ਔਰਤਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਐਲਾਨ

12/19/2019 6:37:54 PM

ਚੰਡੀਗੜ੍ਹ : ਸੰਕਟ ਵਿਚ ਫਸੀਆਂ ਔਰਤਾਂ ਨੂੰ ਲਿਜਾਣ ਅਤੇ ਛੱਡਣ (ਪਿੱਕ-ਅੱਪ ਤੇ ਡਰਾਪ) ਦੀ ਸਹੂਲਤ ਵਿਚ ਵਾਧਾ ਕਰਨ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ 5 ਪ੍ਰਮੁੱਖ ਸ਼ਹਿਰਾਂ ਵਿਚ ਮਹਿਲਾਵਾਂ 'ਤੇ ਅਧਾਰਿਤ ਪੀ.ਸੀ.ਆਰ. ਵੈਨਾਂ ਚਲਾਉਣ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਦੇ ਹੁਕਮਾਂ ਮੁਤਾਬਕ ਸੰਕਟ 'ਚ ਫਸੀਆਂ ਔਰਤਾਂ ਨੂੰ ਉਨ੍ਹਾਂ ਦੇ ਘਰ ਜਾਂ ਕੰਮਕਾਜ ਵਾਲੀ ਥਾਂ 'ਤੇ ਸੁਰੱਖਿਅਤ ਪਹੁੰਚਾਉਣ ਲਈ ਮੁਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਅਤੇ ਜਲੰਧਰ ਵਿਚ ਚਲਾਈਆਂ ਜਾ ਰਹੀਆਂ ਪੀ. ਸੀ. ਆਰ. ਵੈਨਾਂ ਦੀਆਂ ਚਾਲਕ ਵੀ ਔਰਤਾਂ ਹੀ ਹੋਣਗੀਆਂ। ਇਥੇ ਵੀਰਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਔਰਤਾਂ ਨੂੰ ਸੁਰੱਖਿਅਤ ਘਰ ਛੱਡਣ ਦੀ ਸਕੀਮ ਦੀ ਸ਼ੁਰੂਆਤ ਤੋਂ ਬਾਅਦ 3 ਤੋਂ 18 ਦਸੰਬਰ, 2019 ਤੱਕ ਹੈਲਪਲਾਈਨ ਨੰਬਰਾਂ 100/112, 181 ਅਤੇ 1091 'ਤੇ ਕੁੱਲ 40 ਕਾਲਾਂ ਆਈਆਂ ਸਨ। 

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ 3 ਦਸੰਬਰ ਨੂੰ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਧ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਮੁਸੀਬਤ 'ਚ ਔਰਤਾਂ ਨੂੰ ਮੁਫਤ ਪੁਲਸ ਸਹਾਇਤਾ ਦਿੱਤੀ ਜਾਂਦੀ ਹੈ। ਔਰਤ ਕਾਲਰਾਂ ਨੂੰ ਤੁਰੰਤ ਸਬੰਧਤ ਪੁਲਸ ਸਟੇਸ਼ਨਾਂ ਦੇ ਪੁਲਸ ਪੈਟਰੋਲਿੰਗ ਵਾਹਨਾਂ ਨਾਲ ਜੋੜਿਆ ਜਾਵੇਗਾ ਜਿੱਥੇ ਉਪਲਬਧ ਪਿਕ-ਅੱਪ ਅਤੇ ਡਰਾਪ ਦੀ ਸਹੂਲਤ ਨਾਲ ਟੈਕਸੀ ਜਾਂ ਥ੍ਰੀ-ਵ੍ਹੀਲਰ ਰਾਹੀਂ ਸੁਰੱਖਿਅਤ ਘਰ ਪਹੁੰਚਾਇਆ ਜਾਵੇਗਾ। ਡੀਜੀਪੀ ਨੇ ਕਿਹਾ ਕਿ ਭਾਵੇਂ ਇਹ ਯੋਜਨਾ ਅਧਿਕਾਰਤ ਤੌਰ 'ਤੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਦੇ ਸਮੇਂ ਦੌਰਾਨ ਔਕੜ 'ਚ ਫਸੀਆਂ ਔਰਤਾਂ ਲਈ ਘੋਸ਼ਿਤ ਕੀਤੀ ਗਈ ਸੀ, ਪਰ ਮੁੱਖ ਮੰਤਰੀ ਨੇ ਵਿਅਕਤੀਗਤ ਤੌਰ 'ਤੇ ਪੁਲਸ ਨੂੰ ਨਿਰਦੇਸ਼ ਦਿੱਤੇ ਹਨ ਕਿ ਦਿਨ ਦੇ ਕਿਸੇ ਵੀ ਸਮੇਂ ਅਸੁਰੱਖਿਅਤ ਮਹਿਸੂਸ ਕਰਦੀਆਂ ਔਰਤਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਵੇ।


Gurminder Singh

Content Editor

Related News