ਨੀਲੇ ਕਾਰਡ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਟੈਂਕੀ ’ਤੇ ਚਡ਼੍ਹੇ ਮਜ਼ਦੂਰ
Thursday, Aug 30, 2018 - 03:04 AM (IST)
ਭੁੱਚੋ ਮੰਡੀ, (ਨਾਗਪਾਲ)- ਨਜ਼ਦੀਕੀ ਪਿੰਡ ਚੱਕ ਫਤਿਹ ਸਿੰਘ ਵਾਲਾ ਵਿਖੇ ਯੋਗ-ਅਯੋਗ ਦੀ ਪਡ਼ਤਾਲ ਬਹਾਨੇ ਕੱਟੇ ਸਸਤੇ ਰਾਸ਼ਨ ਵਾਲੇ ਕਾਰਡ ਬਹਾਲ ਕਰਵਾਉਣ ਦੀ ਮੰਗ ਨੂੰ ਲੈ ਕੇ ਮਜ਼ਦੂਰਾਂ ਨੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ’ਚ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕੁਝ ਮਜ਼ਦੂਰ ਨੀਲੇ ਕਾਰਡ ਤੁਰੰਤ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਜਲ ਘਰ ਦੀ ਟੈਂਕੀ ’ਤੇ ਚਡ਼੍ਹ ਗਏ ਅਤੇ ਟੈਂਕੀ ’ਤੇ ਚਡ਼੍ਹੇ ਮਜ਼ਦੂਰਾਂ ਦਾ ਸਾਥ ਦਿੰਦੇ ਹੋਏ ਵੱਡੀ ਗਿਣਤੀ ਵਿਚ ਇਕੱਤਰ ਅੌਰਤਾਂ ਨੇ ਸੂਬਾ ਸਰਕਾਰ ਦਾ ਪਿੱਟ-ਸਿਆਪਾ ਕੀਤਾ। ਸੂਚਨਾ ਮਿਲਦੇ ਹੀ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ ਸੰਦੀਪ ਕੁਮਾਰ, ਨੀਰਜ ਕੁਮਾਰ ਅਤੇ ਨਥਾਣਾ ਐੱਸ. ਐੱਚ. ਓ. ਸ਼ਿਵ ਚੰਦ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਨੇ ਮਜ਼ਦੂਰਾਂ ਨੂੰ ਕਿਹਾ ਕਿ ਉਹ ਕਾਰਡ ਬਹਾਲ ਕਰਵਾਉਣ ਲਈ ਐੱਸ. ਡੀ. ਐੱਮ. ਦੇ ਦਫ਼ਤਰ ਵਿਖੇ ਦਰਖ਼ਾਸਤ ਦੇਣ ਪਰ ਮਜ਼ਦੂਰ ਤੁਰੰਤ ਕਾਰਡ ਬਹਾਲ ਕਰਨ ਦੀ ਮੰਗ ’ਤੇ ਅਡ਼ੇ ਰਹੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਗਰੀਬ ਵਰਗ ਨੂੰ ਸਸਤੀ ਕਣਕ ਦਾਲ ਦੇ ਨਾਲ-ਨਾਲ ਘਿਉ, ਖੰਡ, ਚਾਹ ਪੱਤੀ ਆਦਿ ਦੇਣ ਦਾ ਵਾਅਦਾ ਕੀਤਾ ਸੀ। ਸਰਕਾਰ ਬਣਦਿਆਂ ਹੀ ਪਿਛਲੀ ਸਰਕਾਰ ਵੇਲੇ ਦਿੱਤਾ ਜਾਂਦਾ ਸਸਤਾ ਰਾਸ਼ਨ ਵੀ ਬੰਦ ਕਰ ਕੇ ਗਰੀਬਾਂ ਦੇ ਚੁੱਲ੍ਹੇ ਠੰਡੇ ਕਰ ਦਿੱਤੇ ਹਨ। ਇਸ ਦੌਰਾਨ ਟੈਂਕੀ ’ਤੇ ਚਡ਼੍ਹੇ ਕੁਲਦੀਪ ਸਿੰਘ, ਸੀਰਾ ਸਿੰਘ, ਕਰਮਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਜਗਸੀਰ ਸਿੰਘ ਤੇ ਗੁਰਮੀਤ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਿੰਨਾ ਚਿਰ ਕੱਟੇ ਕਾਰਡ ਚਾਲੂ ਨਹੀਂ ਕੀਤੇ ਜਾਂਦੇ ਅਤੇ ਚਾਲੂ ਕੀਤੇ ਕਾਰਡਾਂ ਵਾਲਿਆਂ ਨੂੰ ਪਿਛਲੇ ਮਹੀਨਿਆਂ ਦੀ ਕਣਕ ਨਹੀਂ ਦਿੱਤੀ ਜਾਂਦੀ, ਉਹ ਟੈਂਕੀ ਤੋਂ ਥੱਲੇ ਨਹੀਂ ਉੱਤਰਨਗੇ। ਜੇਕਰ ਪ੍ਰਸ਼ਾਸਨ ਨੇ ਮਾਮਲੇ ਨੂੰ ਲਮਕਾਉਣ ਦੀ ਕੋਸ਼ਿਸ਼ ਕੀਤੀ ਤਾਂ ਮਜ਼ਦੂਰ ਅੌਰਤਾਂ ਵੀ ਟੈਂਕੀ ’ਤੇ ਚਡ਼੍ਹ ਕੇ ਪ੍ਰਦਰਸ਼ਨ ਕਰਨਗੀਆਂ।
