ਮੁਨਸ਼ੀ ਨਿਰਭੈ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਸਟੇਬਲ ਅਮਨਪ੍ਰੀਤ ਕੌਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

Tuesday, Jun 13, 2017 - 12:21 PM (IST)

ਮੁਨਸ਼ੀ ਨਿਰਭੈ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਾਂਸਟੇਬਲ ਅਮਨਪ੍ਰੀਤ ਕੌਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਹਲਵਾਰਾ/ਜੋਧਾਂ/ਗੁਰੂਸਰ ਸੁਧਾਰ (ਟੂਸੇ, ਮਨਦੀਪ)- ਪਿਛਲੇ ਦਿਨੀਂ ਮਹਿਲਾ ਕਾਂਸਟੇਬਲ ਅਮਨਪ੍ਰੀਤ ਕੌਰ ਨਵੀਂ ਆਬਾਦੀ ਅਕਾਲਗੜ੍ਹ ਦੀ ਥਾਣਾ ਜੋਧਾ 'ਚ ਹੋਈ ਮੌਤ 'ਤੇ ਉਸਦੇ ਜੱਦੀ ਪਿੰਡ ਖੰਡੂਰ 'ਚ ਸਵੇਰ ਤੋਂ ਹੀ ਪਿੰਡ ਖੰਡੂਰ ਸਮੇਤ ਇਲਾਕੇ ਦੇ ਵੱਖ-ਵੱਖ ਪਿੰਡਾਂ ਦੇ ਲੋਕ ਅਤੇ ਜਥੇਬੰਦੀਆਂ ਦੇ ਆਗੂ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ ।
ਸਵੇਰੇ ਤੋਂ ਹੀ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਯੁਰਿੰਦਰ ਸਿੰਘ ਹੇਅਰ ਦਿਹਾਤੀ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਭਾਰੀ ਪੁਲਸ ਫੋਰਸ ਨਾਲ ਪੁੱਜੇ । ਮ੍ਰਿਤਕਾ ਦੇ ਘਰ ਐੱਸ. ਪੀ. ਮਨਦੀਪ ਸਿੰਘ ਗਿੱਲ, ਡੀ. ਐੱਸ. ਪੀ. ਸੁਰਜੀਤ ਸਿੰਘ ਧਨੋਆ ਪੁੱਜੇ ਅਤੇ ਪਰਿਵਾਰਕ ਮੈਂਬਰਾਂ ਅਤੇ ਸੰਘਰਸ਼ ਕਮੇਟੀ ਦੇ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ। ਪਿੰਡ ਦੀ ਸੱਥ 'ਚ ਇਕੱਤਰ ਲੋਕਾਂ ਨੂੰ ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਦਾ ਕਥਿਤ ਦੋਸ਼ੀ ਮੁਨਸ਼ੀ ਨਿਰਭੈ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਐੱਸ. ਐੱਚ. ਓ. ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ । ਜਾਂਚ ਉਪਰੰਤ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਅੱਗੇ ਕਾਰਵਾਈ ਕੀਤੀ ਜਾਵੇਗੀ । ਇਸ ਮੌਕੇ ਉਨ੍ਹਾਂ ਨੇ ਪਰਿਵਾਰ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਇਸ ਦੀ ਪੁਸ਼ਟੀ ਕਰਨ ਦੇ ਲਈ ਪਰਿਵਾਰ ਦੇ ਮੈਂਬਰਾਂ ਸਮੇਤ ਸੰਘਰਸ਼ ਕਮੇਟੀ ਦੇ ਪੰਜ ਮੈਂਬਰਾਂ ਨੂੰ ਨਾਲ ਲਿਜਾਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਥਿਤ ਦੋਸ਼ੀ ਦਿਖਾਇਆ ਗਿਆ। ਉਪਰੰਤ ਬਾਅਦ ਦੁਪਹਿਰ ਸ਼ਹੀਦ ਕਰਤਾਰ ਸਿੰਘ ਸਰਾਭਾ ਚੈਰੀਟੇਬਲ ਹਸਪਤਾਲ ਸਰਾਭਾ ਤੋਂ ਮ੍ਰਿਤਕ ਅਮਨਪ੍ਰੀਤ ਕੌਰ ਦੀ ਦੇਹ ਨੂੰ ਸਿੱਧੇ ਖੰਡੂਰ ਦੇ ਸ਼ਮਸ਼ਾਨਘਾਟ ਵਿਖੇ ਲਿਆਂਦਾ ਗਿਆ, ਜਿਥੇ ਭਾਰੀ ਪੁਲਸ ਬਲ ਤਾਇਨਾਤ ਸੀ । ਕਰੀਬ 2.30 ਵਜੇ ਸੈਂਕੜੇ ਲੋਕਾਂ ਦੀ ਮੌਜੂਦਗੀ 'ਚ ਮ੍ਰਿਤਕਾ ਦਾ ਸਸਕਾਰ ਕਰ ਦਿੱਤਾ ਗਿਆ, ਜਿਸਨੂੰ ਪੁਲਸ ਬਲ ਦੀ ਟੁਕੜੀ ਨੇ ਪੰਜ ਬੰਦੂਕਾਂ ਨਾਲ ਫਾਇਰ ਕਰਕੇ ਸਲਾਮੀ ਦਿੱਤੀ । ਹਲਕਾ ਰਾਏਕੋਟ ਦੇ ਵਿਧਾਇਕ ਜਗਤਾਰ ਸਿੰਘ ਹਿਸੋਵਾਲ, ਸਾਬਕਾ ਵਿਧਾਇਕ ਕਾਮਰੇਡ ਤਰਸੇਮ ਸਿੰਘ ਜੋਧਾਂ, ਐੱਸ. ਪੀ. ਐੱਸ. ਐੱਚ. ਓ. ਸੁਧਾਰ ਕੰਵਲਜੀਤ ਸਿੰਘ ਸਮੇਤ ਪੁਲਸ ਅਧਿਕਾਰੀਆਂ, ਸੰਘਰਸ਼ ਕਮੇਟੀ ਦੇ ਮੈਂਬਰਾਂ ਸਮੇਤ ਹੋਰਨਾਂ ਜਥੇਬੰਦਿਆਂ ਦੇ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ । ਮ੍ਰਿਤਕਾ ਅਮਨਪ੍ਰੀਤ ਕੌਰ ਦੇ ਭਰਾ ਗੁਰਿੰਦਰ ਸਿੰਘ ਨੇ ਚਿਤਾ ਨੂੰ ਅਗਨੀ ਦਿਖਾਈ ।


Related News