''ਏਸ਼ੀਅਨ ਗੇਮਜ਼'' ''ਚ ਸ਼ੂਟਿੰਗ ਮੁਕਾਬਲੇ ਦੌਰਾਨ ਜਿੱਤਿਆ ਚਾਂਦੀ ਦਾ ਤਗਮਾ
Tuesday, Sep 29, 2026 - 08:07 PM (IST)
ਤਲਵਾੜਾ, (ਜੋਸ਼ੀ): ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਦਸੂਹਾ ਅਧੀਨ ਆਉਂਦੇ ਪਿੰਡ ਬਹਿ ਮਾਵਾ ਦੇ ਹੋਣਹਾਰ ਨੌਜਵਾਨ ਨੀਰਜ ਕੁਮਾਰ ਨੇ ਜਾਪਾਨ ਵਿਖੇ ਚੱਲ ਰਹੀਆਂ 'ਏਸ਼ੀਅਨ ਗੇਮਜ਼' 'ਚ ਸ਼ੂਟਿੰਗ ਮੁਕਾਬਲੇ ਦੌਰਾਨ ਚਾਂਦੀ ਦਾ ਤਗਮਾ (ਸਿਲਵਰ ਮੈਡਲ) ਜਿੱਤ ਕੇ ਪੂਰੇ ਪੰਜਾਬ ਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਖਿਡਾਰੀ ਦੇ ਪਿਤਾ ਸੇਵਾ-ਮੁਕਤ ਕੈਪਟਨ ਰਵਿੰਦਰ ਸਿੰਘ ਤੇ ਮਾਤਾ ਲਲਿਤਾ ਦੇਵੀ ਨੇ ਦੱਸਿਆ ਕਿ ਨੀਰਜ ਨੂੰ ਬਚਪਨ ਤੋਂ ਹੀ ਸ਼ੂਟਿੰਗ (ਨਿਸ਼ਾਨੇਬਾਜ਼ੀ) ਦਾ ਬਹੁਤ ਸ਼ੌਕ ਸੀ ।
ਆਪਣੀ ਸਖ਼ਤ ਮਿਹਨਤ ਅਤੇ ਲਗਨ ਦੇ ਬਲਬੂਤੇ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ । ਉਨ੍ਹਾਂ ਦੱਸਿਆ ਕਿ ਨੀਰਜ ਇਸ ਤੋਂ ਪਹਿਲਾਂ ਵੀ ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਦੇਸ਼ਾਂ ਵਿੱਚ ਖੇਡਦਿਆਂ ਗੋਲਡਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਦੇਸ਼ ਦਾ ਮਾਣ ਵਧਾ ਚੁੱਕਾ ਹੈ । ਜਾਪਾਨ ਦੀਆਂ ਏਸ਼ੀਅਨ ਖੇਡਾਂ ਵਿੱਚ ਨੀਰਜ ਕੁਮਾਰ ਵੱਲੋਂ ਚਾਂਦੀ ਦਾ ਤਗਮਾ ਜਿੱਤਣ ਦੀ ਖ਼ਬਰ ਜਿਵੇਂ ਹੀ ਪਿੰਡ ਬਹਿ ਮਾਵਾ ਪਹੁੰਚੀ, ਤਾਂ ਪੂਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਲਾਕਾ ਨਿਵਾਸੀਆਂ ਅਤੇ ਸਥਾਨਕ ਸ਼ਖ਼ਸੀਅਤਾਂ ਵੱਲੋਂ ਪਰਿਵਾਰ ਨੂੰ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
