ਮਹਿਲਾ ਦੀ ਫੂਡ ਪਾਈਪ ''ਚ 4 ਮਹੀਨੇ ਫਸੇ ਰਹੇ ਨਕਲੀ ਦੰਦ, ਸੋਸ਼ਲ ਮੀਡੀਆ ਤੇ ਡਾਕਟਰ ਨੇ ਇੰਝ ਬਚਾਈ ਜਾਨ
Wednesday, Sep 13, 2017 - 07:11 PM (IST)
ਜਲੰਧਰ/ਅੰਮ੍ਰਿਤਸਰ— ਅੰਮ੍ਰਿਤਸਰ ਦੀ ਰਹਿਣ ਵਾਲੀ ਭੋਲੀ ਨਾਂ ਦੀ ਔਰਤ ਦੀ ਫੂਡ ਪਾਈਪ 'ਚ ਡੈਂਚਰ (ਨਕਲੀ ਦੰਦ) ਅਟਕ ਗਏ ਸਨ। ਕੁਝ ਸਾਲ ਪਹਿਲਾਂ ਪਤੀ ਨੂੰ ਖੋਹ ਚੁੱਕੀ ਭੋਲੀ ਬੜੀ ਹੀ ਮੁਸ਼ਕਿਲ ਨਾਲ ਦੋ ਬੇਟੀਆਂ ਅਤੇ ਬੇਟੇ ਦਾ ਪਾਲਣ-ਪੋਸ਼ਣ ਕਰ ਰਹੀ ਸੀ। ਮਾਂ ਦੇ ਅਚਾਨਕ ਬੀਮਾਰ ਹੋਣ 'ਤੇ ਵੱਡੀ ਬੇਟੀ ਕੋਮਲ ਨੇ ਇਲਾਜ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਇਕ ਮਹੀਨੇ ਤੱਕ ਅੰਮ੍ਰਿਤਸਰ ਅਤੇ ਫਿਰ ਚੰਡੀਗੜ੍ਹ ਪੀ. ਜੀ. ਆਈ. ਵੀ ਲੈ ਕੇ ਗਈ ਪਰ ਮਾਂ ਦੀ ਹਾਲਤ ਸੁਧਰਣ ਦੀ ਬਜਾਏ ਵਿਗੜਦੀ ਗਈ। ਕਰੀਬ ਇਕ ਦਰਜਨ ਹਸਪਤਾਲਾਂ 'ਚ ਭਟਕਣ ਤੋਂ ਬਾਅਦ ਕੋਮਲ ਮਾਂ ਨੂੰ ਕੋਮਲ ਜਲੰਧਰ ਲੈ ਕੇ ਆਈ, ਜਿੱਥੇ ਡਾਕਟਰਾਂ ਦੀ ਟੀਮ ਨੇ ਬੇਟੀ ਦੇ ਸੰਘਰਸ਼ ਨੂੰ ਦੇਖ ਬਿਨਾਂ ਫੀਸ ਦੇ ਭੋਲੀ ਦਾ ਇਲਾਜ ਕੀਤਾ। ਬੇਟੀ ਦੇ ਸੰਘਰਸ਼ ਅਤੇ ਡਾਕਟਰਾਂ ਦੀ ਮਦਦ ਦੇ ਸਦਕਾ ਭੋਲੀ ਸਵਾ ਚਾਰ ਮਹੀਨੇ ਬਾਅਦ ਠੀਕ ਹੋ ਸਕੀ ਹੈ। ਕ੍ਰਿਟਿਕਲ ਸਰਜਰੀ ਦਾ ਖਰਚ ਡਾ. ਕੰਵਲਜੀਤ ਸਿੰਘ ਅਤੇ ਸੋਸ਼ਲ ਮੀਡੀਆ 'ਤੇ ਮੌਜੂਦ ਉਨ੍ਹਾਂ ਦੇ ਸਾਥੀਆਂ ਨੇ ਚੁੱਕਿਆ ਅਤੇ ਮਹਿਲਾ ਦੀ ਜਾਨ ਬਚਾਈ।
ਸਰਜਰੀ ਨੂੰ ਅੰਜਾਮ ਦੇਣ ਲਈ ਡਾ. ਸਿੰਘ ਦੀ ਟੀਮ 'ਚ ਐਨੇਸਥੈਟਿਕ ਡਾ. ਸੰਜੀਵ ਗੁਪਤਾ, ਡਾ. ਰਜਨੀਸ਼ ਕਾਂਤ ਨਾਗਪਾਲ ਅਤੇ ਗਾਇਨੀਕਾਲੋਜਿਸਟ ਡਾ. ਨਿਵੇਦਿਤਾ ਸਿੰਘ ਸ਼ਾਮਲ ਸਨ। ਕਿਸੇ ਵੀ ਡਾਕਟਰ ਨੇ ਇਲਾ ਲਈ ਕੋਈ ਫੀਸ ਮਰੀਜ਼ ਦੇ ਪਰਿਵਾਰ ਕੋਲੋਂ ਨਹੀਂ ਲਈ। ਡਾ. ਸਿੰਘ ਨੇ ਦੱਸਿਆ ਕਿ ਅਸੀਂ ਭੋਲੀ ਦੀ ਬੇਟੀ ਦੇ ਸੰਘਰਸ਼ ਨੂੰ ਦੇਖਦੇ ਹੋਏ ਇਲਾਜ ਫ੍ਰੀ ਕੀਤਾ ਹੈ। ਕੁਝ ਦਿਨ ਪਹਿਲਾਂ ਹਸਪਤਾਲ 'ਚ ਰੱਖਣ ਤੋਂ ਬਾਅਦ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਇੰਨੇ ਮਹੀਨਿਆਂ ਤੱਕ ਸਹੀ ਢੰਗ ਨਾਲ ਨਾ ਖਾ ਸਕਣ ਕਰਕੇ ਭੋਲੀ ਦਾ ਸਰੀਰ ਕਮਜ਼ੋਰ ਹੋ ਗਿਆ ਸੀ। ਮਰੀਜ਼ ਨੂੰ ਇਕ ਮਹੀਨਾ ਹਸਪਤਾਲ 'ਚ ਰੱਖਿਆ ਅਤੇ ਉਸ ਦੇ ਸਰੀਰ ਨੂੰ ਆਪਰੇਸ਼ਨ ਲਈ ਤਿਆਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੂਰਬੀਨ ਦੇ ਨਾਲ ਨਕਲੀ ਦੰਦਾਂ ਨੂੰ ਕੱਢਣਾ ਖਤਰਨਾਕ ਹੋ ਸਕਦਾ ਸੀ, ਇਸ ਲਈ ਉਨ੍ਹਾਂ ਨੇ ਪੇਟ ਰਾਹੀਂ ਰਸਤਾ ਬਣਾਇਆ ਅਤੇ ਫੂਡ ਪਾਈਪ ਤੱਕ ਪਹੁੰਚੇ। ਨਕਲੀ ਦੰਦ ਕਰੀਬ ਉਸੇ ਜਗ੍ਹਾ ਫਸੇ ਸਨ ਜਿੱਥੋਂ ਦਿਲ ਕਾਫੀ ਨੇੜੇ ਸੀ ਅਤੇ ਫੇਫੜਿਆਂ ਨੂੰ ਆਕਸੀਜ਼ਨ ਪਹੁੰਚਾਉਣ ਵਾਲੀ ਸਾਹ ਦੀ ਨਾੜ ਵੀ ਨੇੜੇ ਸੀ।
ਕੋਮਲ ਨੇ ਦੱਸਿਆ ਕਿ ਮਾਂ ਨੇ ਜਦੋਂ ਡੈਂਚਰ ਨਿਗਲਿਆ ਤਾਂ ਪਹਿਲਾਂ ਡਾਕਟਰਾਂ ਨੇ ਕਿਹਾ ਕਿ ਡਰਨ ਦੀ ਕੋਈ ਗੱਲ ਨਹੀਂ ਹੈ ਇਹ ਆਪਣੇ ਆਪ ਹੀ ਨਿਕਲ ਜਾਵੇਗਾ ਪਰ ਮਾਂ ਦੀ ਸਿਹਤ ਖਰਾਬ ਹੁੰਦੀ ਗਈ। ਇਸ ਤੋਂ ਬਾਅਦ ਕਈ ਹਸਪਤਾਲਾਂ 'ਚ ਇਲਾਜ ਲਈ ਗਏ ਪਰ ਨਿਰਾਸ਼ਾ ਹੀ ਹੱਥ ਲੱਗੀ। ਇਸੇ ਦੌਰਾਨ ਕਿਸੇ ਨੇ ਜਲੰਧਰ 'ਚ ਡਾ. ਕੇ. ਜੇ. ਸਿੰਘ ਬਾਰੇ ਦੱਸਿਆ ਪਰ ਇਥੇ ਪਹੁੰਚਣ ਲਈ ਸਿਰਫ ਸਾਡੇ ਕੋਲ ਕਿਰਾਏ ਲਈ ਪੈਸੇ ਹੀ ਬਚੇ ਸਨ।
ਡਾ. ਸਿੰਘ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਰੋਜ਼ਾਨਾ ਖਰਾਬ ਹੋ ਰਹੀ ਸੀ। ਆਪਰੇਸ਼ਨ 'ਤੇ ਵੀ ਖਰਚ ਹੋਣਾ ਸੀ। ਉਨ੍ਹਾਂ ਨੇ 15 ਦਿਨ ਬਾਅਦ ਆਉਣ ਨੂੰ ਕਿਹਾ ਅਤੇ ਇਲਾਜ 'ਚ ਖਰਚ ਲਈ ਸੋਸ਼ਲ ਮੀਡੀਆ 'ਤੇ ਫੰਡ ਇਕੱਠਾ ਕਰਨ ਲਈ ਮੈਸੇਜ ਪੋਸਟ ਕੀਤਾ। ਸਾਥੀਆਂ ਨੇ ਮਦਦ ਕੀਤੀ ਅਤੇ ਭੋਲੀ ਨੂੰ ਹਸਪਤਾਲ 'ਚ ਦਾਖਲ ਕਰਕੇ ਉਸ ਦਾ ਸਫਲ ਆਪਰੇਸ਼ਨ ਕੀਤਾ।