'ਆਪ' ਕੌਂਸਲਰ ਤੋਂ ਪਰੇਸ਼ਾਨ ਹੋ ਕੇ ਮਹਿਲਾ ਨੇ ਨਿਗਲਿਆ ਜ਼ਹਿਰ! ਹਾਲਤ ਗੰਭੀਰ
Saturday, Jan 31, 2026 - 08:01 PM (IST)
ਮੋਗਾ (ਓਕਾਰਾ) : ਮੋਗਾ ਵਿੱਚ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਸਮਰਥਕ ਕੌਂਸਲਰ ਪ੍ਰਵੀਨ ਮੱਕੜ ਤੋਂ ਕਥਿਤ ਤੌਰ 'ਤੇ ਪਰੇਸ਼ਾਨ ਹੋ ਕੇ ਇੱਕ ਮਹਿਲਾ ਨੇ ਜ਼ਹਿਰੀਲੀ ਵਸਤੂ ਨਿਗਲ ਲਈ। ਪੀੜਤ ਮਹਿਲਾ ਦੀ ਪਛਾਣ ਪਾਇਲ ਸ਼ਰਮਾ ਵਜੋਂ ਹੋਈ ਹੈ, ਜੋ ਮੋਗਾ ਕੋਰਟ ਕੰਪਲੈਕਸ ਦੇ ਬਾਹਰ ਖਾਣੇ ਦਾ ਸਟਾਲ ਲਗਾਉਂਦੀ ਸੀ। ਫਿਲਹਾਲ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅਤੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਪੈਸਿਆਂ ਦਾ ਲੈਣ-ਦੇਣ ਅਤੇ ਧਮਕੀਆਂ
ਪਾਇਲ ਦੇ ਸਟਾਲ 'ਤੇ ਕੰਮ ਕਰਨ ਵਾਲੀ ਮਹਿਲਾ ਰੇਣੂ ਬਾਲਾ ਦਾ ਕੌਂਸਲਰ ਪ੍ਰਵੀਨ ਮੱਕੜ ਨਾਲ ਪੈਸਿਆਂ ਦਾ ਲੈਣ-ਦੇਣ ਸੀ। ਰੇਣੂ ਅਨੁਸਾਰ, ਪਤੀ ਦੀ ਮੌਤ ਕਾਰਨ ਉਹ ਸਮੇਂ ਸਿਰ ਕਿਸ਼ਤ ਨਹੀਂ ਦੇ ਸਕੀ ਸੀ। ਦੋ ਦਿਨ ਪਹਿਲਾਂ ਕੌਂਸਲਰ ਨੇ ਸਟਾਲ 'ਤੇ ਆ ਕੇ ਗਾਹਕਾਂ ਦੀ ਮੌਜੂਦਗੀ ਵਿੱਚ ਪੈਸਿਆਂ ਦੀ ਮੰਗ ਕੀਤੀ ਅਤੇ ਪਾਇਲ ਨੂੰ ਸਟਾਲ ਹਟਾਉਣ ਦੀ ਧਮਕੀ ਦਿੱਤੀ। ਕੌਂਸਲਰ ਵੱਲੋਂ ਧਮਕੀਆਂ ਦੇਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਸਟਾਲ ਮਾਲਕਾਂ ਨਾਲ ਸਖ਼ਤ ਲਹਿਜੇ ਵਿੱਚ ਗੱਲ ਕਰਦਾ ਨਜ਼ਰ ਆ ਰਿਹਾ ਹੈ।
ਦੂਜੀ ਵਾਰ ਧਮਕਾਉਣ ਦੇ ਦੋਸ਼
ਪੀੜਤਾ ਨੇ ਦੋਸ਼ ਲਾਇਆ ਕਿ ਅਗਲੇ ਦਿਨ ਉਸ ਨੂੰ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਰਮਨ ਮਿੱਤਲ ਦੇ ਦਫ਼ਤਰ ਬੁਲਾਇਆ ਗਿਆ। ਉੱਥੇ ਵੀ ਉਸ ਨੂੰ ਦੁਬਾਰਾ ਧਮਕਾਇਆ ਗਿਆ ਅਤੇ ਸਟਾਲ ਚੁੱਕਣ ਲਈ ਕਿਹਾ ਗਿਆ। ਇਸ ਮਾਨਸਿਕ ਪਰੇਸ਼ਾਨੀ ਅਤੇ ਰੋਜ਼ੀ-ਰੋਟੀ ਖੁੱਸਣ ਦੇ ਡਰ ਕਾਰਨ ਪਾਇਲ ਨੇ ਘਰ ਜਾ ਕੇ ਕੋਈ ਜ਼ਹਿਰੀਲਾ ਪਦਾਰਥ ਖਾ ਲਿਆ।
ਪਰਿਵਾਰ ਦਾ ਪੱਖ ਅਤੇ ਹਾਲਤ
ਪਾਇਲ ਦੀ ਮਾਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਇੱਕ ਹੀ ਬੇਟੀ ਹੈ ਅਤੇ ਪੂਰੇ ਪਰਿਵਾਰ ਦਾ ਖਰਚਾ ਇਸੇ ਸਟਾਲ ਤੋਂ ਚਲਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੌਂਸਲਰ ਨੇ ਬਹੁਤ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਕਾਰਨ ਉਨ੍ਹਾਂ ਦੀ ਬੇਟੀ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ।
ਕੌਂਸਲਰ ਦੀ ਸਫ਼ਾਈ ਤੇ ਪੁਲਸ ਕਾਰਵਾਈ
ਦੂਜੇ ਪਾਸੇ ਕੌਂਸਲਰ ਪ੍ਰਵੀਨ ਮੱਕੜ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਇਲ ਅਤੇ ਉਸ ਦੇ ਪਤੀ ਨੇ ਹੀ ਉਨ੍ਹਾਂ ਨੂੰ ਧਮਕਾਇਆ ਸੀ ਅਤੇ ਚੇਅਰਮੈਨ ਦੇ ਦਫ਼ਤਰ ਵਿੱਚ ਵੀ ਕੋਈ ਗਲਤ ਗੱਲ ਨਹੀਂ ਹੋਈ। ਥਾਣਾ ਸਿਟੀ 1 ਦੇ ਐੱਸ.ਐੱਚ.ਓ. ਬਰੁਣ ਕੁਮਾਰ ਨੇ ਦੱਸਿਆ ਕਿ ਪੀੜਤ ਮਹਿਲਾ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
