ਮਹਿਲਾ ਜੇਲ ਦੀ ਸਰਚ ਕਰਨ ਗਈ ਪੁਲਸ ਉਦੋਂ ਰਹਿ ਗਈ ਹੈਰਾਨ ਜਦੋਂ ਲਈ ਇਨ੍ਹਾਂ ਪੰਜ ਔਰਤਾਂ ਦੀ ਤਲਾਸ਼ੀ

11/24/2017 7:45:13 PM

ਲੁਧਿਆਣਾ (ਸਿਆਲ) : ਤਾਜਪੁਰ ਰੋਡ ਸਥਿਤ ਮਹਿਲਾ ਜੇਲ 'ਚ ਸਰਚ ਦੌਰਾਨ 5 ਬੰਦੀ ਔਰਤਾਂ ਕੋਲੋਂ ਮੋਬਾਇਲ ਫੋਨ ਬਰਾਮਦ ਹੋਏ ਹਨ। ਇਨ੍ਹਾਂ 'ਚੋਂ 4 ਹਵਾਲਾਤੀ ਔਰਤਾਂ ਜਿਥੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਜੇਲ 'ਚ ਬੰਦ ਹਨ, ਉਥੇ ਪੰਜਵੀਂ ਖਿਲਾਫ ਕਤਲ ਦਾ ਦੋਸ਼ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹਿਲਾ ਜੇਲ 'ਚ ਈ-ਪ੍ਰਿਜ਼ਨ ਡਿਊਟੀ 'ਤੇ ਤਾਇਨਾਤ ਰਾਜਵੰਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਸਰਚ ਦੌਰਾਨ ਬੈਰਕ ਨੰ. 3 ਵਿਚ ਹਵਾਲਾਤੀ ਨਿੰਦਰੀ, ਬਲਵਿੰਦਰ ਕੌਰ, ਰਜਨੀ ਕੁਮਾਰੀ, ਸੀਮਾ ਰਾਣੀ ਤੇ ਸੀਰਤ ਦੇ ਕੋਲੋਂ ਮੋਬਾਇਲ ਫੋਨ ਫੜੇ ਗਏ। ਹਵਾਲਾਤੀ ਨਿੰਦਰੀ ਅਤੇ ਸੀਰਤ ਦੇ ਮੋਬਾਇਲਾਂ 'ਚੋਂ ਸਿਮ ਵੀ ਬਰਾਮਦ ਕੀਤੇ ਗਏ ਹਨ। ਰਾਜਵੰਤ ਕੌਰ ਨੇ ਦੱਸਿਆ ਕਿ ਇਕ ਹਵਾਲਾਤੀ ਨੂੰ ਜਦੋਂ ਬਾਥਰੂਮ ਵਿਚ ਫੋਨ ਕਰਦੇ ਸਮੇਂ ਫੜਨ ਦਾ ਯਤਨ ਕੀਤਾ ਤਾਂ ਉਸ ਨੇ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ।
ਔਰਤ ਜੇਲ ਦੀ ਸੁਪਰਡੈਂਟ ਦਮਨਜੀਤ ਕੌਰ ਵਾਲੀਆ ਦਾ ਕਹਿਣਾ ਹੈ ਕਿ ਮਹਿਲਾ ਜੇਲ 'ਚ ਫੋਰਸ ਦੀ ਕਮੀ ਕਾਰਨ ਕਦੇ ਕਦਾਈਂ ਸ਼ਾਤਰ ਕਿਸਮ ਦੀਆਂ ਹਵਾਲਾਤੀ ਔਰਤਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਵਿਚ ਕਾਮਯਾਬ ਹੋ ਜਾਂਦੀਆਂ ਹਨ। ਇਸੇ ਕਾਰਨ ਜੇਲ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਫਿਰ ਵੀ ਸੁਰੱਖਿਆ ਕਰਮਚਾਰੀਆਂ ਨੇ ਚੌਕਸੀ ਵਰਤਦੇ ਹੋਏ ਮੁਸਤੈਦੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਜੇਲ ਪ੍ਰਸ਼ਾਸਨ ਨੇ ਉਕਤ ਕੇਸ ਪੁਲਸ ਨੂੰ ਭੇਜ ਦਿੱਤਾ ਹੈ। ਨਾਲ ਹੀ ਪੁਲਸ ਨੇ ਉਕਤ ਔਰਤਾਂ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News