ਸਰਹੱਦੀ ਪਿੰਡਾਂ ਦੀਆਂ ਔਰਤਾਂ ਬੋਲੀਆਂ : ''ਲੋੜ ਪਈ ਤਾਂ ਵੇਲਣੇ ਛੱਡ ਬੰਦੂਕ ਫੜਣ ਨੂੰ ਤਿਆਰ''
Tuesday, Feb 26, 2019 - 08:31 PM (IST)

ਫਿਰੋਜ਼ਪੁਰ, (ਕੁਮਾਰ)–ਭਾਰਤੀ ਹਵਾਈ ਸੈਨਾ ਵੱਲੋਂ ਏਅਰ ਸਟ੍ਰਾਈਕ ਕਰਦੇ ਹੋਏ ਪਾਕਿ ਨੂੰ ਅੱਤਵਾਦੀ ਹਮਲੇ ਦਾ ਜਵਾਬ ਦੇਣ ਤੋਂ ਬਾਅਦ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਅਲਰਟ ਜਾਰੀ ਕਰ ਕੇ ਸਰਹੱਦਾਂ ’ਤੇ ਗਸ਼ਤ, ਪਹਿਰਾ ਵਧਾ ਦਿੱਤਾ ਗਿਆ ਹੈ। ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ’ਤੇ ਰਹਿੰਦੇ ਲੋਕਾਂ ’ਚ ਭਾਰਤੀ ਹਵਾਈ ਸੈਨਾ ਦੀ ਇਸ ਏਅਰ ਸਟ੍ਰਾਈਕ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ ਅਤੇ ਸਰਹੱਦੀ ਪਿੰਡਾਂ ’ਚ ਰਹਿੰਦੇ ਮਰਦ, ਔਰਤਾਂ, ਨੌਜਵਾਨ ਤੇ ਬੱਚੇ ਅਜਿਹੀ ਘੜੀ ਵਿਚ ਹਵਾਈ ਸੈਨਾ ਨੂੰ ਵਧਾਈ ਦੇ ਰਹੇ ਹਨ। ਸਰਹੱਦੀ ਲੋਕਾਂ ਨੇ ਅੱਜ ਪਾਕਿ ਖਿਲਾਫ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਕਿਹਾ ਕਿ ਜੇਕਰ ਪਾਕਿ ਭਾਰਤ ’ਤੇ ਕਿਸੇ ਤਰ੍ਹਾਂ ਦਾ ਹਮਲਾ ਕਰਨ ਦੀ ਸੋਚਦਾ ਹੈ ਤਾਂ ਸਰਹੱਦ ’ਤੇ ਵੱਸੇ ਲੋਕ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦੇਣ ਲਈ ਭਾਰਤੀ ਸੈਨਾ ਤੇ ਬੀ. ਐੱਸ. ਐੱਫ. ਦੇ ਜਵਾਨਾਂ ਦੇ ਨਾਲ ਖੜੇ ਹੋਣਗੇ।ਔਰਤਾਂ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਵੀ ਸਥਿਤੀ ਬਣਦੀ ਹੈ ਤਾਂ ਉਹ ਵੇਲਣੇ ਛੱਡ ਕੇ ਬੰਦੂਕਾਂ ਫੜਣ ਲਈ ਵੀ ਤਿਆਰ ਹਨ। ਫਿਰੋਜ਼ਪੁਰ ਦੇ ਸਰਹੱਦੀ ਲੋਕ ਜੋ 1965 ਅਤੇ ਪਾਕਿ ਦੇ ਨਾਲ 1971 ਦੀਆਂ ਜੰਗਾਂ ਦੇਖ ਚੁੱਕੇ ਹਨ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿ ਬੁਖਲਾਹਟ ਵਿਚ ਅਜਿਹੇ ਵਕਤ ’ਤੇ ਕੋਈ ਵੀ ਘਟੀਆ ਸ਼ਰਾਰਤ ਕਰ ਸਕਦਾ ਹੈ।
ਸਰਹੱਦੀ ਪਿੰਡਾਂ ’ਚ ਸੁਰੱਖਿਆ ਵਧਾਈ ਗਈ
ਜੈਸ਼-ਏ-ਮੁਹੰਮਦ ਵੱਲੋਂ ਪੁਲਵਾਮਾ ਵਿਚ ਕੀਤੇ ਗਏ ਅੱਤਵਾਦੀ ਹਮਲੇ ਅਤੇ ਹੁਣ ਭਾਰਤੀ ਹਵਾਈ ਸੈਨਾ ਵੱਲੋਂ ਕੀਤੀ ਗਈ ਏਅਰ ਸਟ੍ਰਾਈਕ ਤੋਂ ਬਾਅਦ ਫਿਰੋਜ਼ਪੁਰ ਬਾਰਡਰ ’ਤੇ ਅਤੇ ਸਰਹੱਦੀ ਪਿੰਡਾਂ ’ਚ ਸੈਨਾ, ਬੀ. ਐੱਸ. ਐੱਫ., ਪੁਲਸ ਤੇ ਹੋਰ ਸੈਨਾ ਵੱਲੋਂ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ ਤੇ ਫੈਸਿੰਗ ਦੇ ਨਾਲ-ਨਾਲ ਅਤੇ ਸਤਲੁਜ ਦਰਿਆ ਦੇ ਇਲਾਕੇ ’ਚ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ। ਫਿਰੋਜ਼ਪੁਰ ਸ਼ਹਿਰ, ਛਾਉਣੀ ਤੇ ਆਸ-ਪਾਸ ਦੇ ਸਰਹੱਦੀ ਪਿੰਡਾਂ ’ਚ ਪੁਲਸ ਵੱਲੋਂ ਨਾਕਾਬੰਦੀ ਕਰ ਕੇ ਚੈਕਿੰਗ ਤੇ ਗਸ਼ਤ ਤੇਜ਼ ਕਰ ਦਿੱਤੀ ਗਈ ਹੈ।