ਮਹਿਲਾ ਕਾਂਸਟੇਬਲਾਂ ਦੀ ਪੁਲਸ ਵਰਦੀ ’ਚ ਵਾਇਰਲ ਹੋਈ ਨਾਚ ਗਾਣੇ ਦੀ ਵੀਡੀਓ
Monday, Mar 02, 2020 - 01:36 PM (IST)
ਫਿਰੋਜ਼ਪੁਰ (ਮਲਹੋਤਰਾ) - ਡਿਊਟੀ ਟਾਈਮ ’ਚ ਵਰਦੀ ਪਾ ਕੇ ਟਿਕ-ਟੋਕ ਵੀਡੀਓ ਬਣਾਉਂਦੀਆਂ ਪੁਲਸ ਕਾਂਸਟੇਬਲਾਂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਿਥੇ ਇਕ ਪਾਸੇ ਪੁਲਸ ਦਾ ਮਜ਼ਾਕ ਉੱਡ ਰਿਹਾ ਹੈ, ਉਥੇ ਇਹ ਮਾਮਲਾ ਐੱਸ.ਐੱਸ.ਪੀ. ਤੱਕ ਪਹੁੰਚਣ ਤੋਂ ਬਾਅਦ ਉਨ੍ਹਾਂ ਜਾਂਚ ਦੇ ਹੁਕਮ ਦਿੱਤੇ ਹਨ। ਪਤਾ ਲੱਗਾ ਹੈ ਕਿ ਸਿਟੀ ਇਲਾਕੇ ’ਚ ਡਿਊਟੀ ਕਰ ਰਹੀਆਂ ਕੁਝ ਮਹਿਲਾ ਕਾਂਸਟੇਬਲਾਂ ਵਲੋਂ ਵਰਦੀ ਵਿਚ ਹੀ ਨਾਚ ਗਾਣਾ ਕਰਦੇ ਹੋਏ ਟਿਕ-ਟੋਕ ’ਤੇ ਆਪਣੀ ਵੀਡੀਓ ਨੂੰ ਬਣਾ ਕੇ ਆਪਣੀ ਆਈ. ਡੀ. ’ਤੇ ਭੇਜ ਦਿੱਤਾ। ਵੀਡੀਓ ਨੂੰ ਦੇਖਦੇ ਸਾਰ ਕਿਸੇ ਨੇ ਅੱਗੋਂ ਇਸ ਵੀਡੀਓ ਨੂੰ ਵਾਇਰਲ ਕਰ ਦਿੱਤਾ, ਜਿਸ ਕਾਰਨ ਇਹ ਮਾਮਲਾ ਜ਼ਿਲਾ ਅਧਿਕਾਰੀਆਂ ਤੱਕ ਜਾ ਪੁੱਜਾ।
ਇਸ ਮਾਮਲੇ ਦੇ ਸਬੰਧ ’ਚ ਜਦੋਂ ਥਾਣਾ ਸਿਟੀ ਮੁਖੀ ਜਤਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੈਟਰੋਲਿੰਗ ਕਾਂਸਟੇਬਲਾਂ ਅਤੇ ਮਹਿਲਾ ਕਾਂਸਟੇਬਲਾਂ ਦੀ ਡਿਊਟੀ ਜ਼ਿਲਾ ਹੈੱਡ ਕੁਆਰਟਰ ਤੋਂ ਲੱਗਦੀ ਹੈ। ਉਨ੍ਹਾਂ ਦਾ ਥਾਣਾ ਸਿਟੀ ਨਾਲ ਕੋਈ ਸਬੰਧ ਨਹੀਂ। ਦੂਜ ਪਾਸੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਨੇ ਵਾਇਰਲ ਵੀਡੀਓ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਐੱਸ.ਪੀ. ਡੀ. ਨੂੰ ਉਨ੍ਹਾਂ ਨੇ ਇਸ ਵੀਡੀਓ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ। ਮਾਮਲੇ ਦੀ ਜਾਂਚ ਵਿਚ ਜੋ ਕੁਝ ਸਾਹਮਣੇ ਆਵੇਗਾ, ਉਸ ਅਨੁਸਾਰ ਇਸ ਮਾਮਲੇ ਦੀ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਸੋਸ਼ਲ ਸਾਈਟ ’ਤੇ ਵੀਡੀਓ ਬਣਾਉਣ ਕੋਈ ਗਲਤ ਗੱਲ ਨਹੀਂ ਪਰ ਡਿਊਟੀ ਦੌਰਾਨ ਪੁਲਸ ਵਰਦੀ ’ਚ ਵੀਡੀਓ ਬਣਾਉਣਾ ਆਮ ਲੋਕਾਂ ’ਚ ਪੁਲਸ ਦੀ ਗਲਤ ਇਮੇਜ ਪੇਸ਼ ਕਰਦਾ ਹੈ।