ਨਗਰ ਨਿਗਮ ਦਾ ਸਮੁੱਚਾ ਕੰਮਕਾਜ ਠੱਪ

Monday, Jun 19, 2017 - 08:01 AM (IST)

ਮੋਗਾ  (ਪਵਨ ਗਰੋਵਰ/ਗੋਪੀ ਰਾਊਕੇ) - ਇਕ ਪਾਸੇ ਜਿੱਥੇ ਨਗਰ ਕੌਂਸਲ ਤੋਂ ਨਗਰ ਨਿਗਮ ਬਣੇ ਮੋਗਾ ਦੀ ਪਹਿਲੀ ਵਾਰ ਢਾਈ ਸਾਲ ਪਹਿਲਾਂ ਹੋਈਆਂ ਚੋਣਾਂ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਇਹ ਉਮੀਦ ਹੋਈ ਸੀ ਕਿ ਨਗਰ ਨਿਗਮ ਬਣਨ ਨਾਲ ਸ਼ਹਿਰ ਨੂੰ ਜ਼ਿਆਦਾ ਫੰਡ ਮਿਲਣਗੇ, ਜਿਸ ਨਾਲ ਸ਼ਹਿਰ ਦੀ ਕਾਇਆ-ਕਲਪ ਹੋਵੇਗੀ ਪਰ ਦੂਸਰੇ ਪਾਸੇ ਪਿਛਲੇ 2 ਸਾਲਾਂ ਤੋਂ ਸ਼ਹਿਰ ਦੇ ਵਿਕਾਸ ਦੀ ਗੱਡੀ ਪੱਟੜੀ 'ਤੇ ਨਹੀਂ ਆ ਰਹੀ, ਜਿਸ ਕਾਰਨ ਸ਼ਹਿਰ ਨਿਵਾਸੀ ਭਾਰੀ ਪ੍ਰੇਸ਼ਾਨੀਆਂ 'ਚੋਂ ਲੰਘ ਰਹੇ ਹਨ। ਮੋਗਾ ਸ਼ਹਿਰ ਦੇ ਇਸ ਸਮੇਂ ਠੱਪ ਪਏ ਵਿਕਾਸ ਕਾਰਜਾਂ ਤੋਂ ਖਫਾ ਸ਼ਹਿਰ ਦੇ ਦੋ ਦਰਜਨ ਦੇ ਕਰੀਬ ਕੌਂਸਲਰਾਂ ਨੇ ਵੀ ਨਿਗਮ ਮੇਅਰ ਵਿਰੁੱਧ ਵਿਰੋਧ ਦਾ ਝੰਡਾ ਚੁੱਕ ਲਿਆ ਹੈ। ਕੌਂਸਲਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਹਿਰ ਦੀਆਂ ਸੜਕਾਂ, ਸੀਵਰੇਜ ਦੀ ਸਮੱਸਿਆ ਅਤੇ ਪੀਣ ਵਾਲੇ ਪਾਣੀ ਦੀ ਕਮੀ ਵਾਲੇ ਖੇਤਰਾਂ ਦੀਆਂ ਪ੍ਰੇਸ਼ਾਨੀਆਂ ਦੂਰ ਨਹੀਂ ਹੁੰਦੀਆਂ, ਉਦੋਂ ਤੱਕ ਲੜੀਵਾਰ ਸ਼ੁਰੂ ਕੀਤਾ ਧਰਨਾ ਜਾਰੀ ਰਹੇਗਾ।
ਕਈ ਸਥਾਨਾਂ 'ਤੇ 3 ਮਹੀਨਿਆਂ ਤੋਂ ਪਏ ਪੱਥਰ ਉਪਰ ਨਹੀਂ ਪਿਆ ਪ੍ਰੀਮਿਕਸ
ਨਗਰ ਨਿਗਮ ਮੋਗਾ ਦੀ ਐੱਫ. ਐੱਡ ਸੀ. ਕਮੇਟੀ ਦੇ ਮੈਂਬਰ ਅਤੇ ਕੌਂਸਲਰ ਗੁਰਮਿੰਦਰਜੀਤ ਸਿੰਘ ਬਬਲੂ ਦਾ ਕਹਿਣਾ ਹੈ ਕਿ ਸ਼ਹਿਰ ਦੇ ਪਹਾੜਾ ਸਿੰਘ ਚੌਕ, ਵਾਰਡ ਨੰਬਰ-6, ਸੰਤ ਨਗਰ ਆਦਿ ਤੋਂ ਇਲਾਵਾ ਕਈ ਹੋਰ ਵਾਰਡਾਂ 'ਚ ਟੁੱਟੀਆਂ ਸੜਕਾਂ ਅਜੇ ਤੱਕ ਅਧੂਰੀਆਂ ਹਨ ਅਤੇ ਵਾਰਡ ਨੰਬਰ 6-7 ਦੇ ਇਲਾਕੇ 'ਚ ਕੰਮ ਸ਼ੁਰੂ ਤਾਂ ਹੋਇਆ ਹੈ ਪਰ ਉੱਥੇ ਵੀ ਪਿਛਲੇ 3 ਮਹੀਨਿਆਂ ਤੋਂ ਵਿਕਾਸ ਕਾਰਜ ਪੱਥਰ ਪਾ ਕੇ ਛੱਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਸੜਕਾਂ 'ਤੇ ਪ੍ਰੀਮਿਕਸ ਨਾ ਪੈਣ ਕਾਰਨ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਸ਼ਹਿਰ ਵਾਸੀ ਵਿਕਾਸ ਕਾਰਜਾਂ ਪ੍ਰਤੀ ਉਨ੍ਹਾਂ ਨੂੰ ਪੁੱਛਦੇ ਹਨ ਤਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋਣ ਦੇ ਨਾਂ 'ਤੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਮੇਅਰ ਅਤੇ ਅਧਿਕਾਰੀਆਂ ਦਾ ਵਿਕਾਸ ਕਾਰਜਾਂ ਸਬੰਧੀ ਧਿਆਨ ਨਹੀਂ ਹੈ।


Related News