...ਤੇ ਹੁਣ ਇਕ ਹੋਰ ਮਹਿਲਾ ਡਰੱਗ ਇੰਸਪੈਕਟਰ ਨੂੰ ਮਿਲ ਰਹੀਆਂ ਧਮਕੀਆਂ
Friday, Apr 12, 2019 - 04:55 PM (IST)
ਚੰਡੀਗੜ੍ਹ (ਮਨਮੋਹਨ) : ਪੰਜਾਬ ਦੀ ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੌਰੀ ਦੇ ਕਤਲ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ ਕਿ ਚੰਡੀਗੜ੍ਹ ਦੀ ਇਕ ਹੋਰ ਮਹਿਲਾ ਡਰੱਗ ਇੰਸਪੈਕਟਰ ਨੂੰ ਦਫਤਰ 'ਚ ਵੜ ਕੇ ਧਮਕੀਆਂ ਦੇਣ ਦਾ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। ਜਾਣਕਾਰੀ ਮੁਤਾਬਕ ਮਹਿਲਾ ਡਰੱਗ ਇੰਸਪੈਕਟਰ ਸਾਰਿਕਾ ਮਲਿਕ ਨੇ ਦੱਸਿਆ ਕਿ 2 ਦੋਸ਼ੀ ਬਰਜਿੰਦਰ ਨਾਥ ਚੌਬੇ ਅਤੇ ਰਾਹੁਲ ਚੌਬੇ ਸੈਕਟਰ-16 ਸਥਿਤ ਡਰੱਗ ਕੰਟਰੋਲਰ ਦੇ ਦਫਤਰ 'ਚ ਵੜ ਗਏ ਅਤੇ ਉਨ੍ਹਾਂ ਨੂੰ ਘੂਰਨ ਲੱਗ ਪਏ। ਸਿਰਫ ਇੰਨਾ ਹੀ ਨਹੀਂ, ਦੋਹਾਂ ਨੇ ਡਰੱਗ ਕੰਟਰੋਲਰ ਨੂੰ ਇਤਰਾਜ਼ਯੋਗ ਗੱਲਾਂ ਵੀ ਕਹੀਆਂ ਅਤੇ ਧਮਕੀ ਦੇਣੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
ਫਿਲਹਾਲ ਪੁਲਸ ਨੇ ਦੋਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮਹਿਲਾ ਡਰੱਗ ਇੰਸਪੈਕਟਰ ਮੁਤਾਬਕ ਬਰਜਿੰਦਰ ਨਾਥ ਖੁਦ ਨੂੰ ਦਿੱਲੀ ਹਾਈਕੋਰਟ ਦਾ ਵਕੀਲ ਦੱਸਦਾ ਹੈ ਅਤੇ ਡਰੱਗ ਲਾਈਸੈਂਸ ਬਣਾਉਣ ਵਾਲਿਆਂ ਦੀ ਪੈਰਵੀ ਕਰਦਾ ਹੈ। ਉਨ੍ਹਾਂ ਦਾ ਇਹ ਵੀ ਦੋਸ਼ ਸੀ ਕਿ ਬਰਜਿੰਦਰ ਸਿੰਘ ਪਿਛਲੇ 3 ਮਹੀਨਿਆਂ ਤੋਂ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕਰ ਰਿਹਾ ਹੈ ਅਤੇ ਲਾਈਸੈਂਸ ਬਣਾਉਣ ਦਾ ਦਬਾਅ ਪਾ ਰਿਹਾ ਹੈ ਅਤੇ ਵਿਰੋਧ ਕਰਨ 'ਤੇ ਧਮਕੀ ਦਿੰਦਾ ਹੈ। ਸਾਰਿਕਾ ਮਲਿਕ ਨੇ ਦੱਸਿਆ ਕਿ ਬਰਜਿੰਦਰ ਨਾਥ ਚੌਬੇ ਪੈਸੇ ਲੈ ਕੇ ਕਲਾਈਂਟ ਤੋਂ ਡਰੱਗ ਲਾਈਸੈਂਸ ਬਣਵਾਉਣ ਦਾ ਕੰਮ ਆਪਣੇ ਹੱਥਾਂ 'ਚ ਲੈਂਦਾ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।