ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ

Thursday, Jun 15, 2017 - 02:36 AM (IST)

ਮਜ਼ਦੂਰਾਂ ਵੱਲੋਂ ਰੋਸ ਪ੍ਰਦਰਸ਼ਨ

ਗੁਰਦਾਸਪੁਰ,  (ਵਿਨੋਦ)-  ਬਿਲਡਿੰਗ ਤੇ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵੱਲੋਂ ਉਸਾਰੀ ਕਿਰਤੀਆਂ ਨੂੰ ਸਾਈਕਲ ਦੇਣ ਦੀ ਸਕੀਮ ਤਹਿਤ ਗੁਰਦਾਸਪੁਰ ਦੇ ਲੇਬਰ ਦਫ਼ਤਰ 'ਚ ਆਈਆਂ 800 ਸਾਈਕਲਾਂ ਦੀ ਵੰਡ 'ਚ ਸਥਾਨਕ ਵਿਧਾਇਕ ਵੱਲੋਂ ਪਾਈਆਂ ਜਾਣ ਵਾਲੀਆਂ ਅੜਚਨਾਂ ਦੇ ਵਿਰੋਧ 'ਚ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਸਬੰਧਿਤ ਇਫਟੂ ਵੱਲੋਂ ਵਿਧਾਇਕ ਵਿਰੁੱਧ ਸ਼ਹਿਰ 'ਚ ਰੋਸ ਭਰਪੂਰ ਪ੍ਰਦਰਸ਼ਨ ਕਰਨ ਉਪਰੰਤ ਲੇਬਰ ਦਫ਼ਤਰ ਗੁਰਦਾਸਪੁਰ ਸਾਹਮਣੇ ਧਰਨਾ ਲਾਇਆ ਗਿਆ।
ਧਰਨੇ 'ਚ ਸ਼ਾਮਲ ਉਸਾਰੀ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਰਮੇਸ਼ ਰਾਣਾ, ਜ਼ਿਲਾ ਪ੍ਰਧਾਨ ਜੋਗਿੰਦਰ ਪਾਲ ਪਨਿਆੜ, ਜ਼ਿਲਾ ਆਗੂ ਸਰਵਨ ਭੋਲਾ, ਸੰਸਾਰ ਸਿੰਘ, ਮੁਖਤਿਆਰ ਸਿੰਘ, ਮਾਨ ਸਿੰਘ, ਭੁਪਿੰਦਰ ਪੱਪੀ ਤੇ ਦਫ਼ਤਰ ਸਕੱਤਰ ਜੋਗਿੰਦਰ ਪਾਲ ਘੁਰਾਲਾ ਨੇ ਕਿਹਾ ਕਿ ਲੇਬਰ ਦਫ਼ਤਰ ਗੁਰਦਾਸਪੁਰ ਨਾਲ ਸੰਬੰਧਿਤ ਉਸਾਰੀ ਲਾਭਪਾਤਰੀਆਂ ਨੂੰ ਦੇਣ ਵਾਸਤੇ 800 ਸਾਈਕਲ ਆਏ ਸਨ, ਜਦਕਿ ਜੂਨ ਮਹੀਨੇ 2016 ਦੀ ਮੀਟਿੰਗ 'ਚ 3676 ਲਾਭਪਾਤਰੀਆਂ ਦੇ ਸਾਈਕਲ ਪਾਸ ਹੋਏ ਸਨ। 
ਉਨ੍ਹਾਂ ਕਿਹਾ ਕਿ ਲੇਬਰ ਦਫ਼ਤਰ ਦੇ ਅਧਿਕਾਰੀਆਂ ਨੇ 12 ਮਈ 2017 ਨੂੰ 400 ਲਾਭਪਾਤਰੀਆਂ ਨੂੰ ਸਾਈਕਲ ਦੇਣ ਵਾਸਤੇ ਬੁਲਾਇਆ ਸੀ ਪਰ ਸਥਾਨਕ ਵਿਧਾਇਕ ਨੇ ਖੁਦ ਸਾਈਕਲ ਵੰਡਣ ਦੀ ਸ਼ਰਤ ਰੱਖ ਦਿੱਤੀ, ਜਿਸ ਕਰ ਕੇ 400 ਲਾਭਪਾਤਰੀਆਂ ਨੂੰ ਸਿਰਫ ਟੋਕਨ ਦੇ ਕੇ ਵਾਪਸ ਤੌਰ ਦਿੱਤਾ ਗਿਆ।
ਮਜ਼ਦੂਰ ਆਗੂਆਂ ਨੇ ਦੱਸਿਆ ਕਿ ਇਕ ਮਹੀਨੇ ਤੋਂ ਉਪਰੋਕਤ ਲਾਭਪਾਤਰੀ ਦਿਹਾੜੀਆਂ ਭੰਨ ਕੇ ਸਾਈਕਲ ਲੈਣ ਵਾਸਤੇ ਦਫਤਰ ਵਿਚ ਖੱਜਲ-ਖੁਆਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੁਝ ਲਾਭਪਾਤਰੀਆਂ ਦੇ ਸਾਈਕਲ ਆਏ ਸਨ, ਜੋ ਕਿ ਲੇਬਰ ਅਧਿਕਾਰੀਆਂ ਨੇ ਇਕ ਦਿਨ 'ਚ ਹੀ ਵੰਡ ਦਿੱਤੇ ਸਨ ਪਰ ਇਸ ਵਾਰ ਵਿਧਾਇਕ ਆਪਣੀ ਭੱਲ ਬਣਾਉਣ ਵਾਸਤੇ ਮਜ਼ਦੂਰਾਂ ਨੂੰ ਖੱਜਲ-ਖੁਆਰ ਕਰ ਰਿਹਾ ਹੈ। ਮਜ਼ਦੂਰ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਲਾਭਪਾਤਰੀਆਂ ਦੇ ਸਾਈਕਲ ਇਕ ਹਫ਼ਤੇ 'ਚ ਨਾ ਵੰਡੇ ਗਏ ਤਾਂ ਉਨ੍ਹਾਂ ਦੀ ਜਥੇਬੰਦੀ ਵੱਲੋਂ ਵਿਧਾਇਕ ਦੇ ਘਰ ਸਾਹਮਣੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਧਰਨੇ ਨੂੰ ਸੁਖਦੇਵ ਰਾਜ ਬਹਿਰਾਮਪੁਰ, ਗੁਰਮੀਤ ਰਾਜ ਪਾਹੜਾ, ਬਲਦੇਵ ਸਿੰਘ ਕਾਦੀਆਂ, ਜਗੀਰ ਚੰਦ ਪ੍ਰਧਾਨ ਲੇਬਰ ਚੌਕ ਗੁਰਦਾਸਪੁਰ ਨੇ ਵੀ ਸੰਬੋਧਨ ਕੀਤਾ।ਦੂਜੇ ਪਾਸੇ ਲੇਬਰ ਵਿਭਾਗ ਨੇ ਭਰੋਸਾ ਦਿੱਤਾ ਕਿ ਮਜ਼ਦੂਰਾਂ ਦੇ ਸਾਈਕਲ 17 ਜੂਨ ਨੂੰ ਵੰਡ ਦਿੱਤੇ ਜਾਣਗੇ। ਉਪਰੰਤ ਮਜ਼ਦੂਰਾਂ ਵੱਲੋਂ ਧਰਨਾ ਚੁੱਕ ਲਿਆ ਗਿਆ।
ਗੁਰਦਾਸਪੁਰ, (ਵਿਨੋਦ)-ਇਸ ਲਾਇਬ੍ਰੇਰੀ ਰੋਡ 'ਤੇ ਸਥਿਤ ਲੇਬਰ ਸ਼ੈੱਡ ਗੁਰਦਾਸਪੁਰ ਵਿਖੇ ਮਜ਼ਦੂਰਾਂ ਨੇ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ 'ਚ ਲੇਬਰ ਦਫ਼ਤਰ ਖਿਲਾਫ਼ ਧਰਨਾ ਦਿੱਤਾ। ਪ੍ਰਧਾਨ ਸੁਰਿੰਦਰ ਕੁਮਾਰ ਨੇ ਕਿਹਾ ਕਿ ਮਜ਼ਦੂਰਾਂ ਦੇ ਲੇਬਰ ਦਫ਼ਤਰ ਵਿਖੇ ਸਾਈਕਲ ਆਏ ਹੋਏ ਹਨ ਪਰ ਲੇਬਰ ਦਫ਼ਤਰ ਵਿਭਾਗ ਵੱਲੋਂ ਨਾ ਤਾਂ ਮਜ਼ਦੂਰਾਂ ਨੂੰ ਸਾਈਕਲ ਦਿੱਤੇ ਜਾ ਰਹੇ ਹਨ ਤੇ ਨਾ ਹੀ ਬੱਚਿਆਂ ਦੇ ਵਜ਼ੀਫ਼ੇ ਦਿੱਤੇ ਜਾ ਰਹੇ ਹਨ, ਜਿਸ ਕਾਰਨ ਮਜ਼ਦੂਰਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਮੌਕੇ ਸਾਬਕਾ ਪ੍ਰਧਾਨ ਮਹਿੰਦਰ ਪਾਲ, ਬਲਵਿੰਦਰ ਸਿੰਘ ਬੱਬਰੀ, ਸਤਪਾਲ ਔਜਲਾ, ਬਹਾਦਰ ਸਿੰਘ ਔਜਲਾ, ਦਵਿੰਦਰ ਕੁਮਾਰ ਪ੍ਰੇਮ ਨਗਰ, ਵਿਜੇ ਕੁਮਾਰ ਆਦਿ ਹਾਜ਼ਰ ਸਨ।


Related News