ਪਾਰਕਾਂ ''ਚ ਕੰਮ ਕਰਦੇ ਕਾਮੇ ਤਿੰਨ ਮਹੀਨਿਆਂ ਤੋਂ ਤਨਖਾਹ ਤੋਂ ਸੱਖਣੇ
Wednesday, Nov 01, 2017 - 06:55 AM (IST)

ਮੋਹਾਲੀ, (ਨਿਆਮੀਆਂ)- ਨਗਰ ਨਿਗਮ ਮੋਹਾਲੀ ਅਧੀਨ ਸਮੁੱਚੀਆਂ ਪਾਰਕਾਂ 'ਚ ਠੇਕੇਦਾਰ ਅਧੀਨ ਕੰਮ ਕਰਦੇ ਸੈਂਕੜੇ ਕਰਮਚਾਰੀਆਂ 'ਚ ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ ਰੋਸ ਪਾਇਆ ਜਾ ਰਿਹਾ ਹੈ। ਠੇਕੇਦਾਰ ਵਲੋਂ ਤਨਖਾਹ ਮੰਗਣ 'ਤੇ ਸੈਂਕੜੇ ਕਰਮਚਾਰੀਆਂ ਦੀ ਛਾਂਟੀ ਕਰ ਦਿੱਤੀ ਗਈ। ਅੱਜ ਇਨ੍ਹਾਂ ਕਰਮਚਾਰੀਆਂ ਦੀ ਪੰਜਾਬ ਫੀਲਡ ਐਂਡ ਵਰਕਸ਼ਾਪ ਯੂਨੀਅਨ ਦੀ ਅਗਵਾਈ 'ਚ ਵਿਸ਼ੇਸ਼ ਮੀਟਿੰਗ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਸੁਖਦੇਵ ਸਿੰਘ ਸੈਣੀ ਨੇ ਦੱਸਿਆ ਕਿ ਇਹ ਕਾਮੇ ਕਾਰਤਿਕ ਇਲੈਕਟ੍ਰੀਕਲ ਕੰਪਨੀ ਰਾਹੀਂ ਠੇਕੇ ਦੇ ਆਧਾਰ 'ਤੇ 10-10 ਸਾਲਾਂ ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰ 2 ਸਾਲ ਬਾਅਦ ਠੇਕੇਦਾਰ ਬਦਲ ਜਾਂਦਾ ਹੈ ਪਰ ਕਰਮਚਾਰੀ ਇਹੋ ਕੰਮ ਕਰਦੇ ਸਨ। ਕਰਮਚਾਰੀਆਂ ਨੇ ਜਦੋਂ ਤਨਖਾਹ ਤੇ ਈ. ਐੱਸ. ਆਈ. ਦੇ ਕਾਰਡਾਂ ਦੀ ਮੰਗ ਕੀਤੀ ਤਾਂ ਕਰਮਚਾਰੀਆਂ ਦੀ 30 ਅਕਤੂਬਰ 2017 ਤੋਂ ਛਾਂਟੀ ਕਰ ਦਿੱਤੀ ਗਈ।
ਸੈਣੀ ਨੇ ਸਖਤੀ ਨਾਲ ਮੰਗ ਕੀਤੀ ਕਿ ਤੁਰੰਤ ਇਨ੍ਹਾਂ ਕਰਮਚਾਰੀਆਂ ਦੀ ਤਿੰਨ ਮਹੀਨਿਆਂ ਦੀ ਤਨਖਾਹ ਤੇ ਈ. ਐੱਸ. ਆਈ. ਕਾਰਡ ਦਿੱਤੇ ਜਾਣ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਯੂਨੀਅਨ ਵਲੋਂ ਤਿੱਖਾ ਸੰਘਰਸ਼ ਆਰੰਭਿਆ ਜਾਵੇਗਾ।