ਤੇਜ਼ਧਾਰ ਹਥਿਆਰ ਨਾਲ ਸਾਥੀ ਮਜ਼ਦੂਰ ਦੀ ਕੀਤੀ ਬੇਰਹਿਮੀ ਨਾਲ ਹੱਤਿਆ

Wednesday, May 27, 2020 - 01:41 AM (IST)

ਤੇਜ਼ਧਾਰ ਹਥਿਆਰ ਨਾਲ ਸਾਥੀ ਮਜ਼ਦੂਰ ਦੀ ਕੀਤੀ ਬੇਰਹਿਮੀ ਨਾਲ ਹੱਤਿਆ

ਹੁਸ਼ਿਆਰਪੁਰ, (ਅਮਰਿੰਦਰ)-ਥਾਣਾ ਬੁੱਲ੍ਹੋਵਾਲ ਦੇ ਅਧੀਨ ਆਉਂਦੇ ਪਿੰਡ ਸਟਿਆਣਾ 'ਚ ਅੱਜ ਦੁਪਹਿਰ ਸਮੇਂ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਬਾਹਰ ਟਿਊਬਵੈੱਲ 'ਤੇ ਝਾਰਖੰਡ ਦੇ ਰਹਿਣ ਵਾਲੇ ਮਜ਼ਦੂਰ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ। ਮ੍ਰਿਤਕ ਮਜ਼ਦੂਰ ਦੀ ਪਛਾਣ ਜਪਰੂ ਸਾਧੂ ਪੁੱਤਰ ਮਧੂ ਸਾਧੂ ਨਿਵਾਸੀ ਝਾਰਖੰਡ ਵਜੋਂ ਹੋਈ ਹੈ। ਕਿਸਾਨ ਦਲਜੀਤ ਸਿੰਘ ਅਤੇ ਸਰਪੰਚ ਨਿਰਮਲ ਸਿੰਘ ਨੇ ਇਸਦੀ ਸੂਚਨਾ ਤੁਰੰਤ ਥਾਣਾ ਬੁੱਲ੍ਹੋਵਾਲ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਐੱਸ. ਐੱਚ. ਓ. ਅਜਮੇਰ ਸਿੰਘ ਪੁਲਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ 'ਚ ਜੁੱਟ ਗਏ।

ਤਿੰਨ ਦਿਨ ਪਹਿਲਾਂ ਹੀ ਆਪਣੇ ਸਾਥੀ ਮਜ਼ਦੂਰ ਕੋਲ ਆਇਆ ਸੀ ਜਪਰੂ
ਸਟਿਆਣਾ ਪਿੰਡ 'ਚ ਕਿਸਾਨ ਦਲਜੀਤ ਸਿੰਘ ਅਤੇ ਹੋਰ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਪਿੰਡ ਦੇ ਬਾਹਰ ਲੱਗੇ ਟਿਊਬਵੈੱਲ 'ਤੇ ਮਜ਼ਦੂਰ ਮਨਸੀਦ ਪੁੱਤਰ ਹਰਮਨ ਪੇਰੂ ਵਾਸੀ ਝਾਰਖੰਡ ਰਹਿੰਦਾ ਸੀ। ਤਿੰਨ ਦਿਨ ਪਹਿਲਾਂ ਹੀ 24 ਮਈ ਨੂੰ ਟਿਊਬਵੈੱਲ 'ਤੇ ਮਨਸੀਦ ਦੇ ਕੋਲ ਜਪਰੂ ਆਇਆ ਸੀ। ਟਿਊਬਵੈੱਲ 'ਤੇ ਮਨਸੀਦ ਅਤੇ ਜਪਰੂ ਇੱਕਠੇ ਹੀ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਅੱਜ ਦੁਪਹਿਰ ਸਮੇਂ ਜਦੋਂ ਅਸੀਂ ਟਿਊਬਵੈੱਲ ਦੇ ਕੋਲ ਪੁੱਜੇ ਤਾਂ ਦੇਖਿਆ ਕਿ ਜਪਰੂ ਦੀ ਲਾਸ਼ ਜ਼ਮੀਨ 'ਤੇ ਪਈ ਸੀ ਅਤੇ ਉਸਦਾ ਸਾਥੀ ਮਜ਼ਦੂਰ ਮਨਸੀਦ ਫਰਾਰ ਸੀ। ਮ੍ਰਿਤਕ ਜਪਰੂ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਦਾ ਨਿਸ਼ਾਨ ਦੇਖ ਕੇ ਲੱਗਦਾ ਹੈ ਕਿ ਸ਼ਰਾਬ ਦੇ ਨਸ਼ੇ ਵਿਚ ਦੋਵਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਲੜਾਈ-ਝਗੜਾ ਹੋਇਆ ਹੋਵੇਗਾ। ਇਸ ਵਿਵਾਦ ਵਿਚ ਮਨਸੀਦ ਨੇ ਜਪਰੂ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਜਪਰੂ ਦੀ ਮੌਤ ਹੋ ਗਈ।

ਪੁਲਸ ਨੇ ਕੀਤਾ ਹੱਤਿਆ ਦੇ ਦੋਸ਼ 'ਚ ਮਨਸੀਦ ਖਿਲਾਫ਼ ਮਾਮਲਾ ਦਰਜ
ਸੰਪਰਕ ਕਰਨ 'ਤੇ ਥਾਣਾ ਬੁੱਲ੍ਹੋਵਾਲ 'ਚ ਤਾਇਨਾਤ ਐੱਸ. ਐੱਚ. ਓ. ਅਜਮੇਰ ਸਿੰਘ ਨੇ ਦੱਸਿਆ ਕਿ ਸਟਿਆਣਾ ਪਿੰਡ ਦੇ ਕਿਸਾਨ ਅਤੇ ਸਰਪੰਚ ਵੱਲੋਂ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ 'ਚ ਜੁੱਟ ਗਈ ਸੀ। ਪੁਲਸ ਪੁੱਛਗਿਛ ਵਿਚ ਪਤਾ ਲੱਗਾ ਹੈ ਕਿ 40 ਸਾਲਾ ਮ੍ਰਿਤਕ ਜਪਰੂ ਸਾਧੂ ਦੀ ਹੱਤਿਆ ਉਸਦੇ ਹੀ ਸਾਥੀ ਮਨਸੀਦ ਨੇ ਕੀਤੀ ਹੈ। ਘਟਨਾ ਤੋਂ ਬਾਅਦ ਮਨਸੀਦ ਮੌਕੇ ਤੋਂ ਫਰਾਰ ਚੱਲ ਰਿਹਾ ਹੈ। ਲਾਸ਼ ਦਾ ਪੰਚਨਾਮਾ ਤਿਆਰ ਕਰਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦੇ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਗਿਆ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਹੱਤਿਆਰੇ ਮਜ਼ਦੂਰ ਮਨਸੀਦ ਦੇ ਖਿਲਾਫ ਧਾਰਾ 302 ਅਧੀਨ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

Deepak Kumar

Content Editor

Related News