ਸਹੁਰੇ ਨੇ ਕੁੱਟਮਾਰ ਕਰ ਕੇ ਕੀਤਾ ਨੂੰਹ ਨੂੰ ਜ਼ਖ਼ਮੀ

10/29/2017 6:01:00 PM

ਮੋਗਾ (ਆਜ਼ਾਦ) - ਜ਼ਿਲੇ ਦੇ ਪਿੰਡ ਦੀ ਇਕ ਔਰਤ ਵੱਲੋਂ ਆਪਣੇ ਸਹੁਰੇ ਨੂੰ ਬੁਰੀ ਨਜ਼ਰ ਰੱਖਣ ਤੋਂ ਰੋਕਣ 'ਤੇ ਸਹੁਰੇ ਨੇ ਨੂੰਹ ਨੂੰ ਕੁੱਟਮਾਰ ਕਰਨ ਤੋਂ ਇਲਾਵਾ ਲੋਹੇ ਦੀ ਪੱਤੀ ਮਾਰ ਕੇ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਦਾਖਲ ਕਰਵਾਉਣਾ ਪਿਆ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ 10-12 ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਮੇਰਾ ਸਹੁਰਾ ਸੁਰਜੀਤ ਸਿੰਘ ਉਰਫ ਲੱਲੀ ਮੇਰੇ 'ਤੇ ਬੁਰੀ ਨਜ਼ਰ ਰੱਖਦਾ ਸੀ। ਉਸ ਨੂੰ ਮੈਂ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਕੋਈ ਗੱਲ ਨਹੀਂ ਸੁਣੀ ਅਤੇ ਇਕ ਮਹੀਨਾ ਪਹਿਲਾਂ ਅਜਿਹੀ ਘਟਨਾ ਵਾਪਰਨ 'ਤੇ ਸਾਡਾ ਪੰਚਾਇਤੀ ਤੌਰ 'ਤੇ ਰਾਜ਼ੀਨਾਮਾ ਵੀ ਹੋਇਆ ਸੀ। ਇਸ ਰੰਜਿਸ਼ ਕਾਰਨ ਉਸ ਨੇ ਬੀਤੀ 28 ਅਕਤੂਬਰ ਨੂੰ ਜਦੋਂ ਮੇਰੇ ਵੱਲ ਗਲਤ ਨਜ਼ਰ ਨਾਲ ਵੇਖਿਆ ਤਾਂ ਮੈਂ ਉਸ ਦਾ ਵਿਰੋਧ ਕੀਤਾ, ਜਿਸ ਕਰ ਕੇ ਗੁੱਸੇ 'ਚ ਆ ਕੇ ਉਸ ਨੇ ਮੈਨੂੰ ਕੁੱਟਮਾਰ ਕਰਨ ਤੋਂ ਇਲਾਵਾ ਲੋਹੇ ਦੀ ਪੱਤੀ ਮਾਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ 'ਤੇ ਮੈਂ ਰੌਲਾ ਪਾਇਆ ਤੇ ਦੋਸ਼ੀ ਉੱਥੋਂ ਗਾਲੀ-ਗਲੋਚ ਕਰਦਾ ਹੋਇਆ ਭੱਜ ਗਿਆ, ਜਿਸ 'ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦੇ  ਥਾਣੇਦਾਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੀੜਤਾ ਵੱਲੋਂ ਦਿੱਤੇ ਸ਼ਿਕਾਇਤ ਪੱਤਰ ਤੋਂ ਬਾਅਦ ਜਾਂਚ ਕਰਨ ਉਪਰੰਤ ਉਸ ਦੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।


Related News