ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਣ ਔਰਤ ਦੀ ਮੌਤ

Monday, Mar 01, 2021 - 03:23 AM (IST)

ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਕਾਰਣ ਔਰਤ ਦੀ ਮੌਤ

ਅੰਮ੍ਰਿਤਸਰ, (ਰਮਨ)- ਸ਼ਹਿਰ ’ਚ ਇਕ ਵਾਰ ਫਿਰ ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਨਾਲ ਔਰਤ ਦੀ ਮੌਕੇ ’ਤੇ ਮੌਤ ਹੋ ਗਈ । ਇਹ ਹਾਈਵੋਲਟੇਜ ਤਾਰਾਂ ਘਰ ਦੇ ਨੇੜਿਓਂ ਲੰਘਦੀਆਂ ਹਨ । ਮੌਕੇ ’ਤੇ ਕਾਲੇ ਘੰਨਪੁਰ ਚੌਕੀ ਦੀ ਪੁਲਸ, ਇਲਾਕੇ ਦੇ ਜੇ. ਈ. ਸਮੀਰ ਵਰਮਾ ਪੁੱਜੇ । ਸਾਊਥ ਸਬ-ਡਵੀਜ਼ਨ ਅਨੁਸਾਰ ਆਉਂਦੇ ਇਲਾਕਾ ਓਰਚਿਟ ਕਾਲੋਨੀ ਸ਼ੇਰ ਸ਼ਾਹ ਰੋਡ ਛੇਹਰਟਾ ’ਚ ਨਮਿਤਾ (50) ਪਤਨੀ ਰਾਕੇਸ਼ ਕੁਮਾਰ ਆਪਣੀ ਧੀ ਪ੍ਰੀਆ ਨਾਲ ਦੁਪਹਿਰ ਇਕ ਵਜੇ ਕੱਪੜੇ ਧੋ ਰਹੀ ਸੀ, ਜਦੋਂ ਉਹ ਛੱਤ ’ਤੇ ਕੱਪੜੇ ਸੁਕਣੇ ਪਾਉਣ ਗਈ ਤਾਂ ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆ ਗਈ, ਜਿਸ ਤਾਰ ’ਤੇ ਕੱਪੜੇ ਪਾਏ ਜਾ ਰਹੇ ਸਨ, ਉਹ ਲੋਹੇ ਦੀ ਸੀ, ਜੋ ਟੁੱਟ ਗਈ ਅਤੇ ਹਾਈਵੋਲਟੇਜ ਤਾਰਾਂ ਨਾਲ ਟਕਰਾ ਗਈ । ਇਸ ਨਾਲ ਔਰਤ ਕਰੰਟ ਦੀ ਲਪੇਟ ’ਚ ਆ ਗਈ । ਗੁਆਂਢ ਦੇ ਲੋਕਾਂ ਨੇ ਉਸ ਨੂੰ ਉਥੋਂ ਛੁਡਾਇਆ ਅਤੇ ਤੁਰੰਤ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉਥੇ ਪੁੱਜਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ ।

ਮ੍ਰਿਤਕ ਦੇ ਪਤੀ ਰਾਕੇਸ਼ ਨੇ ਦੱਸਿਆ ਕਿ ਉਹ ਬਾਜ਼ਾਰ ਗਿਆ ਹੋਇਆ ਸੀ ਕਿ ਉਸ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ ਕਿ ਉਸ ਦੀ ਪਤਨੀ ਨੂੰ ਕਰੰਟ ਲੱਗਿਆ ਹੈ । ਉਨ੍ਹਾਂ ਨੇ ਢਾਈ ਸਾਲ ਪਹਿਲਾਂ ਇਹ ਮਕਾਨ ਖਰੀਦਿਆ ਸੀ । ਉਥੇ ਹੀ ਦੂਜੇ ਪਾਸੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਕਤ ਇਲਾਕੇ ’ਚ ਜਦੋਂ ਤੋਂ ਇਹ ਤਾਰਾਂ ਪਾਈਆਂ ਗਈਆਂ ਸੀ ਤਾਂ ਪਾਵਰਕਾਮ ਦਾ ਕਾਫੀ ਵਿਰੋਧ ਕੀਤਾ ਗਿਆ ਸੀ ਪਰ ਪਾਵਰਕਾਮ ਨੇ ਧੱਕੇ ਨਾਲ ਇਹ ਤਾਰਾਂ ਪਾ ਦਿੱਤੀਆਂ। ਇਲਾਕੇ ਦੇ ਲੋਕਾਂ ਨੇ ਕਿਹਾ ਕਿ ਉਹ ਹਮੇਸ਼ਾ ਦਹਿਸ਼ਤ ’ਚ ਰਹਿੰਦੇ ਹਨ ।

ਸ਼ਹਿਰ ’ਚ ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆਉਣ ਦੇ ਕਈ ਵੱਡੇ ਹਾਦਸੇ ਹੋ ਚੁੱਕੇ ਹਨ ਪਰ ਪੀ. ਐੱਸ. ਪੀ. ਸੀ. ਐੱਲ. ਇਸਦਾ ਅਜੇ ਵੀ ਕੋਈ ਨੋਟਿਸ ਨਹੀਂ ਲੈ ਰਿਹਾ ਹੈ । ਸ਼ਹਿਰ ਦੇ ਕਈ ਇਲਾਕਿਆਂ ’ਚ ਹਾਈਵੋਲਟੇਜ ਤਾਰਾਂ ਛੱਤਾਂ ਦੇ ਉਪਰੋਂ ਲੰਘ ਰਹੀਆਂ ਹਨ ਪਰ ਪਾਵਰਕਾਮ ਦੇ ਅਧਿਕਾਰੀ ਧਿਆਨ ਨਹੀਂ ਦੇ ਰਹੇ ਹਨ ਹਰ ਰੋਜ਼ ਲੋਕ ਵਿਰੋਧ ਕਰਦੇ ਹਨ ਪਰ ਸੁਣਵਾਈ ਕਿਸੇ ਦੀ ਨਹੀਂ ਹੁੰਦੀ ।

ਕੀ ਕਹਿਣਾ ਹੈ ਐੱਸ. ਡੀ. ਓ. ਦਾ
ਤਾਰਾਂ ਗਲੀ ’ਚੋਂ ਲੰਘ ਰਹੀਆਂ ਹਨ ਅਤੇ ਕਾਫੀ ਪਹਿਲਾਂ ਦੀਆਂ ਪਾਈਆਂ ਗਈਆਂ ਹਨ। ਔਰਤ ਛੱਤ ’ਤੇ ਕੱਪਡ਼ੇ ਸੁਕਣੇ ਪਾ ਰਹੀ ਸੀ ਕਿ ਤਾਰ ਉਥੋਂ ਟੁੱਟ ਗਈ ਅਤੇ ਹਾਈਵੋਲਟੇਜ ਤਾਰਾਂ ਦੀ ਲਪੇਟ ’ਚ ਆ ਗਈ, ਜਿਸ ’ਚ ਪੀ. ਐੱਸ. ਪੀ. ਸੀ. ਐਲ. ਦੀ ਕੋਈ ਗਲਤੀ ਨਹੀਂ ਹੈ ।
 


author

Bharat Thapa

Content Editor

Related News