ਆਸ਼ਿਕ ਨਾਲ ਰਹਿ ਰਹੀ ਸੀ ਔਰਤ, ਗੁੱਸੇ ''ਚ ਪਤੀ ਨੇ ਪ੍ਰੇਮੀ ਨੂੰ ਮਾਰੀ ਗੋਲੀ
Sunday, Dec 12, 2021 - 03:18 AM (IST)
ਜਲੰਧਰ(ਮ੍ਰਿਦੁਲ)- ਬਸਤੀ ਬਾਵਾ ਖੇਲ ਅਧੀਨ ਆਉਂਦੇ ਕੱਚਾ ਕੋਟ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਰਾਤ 2 ਵਜੇ ਆਪਣੇ ਦੋਸਤ ਨਾਲ ਜਾ ਰਹੇ ਇਕ ਵਿਅਕਤੀ 'ਤੇ ਇਕ ਹਮਲਾਵਰ ਗੋਲੀ ਚਲਾ ਕੇ ਫਰਾਰ ਹੋ ਗਿਆ | ਗੋਲੀ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਬਾਹਰ ਆ ਗਏ ਅਤੇ ਜ਼ਖਮੀ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਉਸ ਨੂੰ ਬਾਅਦ 'ਚ ਡਾਕਟਰਾਂ ਨੇ ਸਤਿਅਮ ਹਸਪਤਾਲ ਰੈਫਰ ਕਰ ਦਿੱਤਾ। ਪੁਲਸ ਜਾਂਚ 'ਚ ਸਾਹਮਣੇ ਆਇਆ ਹੈ ਕਿ ਹਮਲਾਵਰ ਇਕ ਔਰਤ ਦਾ ਪਤੀ ਸੀ, ਜੋ ਕਿ ਉਸ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ। ਇਸੇ ਦੁਸ਼ਮਣੀ ਕਾਰਨ ਅੱਜ ਉਸ ਨੇ ਆਸ਼ਿਕ ਨੂੰ ਗੋਲੀ ਮਾਰ ਦਿੱਤੀ।
ਏ.ਸੀ.ਪੀ. ਵਰਿਆਮ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦੀ ਪਛਾਣ ਵਿਪਨ ਵਾਸੀ ਰਸਤਾ ਮੁਹੱਲਾ ਵਜੋਂ ਹੋਈ ਹੈ, ਜੋ ਕਿ ਮਜ਼ਦੂਰੀ ਦਾ ਕੰਮ ਕਰਦਾ ਹੈ। ਉਸ ਦਾ ਇੱਕ ਵਿਆਹੁਤਾ ਔਰਤ ਨਾਲ ਥੋੜ੍ਹੇ ਸਮੇਂ ਤੋਂ ਸਬੰਧ ਸੀ, ਜੋ ਆਪਣੇ ਪਤੀ ਨੂੰ ਛੱਡ ਕੇ ਵਿਪਨ ਕੋਲ ਰਹਿ ਰਹੀ ਸੀ। ਇਸ ਗੱਲ ਤੋਂ ਉਸ ਦਾ ਪਹਿਲਾ ਪਤੀ ਈਰਖਾ ਕਰਦਾ ਸੀ। ਜਾਣਕਾਰੀ ਮੁਤਾਬਕ ਪਹਿਲਾਂ ਵੀ ਕਈ ਵਾਰ ਔਰਤ ਦੇ ਪਤੀ ਵੱਲੋਂ ਵਿਪਨ ਨਾਲ ਝਗੜਾ ਕੀਤਾ ਗਿਆ ਸੀ ਪਰ ਅੱਜ ਜਦੋਂ ਵਿਪਨ ਆਪਣੇ ਇੱਕ ਦੋਸਤ ਨਾਲ ਵਾਪਸ ਆ ਰਿਹਾ ਸੀ ਤਾਂ ਉਸ ਨੇ ਵਿਪਨ ਨੂੰ ਗੋਲੀ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਗੋਲੀ ਉਸਦੇ ਸੱਜੇ ਮੋਢੇ ਵਿੱਚ ਲੱਗੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਇਸ ਦੇ ਨਾਲ ਹੀ ਦੋਸ਼ੀ ਹਮਲਾਵਰ ਪਤੀ ਦੀ ਪਛਾਣ ਸ਼ਿਲੀ ਨਾਮਕ ਵਿਅਕਤੀ ਵਜੋਂ ਹੋਈ ਹੈ। ਜੋ ਕਿ ਅਲੀ ਮੁਹੱਲਾ ਦਾ ਰਹਿਣ ਵਾਲਾ ਹੈ। ਉਸ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ। ਕਿਉਂਕਿ ਜ਼ਖਮੀ ਵਿਪਨ ਨੂੰ ਡਾਕਟਰਾਂ ਨੇ ਅਨਫਿੱਟ ਦੱਸਿਆ ਸੀ। ਏ.ਸੀ.ਪੀ. ਨੇ ਦੱਸਿਆ ਕਿ ਐਸ.ਐਚ.ਓ. ਘਟਨਾ ਸਥਾਨ ਦਾ ਦੌਰਾ ਕਰ ਰਹੇ ਹਨ ਅਤੇ ਆਸ-ਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕਰ ਰਹੇ ਹਨ, ਤਾਂ ਜੋ ਘਟਨਾ ਦੀ ਫੁਟੇਜ ਹਾਸਲ ਕੀਤੀ ਜਾ ਸਕੇ।