ਧਰਤ ਦਿਵਸ ਦੀ ਇਕ ਵਿਸ਼ੇਸ਼ ਮਹੱਤਤਾ ਵੀ ਹੈ। ਉਹ ਇਸ ਲਈ ਕਿ ਅਸੀਂ ਇਸ ਸਾਲ ਇਸ ਦਿਵਸ ਦੀ 50ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਾਂ। ਥੋੜ੍ਹਾ ਇਤਿਹਾਸਕ ਪਿਛੋਕੜ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਸ ਦਿਵਸ ਦੀ ਸ਼ੁਰੂਆਤ ਅਮਰੀਕਾ ਵਿੱਚ ਹੋਈ ਸੀ, ਜਦੋਂ ਵਾਤਾਵਰਨੀ ਵਿਗਾੜਾਂ ਤੋਂ ਚਿੰਤਿਤ ਹੋਏ ਅਮਰੀਕੀਆਂ ਨੇ ਇਕੱਠੇ ਹੋ ਕੇ 50ਸਾਲ ਪਹਿਲਾਂ ਬਹੁਤ ਵੱਡੇ ਜਲੂਸ-ਜਲਸੇ ਕੱਢੇ, ਰੈਲੀਆਂ ਕੀਤੀਆਂ ਅਤੇ ਸਰਕਾਰ 'ਤੇ ਦਬਾਅ ਪਾਇਆ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਧਰਤੀ ਅਤੇ ਇਸ ਦੇ ਵਾਤਾਵਰਨ ਦੀ ਸੰਭਾਲ ਕੀਤੀ ਜਾਵੇ। ਉਹ ਲੋਕ, ਜੋ ਉਦੋਂ ਦੀ ਅਮਰੀਕੀ ਵਸੋਂ ਦਾ ਕਰੀਬ 10ਵਾਂ ਹਿੱਸਾ ਸਨ, ਧਰਤੀ ਅਤੇ ਵਾਤਾਵਰਨ ਦੀ ਸੰਭਾਲ ਲਈ ਠੋਸ ਉਪਰਾਲਿਆਂ ਦੀ ਮੰਗ ਕਰ ਰਹੇ ਸਨ।

ਐਨੇ ਵੱਡੇ ਜਨ-ਸਮੂਹ ਦੁਆਰਾ ਚੱਕੀ ਗਈ ਮੰਗ ਨੇ ਅਮਰੀਕਾ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ। ਨਤੀਜਾ ਇਹ ਹੋਇਆ ਕਿ ਛੇਤੀ ਹੀ ਧਰਤੀ ਅਤੇ ਇਸ ਦੇ ਵਾਤਾਵਰਨ ਦੀ ਸੰਭਾਲ ਲਈ ਕਾਨੂੰਨ ਬਣਾਏ ਜਾਣ ਲੱਗੇ। ਕਾਨੂੰਨਾਂ ਤੋਂ ਬਿਨਾ ਅਮਰੀਕਾ ਸਰਕਾਰ ਨੇ ਇੱਕ ਵਾਤਾਵਰਨ ਸੁਰੱਖਿਆ ਏਜੰਸੀ (ਈਪੀਏ) ਦੀ ਸਥਾਪਨਾ ਵੀ ਕੀਤੀ ਤਾਂ ਜੋ ਵਾਤਾਵਰਨੀ ਵਿਗਾੜਾਂ ਕਾਰਨ ਧੁੰਦਲਾ ਹੁੰਦਾ ਦਿਸ ਰਿਹਾ ਲੋਕਾਂ ਦਾ ਭਵਿੱਖ ਕੁਝ ਸੰਭਾਲਿਆ ਜਾ ਸਕੇ।

ਛੇਤੀ ਹੀ ਬਾਕੀ ਦੇ ਦੇਸ਼ਾਂ ਨੇ ਜਨਤਕ ਦਬਾਅ ਮਹਿਸੂਸ ਕਰਦੇ ਹੋਏ ਧਰਤੀ ਦੀ ਸੰਭਾਲ ਲਈ ਕਾਨੂੰਨ ਬਨਾਉਣੇ ਸ਼ੁਰੂ ਕਰ ਦਿੱਤੇ। ਭਾਰਤ ਵਿਚ ਸੰਨ 1972 ਵਿਚ ਵਾਤਾਵਰਨ ਸਬੰਧੀ ਨਿਤੀ-ਨਿਰਧਾਰਨ ਅਤੇ ਯੋਜਨਾਬੰਦੀ ਲਈ ਇੱਕ ਰਾਸ਼ਟਰੀ ਪ੍ਰੀਸ਼ਦ ਸਥਾਪਤ ਕਰ ਦਿੱਤੀ ਗਈ। ਇਹੀ ਪ੍ਰੀਸ਼ਦ ਬਾਅਦ (1985) ਵਿਚ 'ਵਾਤਾਵਰਨ ਅਤੇ ਜੰਗਲਾਤ ਮੰਤਰਾਲਾ' ਬਣੀ ਅਤੇ ਅੱਜਕੱਲ੍ਹ (ਮਈ 2014 ਤੋਂ) ਇਹ 'ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਬਦਲਾਅ ਮੰਤਰਾਲਾ' ਹੈ।  ਭਾਰਤ ਨੇ ਸੰਨ 1972 ਵਿਚ 'ਜੰਗਲੀ ਜੀਵਨ (ਸੁਰੱਖਿਆ) ਕਾਨੂੰਨ' ਅਤੇ ਸੰਨ 1974 ਵਿਚ 'ਪਾਣੀ (ਪ੍ਰਦੂਸ਼ਣ ਦੀ ਰੋਕਥਾਮ ਅਤੇ ਕੰਟਰੋਲ) ਕਾਨੂੰਨ' ਪਾਸ ਕਰ ਦਿੱਤਾ ਸੀ। ਸੰਨ 2016 ਵਿਚ ਇਸੇ ਵਿਸ਼ਵ ਧਰਤ ਦਿਵਸ ਮੌਕੇ 'ਪੈਰਿਸ ਸਮਝੌਤੇ' ਉੱਤੇ ਦੁਨੀਆਂ ਦੇ 195 ਮੁਲਕਾਂ ਨੇ ਸਹੀ ਪਾਈ। ਇਸ ਸਮਝੌਤੇ ਦਾ ਉਦੇਸ਼ ਹੈ - ਜਲਵਾਯੂ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਨੂੰ ਠੱਲ੍ਹਣ ਵਾਸਤੇ ਬਣਦੇ ਉਪਾਅ ਕਰਨਾ। ਇਸ ਵਾਰ ਵਿਸ਼ਵ ਧਰਤ ਦਿਵਸ ਦਾ ਮੁੱਖ ਵਿਸ਼ਾ ਵੀ ਜਲਵਾਯੂ ਤਬਦੀਲੀ ਹੈ।

ਅਸਲ ਵਿਚ ਪੂਰੇ ਬ੍ਰਹਿਮੰਡ ਵਿੱਚ ਕੇਵਲ ਧਰਤੀ ਹੀ ਇਕ ਅਜਿਹਾ ਗ੍ਰਹਿ ਹੈ ਜਿੱਥੇ ਜੀਵਨ ਸੰਭਵ ਹੈ। ਸੂਰਜ ਮੰਡਲ ਦੇ ਬਾਕੀ ਸੱਤ ਗ੍ਰਹਿਆਂ 'ਤੇ ਜੀਵਨ ਦੇ ਪਨਪਣ ਲਈ ਲੋੜੀਂਦੀਆਂ ਹਾਲਤਾਂ ਨਹੀਂ ਹਨ। ਸਾਡੀ ਲਾਪਰਵਾਹੀ ਅਤੇ ਲਾਲਚ ਦਾ ਆਲਮ ਇਹ ਹੋ ਗਿਆ ਹੈ ਕਿ ਅਸੀਂ ਅੱਜ ਇਸ ਧਰਤੀ, ਜਿਸ ਨੂੰ ਭਾਰਤੀ ਸੱਭਿਅਤਾ ਵਿੱਚ 'ਮਾਂ' ਕਿਹਾ ਗਿਆ ਹੈ, ਦੇ ਹਰ ਕੋਨੇ ਅਤੇ ਹਰ ਅੰਸ਼ ਨੂੰ ਪਲੀਤ ਕਰ ਦਿੱਤਾ ਹੈ। ਤੇਜ਼ੀ ਨਾਲ ਹੋ ਰਹੇ ਵਿਨਾਸ਼ਕਾਰੀ ਵਿਕਾਸ, ਆਪੋ-ਧਾਪੀ ਵਾਲੀ ਜ਼ਿੰਦਗੀ, ਸ਼ਹਿਰੀਕਰਨ ਅਤੇ ਉਦਯੋਗੀਕਰਨ ਨੇ ਧਰਤੀ ਮਾਂ ਦਾ ਸੀਨਾ ਛਲਣੀ ਕਰ ਕੇ ਰੱਖ ਦਿੱਤਾ ਹੈ। ਤੇਜ਼ੀ ਨਾਲ ਵਧ ਰਹੀ ਅਬਾਦੀ ਨੇ ਬਲਦੀ ਉੱਤੇ ਘੀ ਦਾ ਕੰਮ ਕੀਤਾ ਹੈ।

ਅੱਜ ਧਰਤੀ ਦਾ ਹਰ ਅੰਸ਼ - ਚਾਹੇ ਉਹ ਹਵਾ ਹੋਵੇ, ਪਾਣੀ ਹੋਵੇ, ਜੰਗਲੀ ਰਕਬਾ ਹੋਵੇ ਜਾਂ ਮਿੱਟੀ ਹੋਵੇ ਪ੍ਰਦੂਸ਼ਿਤ ਹੋਇਆ ਪਿਆ ਹੈ। ਸ਼ਹਿਰੀ ਹਵਾ ਸਾਹ ਲੈਣ ਲਾਇਕ ਨਹੀਂ ਰਹੀ, ਪਾਣੀ ਪੀਣ ਯੋਗ ਨਹੀਂ ਰਿਹਾ। ਮਹਾਂਨਗਰਾਂ ਦੀ ਹਾਲਤ ਤਾਂ ਬਿਆਨ ਕਰਨ ਦੀ ਸੀਮਾ ਵੀ ਪਾਰ ਕਰ ਚੁੱਕੀ ਹੈ। ਵਿਭਿੰਨ ਤਰ੍ਹਾਂ ਦੇ ਪ੍ਰਦੂਸ਼ਣਾਂ ਕਾਰਨ ਸੈਂਕੜੇ ਲੋਕੀ ਤੜਪ ਤੜਪ ਕੇ ਮਰ ਰਹੇ ਹਨ। ਬੱਚੇ ਸਮੇਂ ਤੋਂ ਪਹਿਲਾਂ ਹੀ ਬੁੱਢੇ ਹੋ ਰਹੇ ਹਨ, ਔਰਤਾਂ ਬਾਂਝ ਹੋ ਰਹੀਆਂ ਹਨ। ਸਾਹ, ਦਿਲ ਅਤੇ ਚਮੜੀ ਦੀਆਂ ਬਿਮਾਰੀਆਂ ਰੋਜ਼ਾਨਾ ਜ਼ਿੰਦਗੀ ਦਾ ਅੰਗ ਇਸ ਤਰ੍ਹਾਂ ਬਣ ਗਈਆਂ ਹਨ ਕਿ ਨਵੀਂ ਪੀੜ੍ਹੀ ਨੂੰ ਤਾਂ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਸਭ ਕੁਝ ਗ਼ਲਤ ਹੋ ਰਿਹਾ ਹੈ।

ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੁ ਵਾਲੇ ਸਿਧਾਂਤ ਦੇ ਪਹਿਰੇਦਾਰ ਅਖਵਾਉਂਦੇ ਪੰਜਾਬ ਦੀ ਹਾਲਤ ਵੀ ਕੋਈ ਵਧੀਆ ਨਹੀਂ ਹੈ। ਹਵਾ ਫਿਲਟਰਾਂ ਅਤੇ ਪਾਣੀ ਸਾਫ ਕਰਨ ਵਾਲੀਆਂ ਮਸ਼ੀਨਾਂ ਤੋਂ ਬਿਨਾਂ ਪੰਜ ਪਾਣੀਆਂ ਦੀ ਇਸ ਧਰਤੀ (ਪੰਜਾਬ) 'ਤੇ ਰੋਜ਼ ਬੋਤਲਾਂ 'ਚ ਵਿਕਦਾ ਬੰਦ ਪਾਣੀ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅਸੀਂ ਧਰਤੀ ਮਾਤਾ ਦੇ ਕੁਦਰਤੀ ਸੋਮੇ ਪਲੀਤ ਕਰ ਦਿੱਤੇ ਹਨ। ਕਿਸਾਨਾਂ ਦੇ ਖੂਨ ਅਤੇ ਮਾਵਾਂ ਦੇ ਦੁੱਧ 'ਚ ਕੀਟਨਾਸ਼ਕ ਖਤਰਨਾਕ ਹੱਦ ਤੱਕ ਸਮਾਅ ਚੁੱਕੇ ਹਨ।

ਤ੍ਰਾਸਦੀ ਇਹ ਹੈ ਕਿ ਇਸ ਸਭ ਦਾ ਜ਼ਿੰਮੇਵਾਰ ਇਸ ਧਰਤ ਦਾ ਸਭ ਤੋਂ ਬੁੱਧੀਮਾਨ ਸਮਝਿਆ ਜਾਣ ਵਾਲਾ ਪ੍ਰਾਣੀ ਯਾਨੀ ਕਿ ਮਨੁੱਖ ਹੈ। ਮੌਜੂਦਾ ਕਰੋਨਾ ਮਹਾਂਮਾਰੀ ਕਾਰਨ ਜੇਕਰ ਤਾਲਾਬੰਦੀ ਨਾ ਹੋਈ ਹੁੰਦੀ ਤਾਂ ਅੱਜ ਸ਼ਾਇਦ ਕੋਈ ਹੀ ਵਿਸ਼ਵਾਸ ਕਰ ਸਕਦਾ ਕਿ ਕਦੇ ਐਥੋਂ ਦਾ ਪੌਣ-ਪਾਣੀ ਐਨਾ ਸਾਫ ਹੁੰਦਾ ਸੀ ਕਿ ਜਲੰਧਰ ਖੜ੍ਹ ਕੇ ਦੋ ਸੌ ਕਿਲੋਮੀਟਰ ਦੂਰ ਧੌਲਾਧਰ ਦੇ ਪਹਾੜ ਨੰਗੀ ਅੱਖ ਨਾਲ ਦਿਸ ਜਾਇਆ ਕਰਦੇ ਸਨ, ਕੁਦਰਤ ਐਨੀ ਅਜ਼ਾਦ ਹੁੰਦੀ ਸੀ ਕਿ ਹਾਥੀ ਆਮ ਘੁੰਮਦੇ ਅਤੇ ਮੋਰ ਘਰਾਂ ਦੇ ਲਾਗੇ ਪੈਲਾਂ ਪਾਉਂਦੇ ਮਿਲ ਜਾਂਦੇ ਸਨ, ਚਿੜੀਆਂ ਦੀ ਚਹਿਚਹਾਟ ਸਦਾ ਸਾਡੇ ਕੰਨਾਂ ਵਿਚ ਗੂੰਜਦੀ ਹੁੰਦੀ ਸੀ ਅਤੇ ਦਰਿਆ ਐਨੇ ਸ਼ੀਤਲ ਅਤੇ ਨਿਰਮਲ ਵਗਦੇ ਹੁੰਦੇ ਸਨ ਕਿ ਕੋਈ ਵੀ ਕਿਤੇ ਵੀ ਇਨ੍ਹਾਂ ਦਾ ਪਾਣੀ ਬਿਨਾ ਪੁਣ-ਛਾਣ ਕੀਤਿਆਂ ਪੀ ਲੈਂਦਾ ਸੀ।

ਜੇ ਅਸੀਂ ਸੱਚਮੁੱਚ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿਉਂਦੇ ਰਹਿਣ ਜੋਗਰੀ ਧਰਤੀ ਦੇ ਕੇ ਹੀ ਇਸ ਸੰਸਾਰ ਤੋਂ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਅੱਜ ਤੋਂ ਹੀ ਚੌਕਸ ਹੋ ਕੇ ਕੁਝ ਉਪਾਅ ਕਰਨੇ ਪੈਣੇ ਨੇ ਜਿਵੇਂ ਕਿ:

•. ਸ੍ਰੋਤਾਂ ਦੀ ਸੋਚ ਸਮਝ ਕੇ ਵਰਤੋਂ ਕਰਨਾ ਅਤੇ ਬਰਬਾਦੀ ਤੋਂ ਬਚਣਾ।
•. ਪਾਣੀ, ਬਿਜਲੀ, ਕੋਲਾ, ਤੇਲ, ਪੈਟਰੋਲ, ਡੀਜ਼ਲ, ਅਤੇ ਊਰਜਾ ਦੇ ਹੋਰ ਸਾਧਨਾਂ ਨੂੰ ਅਜਾਈਂ ਜਾਣ ਤੋਂ ਰੋਕਣਾ।
•. ਪੌਦਿਆਂ ਦੀ ਸੰਭਾਲ ਕਰਨਾ, ਰੋਗ ਰੋਧੀ ਪੌਦਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਵੰਡਣਾ ਤਾਂ ਜੋ ਮਨੁੱਖ ਕੁਦਰਤ ਦੀ ਸੇਵਾ-ਸੰਭਾਲ ਕਰਦਾ ਰਹੇ ਅਤੇ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਸਕੇ।
•. ਕਾਗਜ਼ ਦੀ ਬਰਬਾਦੀ ਨਾ ਕਰਨਾ (ਕਾਗਜ਼-ਨਿਰਮਾਣ ਦੌਰਾਨ ਰੁੱਖਾਂ ਅਤੇ ਪਾਣੀ ਦੀ ਚੋਖੀ ਵਰਤੋਂ ਹੁੰਦੀ ਹੈ)।
•. ਬੇਕਾਰ ਕਾਗਜ਼, ਕੱਚ, ਪਲਾਸਟਿਕ, ਲੋਹਾ, ਰਬੜ, ਗੱਤਾ ਅਤੇ ਹੋਰ ਸਮਾਨ ਨੂੰ ਐਦਾਂ ਹੀ ਸੁੱਟਣ ਦੀ ਥਾਂ ਕਬਾੜੀਏ ਨੂੰ ਵੇਚਣਾ ਤਾਂ ਜੋ ਇਨ੍ਹਾਂ ਨੂੰ ਰੀਸਾਇਕਲ ਕਰ ਕੇ ਨਵਾਂ ਸਮਾਨ ਬਣਾਇਆ ਜਾ ਕੇ। ਇਸ ਤਰ੍ਹਾਂ ਕਰਨ ਨਾਲ ਕੁਦਰਤੀ ਸ੍ਰੋਤਾਂ ਦੀ ਕਾਫੀ ਬਚਤ ਹੋ ਸਕਦੀ ਹੈ।
•. ਵਰਤੋ ਅਤੇ ਸੁੱਟੋ ਦੀ ਨੀਤੀ ਤਿਆਗ ਕੇ ਵਸਤਾਂ ਨੂੰ ਵਾਰ-ਵਾਰ ਪ੍ਰਯੋਗ 'ਚ ਲਿਆਉਣਾ।
•. ਫਲ, ਸਬਜ਼ੀਆਂ ਅਤੇ ਹੋਰ ਵਸਤਾਂ ਖਰੀਦਣ ਲੱਗੇ ਉਨ੍ਹਾਂ ਕਿਸਮਾਂ ਨੂੰ ਪਹਿਲ ਦੇਣਾ ਜਾਵੇ, ਜੋ ਸਥਾਨਕ ਪੱਧਰ 'ਤੇ ਪੈਦਾ ਹੁੰਦੀਆਂ ਹਨ। ਕਿਉਂਕਿ ਦੂਰ ਦਰਾਡੇ ਤੋਂ ਇਨ੍ਹਾਂ ਵਸਤਾਂ ਦੀ ਢੋਆ-ਢੁਆਈ ਕਰਨ ਅਤੇ ਫਿਰ ਕੋਲਡ ਸਟੋਰਾਂ ਵਿਚ ਭੰਡਾਰ ਕਰਨ 'ਤੇ ਬਹੁਤ ਜ਼ਿਆਦਾ ਤੇਲ ਅਤੇ ਬਿਜਲੀ ਦੀ ਵਰਤੋਂ ਹੁੰਦੀ ਹੈ।
•. ਅਜਿਹਾ ਬਾਲਣ ਘੱਟ ਤੋਂ ਘੱਟ ਵਰਤਣਾ ਜੋ ਧੂੰਆਂ, ਕਾਰਬਨ ਡਾਈਆਕਸਾਈਡ ਜਾਂ ਹੋਰ ਹਰਾ-ਘਰ-ਪ੍ਰਭਾਵ ਗੈਸਾਂ ਛੱਡਦਾ ਹੋਵੇ। ਇਹ ਗੈਸਾਂ ਅੱਜ ਜਲਵਾਯੂ ਤਬਦੀਲੀ ਦਾ ਬਹੁਤ ਵੱਡਾ ਕਾਰਨ ਬਣ ਰਹੀਆਂ ਹਨ।
•. ਰੁੱਖਾਂ ਨੂੰ ਅੰਨ੍ਹੇਵਾਹ ਕਟਣ ਤੋਂ ਰੋਕਣ ਲਈ ਅਜਿਹੇ ਉਤਪਾਦ ਵਰਤਣਾ ਜੋ ਜਾਂ ਤਾਂ ਰੁਖਾਂ ਤੋਂ ਪ੍ਰਾਪਤ ਲੱਕੜੀ ਤੋਂ ਨਾ ਬਣੇ ਹੋਣ ਅਤੇ ਜਾਂ ਫਿਰ ਪੁਨਰ-ਚਕ੍ਰਿਤ ਲੱਕੜੀ ਤੋਂ ਬਣੇ ਹੋਣ।
•. ਅਜਿਹੀਆਂ ਇਮਾਰਤਾਂ ਦਾ ਨਿਰਮਾਣ ਕਰਨਾ ਜਿਨ੍ਹਾਂ 'ਚ ਊਰਜਾ ਦੀ ਵਰਤੋਂ ਘੱਟ ਤੋ ਘੱਟ ਅਤੇ ਕੁਦਰਤੀ ਰੋਸ਼ਨੀ, ਕੁਦਰਤੀ ਗਰਮਾਇਸ਼ ਤੇ ਕੁਦਰਤੀ ਹਵਾ ਦੀ ਵਰਤੋਂ ਵੱਧ ਹੋਵੇ ਜਦ ਕਿ ਬਿਜਲੀ ਆਦਿ ਦੀ ਵਰਤੋਂ ਘੱਟ ਤੋਂ ਘੱਟ। ਯਾਦ ਰੱਖਣਾ ਬਣਦਾ ਹੈ ਕਿ ਬਿਜਲੀ ਦੀ ਪੈਦਾਵਾਰ ਕਰਨ ਵਿੱਚ ਵੀ ਜਲਵਾਯੂ ਤਬਦੀਲੀ ਕਰਨ ਵਾਲੀਆਂ ਗੈਸਾਂ ਪੈਦਾ ਹੁੰਦੀਆਂ ਹੀ ਹੁੰਦੀਆਂ ਹਨ।
•. ਵਾਹਨਾਂ ਵਿਚ ਸੀ.ਐੱਨ.ਜੀ., ਐੱਲ.ਪੀ.ਜੀ. ਵਰਗੇ ਬਾਲਣ ਵਰਤਣਾ। ਬਿਜਲੀ ਚਾਲਤ ਜਾਂ ਸੋਲਰ ਵਾਹਨਾਂ ਨੂੰ ਪਹਿਲ ਦੇਣਾ। ਯਾਦ ਰੱਖਣਾ ਬਣਦਾ ਹੈ ਕਿ ਅਜੋਕੇ ਵਾਹਨ ਜਲਵਾਯੂ ਤਬਦੀਲੀ ਕਰਨ ਵਾਲੀਆਂ ਗੈਸਾਂ ਪੈਦਾ ਕਰਨ ਵਿੱਚ ਇੱਕ ਵੱਡਾ ਯੋਗਦਾਨ ਪਾ ਰਹੇ ਹਨ।
•. 'ਹਰੀਆਂ ਇਮਾਰਤਾਂ' ਉਸਾਰਨਾ। ਇਨ੍ਹਾਂ ਇਮਾਰਤਾਂ ਲਈ ਵਰਤੀ ਜਾਣ ਵਾਲੀ ਕੱਚੀ ਸਮੱਗਰੀ ਜਿਵੇਂ ਕਿ ਸੀਮਿੰਟ, ਇੱਟਾਂ, ਸਰੀਆ ਆਦਿ ਅਜਿਹੀਆਂ ਨਵੀਆਂ ਵਿਧੀਆਂ ਨਾਲ ਤਿਆਰ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੀ 'ਕਾਰਬਨ ਪੈੜ' ਬਹੁਤ ਛੋਟੀ ਹੁੰਦੀ ਹੈ। ਜਲਵਾਯੂ ਤਬਦੀਲੀ ਨਾਲ ਲੜਣ ਵਿੱਚ ਰੀਅਲ ਅਸਟੇਟ ਖੇਤਰ ਦਾ ਇੱਕ ਬਹੁਤ ਵੱਡਾ ਯੋਗਦਾਨ ਹੋ ਸਕਦਾ ਹੈ। 
•. ਬਲਬ, ਟਿਊਬ, ਫਰਿੱਜ, ਪੱਖੇ, ਕੂਲ਼ਰ, ਏ.ਸੀ., ਮਾਈਕ੍ਰੋਵੇਵ ਓਵਨ, ਹੀਟਰ ਆਦਿ ਖਰੀਦਣ ਵੇਲੇ ਉਹ ਬਿਜਲਈ ਉਪਕਰਨ (ਵੱਧ ਤੋਂ ਵੱਧ ਸਟਾਰ ਰੇਟਿੰਗ ਵਾਲੇ) ਖਰੀਦਣਾ ਜੋ ਬਿਜਲੀ ਦੀ ਘੱਟ ਖਪਤ ਕਰਨ।
•. ਵਾਹਨ ਖਰੀਦਣ ਵੇਲੇ ਉਨ੍ਹਾਂ ਵਾਹਨਾਂ ਨੂੰ ਪਹਿਲ ਦੇਣੀ ਜੋ ਤੇਲ ਦੀ ਖਪਤ ਤੇ ਪ੍ਰਦੂਸ਼ਣ ਘੱਟ ਕਰਦੇ ਹੋਣ। ਕਾਰਨ ਇਹ ਹੈ ਕਿ ਆਵਾਜਾਈ ਦੇ ਸਾਧਨ ਜਲਵਾਯੂ ਤਬਦੀਲੀ ਦੇ ਵੱਡੇ ਕਾਰਨ ਹਨ।
•. ਊਰਜਾ ਦੇ ਗ਼ੈਰ ਪਰੰਪਰਾਗ਼ਤ ਸਾਧਨਾਂ ਜਿਵੇਂ ਕਿ ਸੂਰਜੀ ਊਰਜਾ, ਭੂ-ਤਾਪ ਊਰਜਾ ਆਦਿ ਦਾ ਵੱਧ ਤੋਂ ਵੱਧ ਉਪਯੋਗ ਕਰਨਾ।
•. ਜੰਗਲਾਂ ਦੀ ਸਾਂਭ-ਸੰਭਾਲ ਕਰਨੀ ਅਤੇ ਨਵੇਂ ਰੁੱਖ ਲਾਉਣੇ।
 ਇਨ੍ਹਾਂ ਛੋਟੇ-ਛੋਟੇ ਦਿਸਦੇ ਕੁਝ ਉਪਾਵਾਂ ਨਾਲ ਅਸੀਂ ਆਪਣੀ 'ਕਾਰਬਨ ਪੈੜ' ਘਟਾ ਰਹੇ ਹੋਵਾਂਗੇ ਅਤੇ ਜਲਵਾਯੂ ਤਬਦੀਲੀ 'ਚ ਆਪਣੇ ਦੁਆਰਾ ਪਾਇਆ ਜਾ ਰਿਹਾ ਹਿੱਸਾ ਯਕੀਨਨ ਘਟਾ ਰਹੇ ਹੋਵਾਂਗੇ। ਅੱਜ ਜੇਕਰ ਅਸੀਂ ਇਹੀ ਪ੍ਰਣ ਕਰ ਲਈਏ ਤਾਂ ਸਾਡਾ ਇਹੀ ਯੋਗਦਾਨ ਧਰਤੀ ਮਾਤਾ ਦੀਆਂ ਦੁਆਵਾਂ ਖੱਟੇਗਾ ਪਰ ਇਸ ਧਰਤ ਦਿਵਸ ਮੌਕੇ ਵਾਤਾਵਰਨ ਅਤੇ ਮਨੁੱਖਤਾ ਦੇ ਸਭ ਹਿਤੈਸ਼ੀ ਇੱਕ ਗੱਲ ਨੂੰ ਲੈ ਕੇ ਜ਼ਰੂਰ ਝੁਰਨਗੇ – ਜਿਸ ਦਿਨ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਉਸੇ ਦੇਸ਼ ਨੇ ਜਲਵਾਯੂ ਤਬਦੀਲੀ ਨੂੰ ਠੱਲ੍ਹਣ ਲਈ ਹੋਏ ਅਤਿ ਮਹੱਤਵਪੂਰਨ 'ਪੈਰਿਸ ਸਮਝੌਤੇ' ਨੂੰ ਕੁਝ ਮਹੀਨੇ ਹੋਏ ਅਲਵਿਦਾ ਆਖ ਦਿੱਤਾ। ਹਰਿਤ ਘਰ ਗੈਸਾਂ ਦਾ ਮੁੱਖ ਉਤਸਰਜਕ ਦੇਸ਼ ਜੇਕਰ ਅਜਿਹਾ ਰਵੱਈਆ ਅਪਨਾਉਂਦਾ ਹੈ ਤਾਂ ਬਾਕੀ ਦੇ ਸੰਸਾਰ ਦੇ ਨਾਲ-ਨਾਲ ਸਾਡੀ ਧਰਤੀ ਮਾਤਾ ਦੀਆਂ ਮੁਸ਼ਕਲਾਂ ਜ਼ਰੁਰ ਵਧਣਗੀਆਂ।
ਡਾ. ਸੁਰਿੰਦਰ ਕੁਮਾਰ ਜਿੰਦਲ, 
ਮੋਹਾਲੀ
ਮੋ. 9876135823


author

rajwinder kaur

Content Editor

Related News