ਪਾਕਿਸਤਾਨੀ ਪਾਸਟਰ ਦੇ ਪਿਆਰ ’ਚ ਔਰਤ ਨੇ ਕੀਤਾ ਬਾਰਡਰ ਪਾਰ
Tuesday, May 27, 2025 - 12:10 AM (IST)

ਅੰਮ੍ਰਿਤਸਰ, (ਨੀਰਜ)- ਇਕ 43 ਸਾਲਾ ਔਰਤ ਨੂੰ ਇਕ ਪਾਕਿਸਤਾਨੀ ਪਾਸਟਰ ਨਾਲ ਇੰਨਾ ਪਿਆਰ ਹੋ ਗਿਆ ਕਿ ਉਸ ਨੇ ਸਰਹੱਦ ਪਾਰ ਕਰ ਦਿੱਤੀ। ਇਸ ਦੌਰਾਨ ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਫੜ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਨੀਤਾ ਜਾਂਗੜੇ ਨਾਂ ਦੀ ਇਕ ਔਰਤ ਨਾਗਪੁਰ ਦੀ ਰਹਿਣ ਵਾਲੀ ਹੈ ਅਤੇ 14 ਮਈ ਨੂੰ ਉਸ ਨੇ ਕਾਰਗਿਲ ਦੇ ਹੁੰਦਰਮਨ ਪਿੰਡ ਤੋਂ ਕੰਟਰੋਲ ਰੇਖਾ ਪਾਰ ਕੀਤੀ ਸੀ। ਸੁਨੀਤਾ ਆਪਣੇ 14 ਸਾਲ ਦੇ ਪੁੱਤਰ ਨਾਲ ਛੁੱਟੀਆਂ ਮਨਾਉਣ ਲੱਦਾਖ ਗਈ ਸੀ, ਇਸੇ ਦੌਰਾਨ ਉਹ ਅਚਾਨਕ ਲਾਪਤਾ ਹੋ ਗਈ ਅਤੇ ਉਸ ਦਾ ਪੁੱਤਰ ਹੋਟਲ ਵਿਚ ਸੀ, ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਔਰਤ ਨੂੰ ਕੁਝ ਸਮਾਂ ਪਹਿਲਾਂ ਇਕ ਪਾਸਟਰ ਅਤੇ ਜ਼ੁਲਫਿਕਾਰ ਨਾਮ ਦੇ ਇੱਕ ਪਾਕਿਸਤਾਨੀ ਨਾਗਰਿਕ ਨਾਲ ਗੱਲ ਕਰਦੇ ਦੇਖਿਆ ਗਿਆ ਸੀ। ਬਾਰੀਕੀ ਨਾਲ ਜਾਂਚ ਕਰਨ ’ਤੇ, ਫ਼ੋਨ ਰਿਕਾਰਡਾਂ ਅਤੇ ਸੋਸ਼ਲ ਮੀਡੀਆ ਗਤੀਵਿਧੀਆਂ ਤੋਂ ਪਤਾ ਲੱਗਾ ਕਿ ਉਸ ਨੇ ਪਹਿਲਾਂ ਦੋ ਵਾਰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਸੁਰੱਖਿਆ ਬਲਾਂ ਨੇ ਉਸ ਨੂੰ ਰੋਕ ਲਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਔਰਤ ਸੁਨੀਤਾ ਸਰਹੱਦੀ ਖੇਤਰ ਦੇ ਪਿੰਡ ਕਾਰਗਿਲ ਤੋਂ ਪਾਕਿਸਤਾਨ ਵਿੱਚ ਦਾਖਲ ਹੋਈ ਸੀ। ਜ਼ਿਕਰਯੋਗ ਹੈ ਕਿ ਇਹ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਕੁਝ ਕਿਲੋਮੀਟਰ ਦੂਰ ਹੈ। ਇਸ ਤਰ੍ਹਾਂ ਜਦੋਂ ਉਹ ਸਰਹੱਦ ਪਾਰ ਕਰਦਾ ਹੈ ਤਾਂ ਅਜਿਹਾ ਲਗਦਾ ਹੈ ਕਿ ਪਿੰਡ ਦੇ ਲੋਕ ਸਰਹੱਦ ਪਾਰ ਕਰਨ ਵਿਚ ਉਸ ਦੀ ਮਦਦ ਕਰਦੇ ਹਨ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਣਯੋਗ ਹੈ ਕਿ ਔਰਤ ਕਾਰਗਿਲ ਦੇ ਹੁੰਦਰਮਨ ਪਿੰਡ ਤੋਂ ਕੰਟਰੋਲ ਰੇਖਾ ਪਾਰ ਕਰ ਕੇ ਗਿਲਗਿਤ-ਬਾਲਟਿਸਤਾਨ ਖੇਤਰ ਪਹੁੰਚੀ, ਜਿੱਥੇ ਪਾਕਿਸਤਾਨ ਰੇਂਜਰਾਂ ਨੇ ਤੁਰੰਤ ਉਸ ਨੂੰ ਹਿਰਾਸਤ ਵਿਚ ਲੈ ਲਿਆ।
ਉਸ ਤੋਂ ਪੁੱਛਗਿੱਛ ਕੀਤੀ ਗਈ ਫਿਰ ਦੋਵਾਂ ਦੇਸ਼ਾਂ ਵਿਚਕਾਰ ਸੰਪਰਕ ਸਥਾਪਤ ਹੋਇਆ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਔਰਤ ਨੂੰ ਵਾਪਸ ਭੇਜ ਦਿੱਤਾ, ਉਸ ਨੂੰ ਇੱਕ ਭਾਰਤੀ ਨਾਗਰਿਕ ਵਜੋਂ ਪੇਸ਼ ਕੀਤਾ ਜੋ ਗਲਤੀ ਨਾਲ ਭਟਕ ਗਈ ਸੀ। ਸ਼ੁੱਕਰਵਾਰ ਨੂੰ ਔਰਤ ਨੂੰ ਅਟਾਰੀ ਸਰਹੱਦ ’ਤੇ ਬੀ. ਐੱਸ. ਐੱਫ ਦੇ ਹਵਾਲੇ ਕਰ ਦਿੱਤਾ ਗਿਆ।
ਹੁਣ ਸੁਨੀਤਾ ਨੂੰ ਅੰਮ੍ਰਿਤਸਰ ਦਿਹਾਤੀ ਦੇ ਘਰਿੰਡਾ ਪੁਲਸ ਸਟੇਸ਼ਨ ਵਿਚ ਹਿਰਾਸਤ ਵਿਚ ਰੱਖਿਆ ਗਿਆ ਹੈ, ਜਦਕਿ ਸੁਨੀਤਾ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਔਰਤ ਮਾਨਸਿਕ ਤੌਰ ’ਤੇ ਬੀਮਾਰ ਹੈ। ਉਹ ਪਹਿਲਾਂ ਤਣਾਅ ਵਿਚ ਰਹਿੰਦੀ ਸੀ। ਉਹ ਆਪਣੇ ਪੁੱਤਰ ਨੂੰ ਵੀ ਹੋਟਲ ਵਿਚ ਇਕੱਲਾ ਛੱਡ ਗਈ ਸੀ, ਜਿਸ ਨੂੰ ਬਾਲ ਭਲਾਈ ਕਮੇਟੀ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।