ਡਲਿਵਰੀ ਦੌਰਾਨ ਔਰਤ ਦੀ ਮੌਤ, ਨਵਜੰਮੀ ਬੱਚੀ ਰੈਫਰ

11/20/2019 4:22:54 PM

ਮਾਲੇਰਕੋਟਲਾ (ਯਾਸੀਨ) : ਸ਼ਹਿਰ ਵਾਸੀਆਂ 'ਚ ਉਸ ਸਮੇਂ ਫਿਰ ਤੋਂ ਸਹਿਮ ਅਤੇ ਗੁੱਸੇ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਔਰਤ ਦੀ ਜਣੇਪੇ ਦੌਰਾਨ ਕਥਿਤ ਤੌਰ 'ਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਅਜੇ 3 ਮਹੀਨੇ ਪਹਿਲਾਂ ਹੀ ਇਸੇ ਤਰ੍ਹਾਂ ਇਕ ਔਰਤ ਦੀ ਮੌਤ ਹੋ ਗਈ ਸੀ, ਜਿਸ ਦੀਆਂ ਇਨਕੁਆਰੀਆਂ ਅਜੇ ਅੱਧ ਵਿਚਾਲੇ ਲਟਕ ਰਹੀਆਂ ਹਨ। ਮ੍ਰਿਤਕ ਦੇ ਵਾਰਸਾਂ ਨੇ ਰਜ਼ੀਆ ਉਰਫ ਰੱਜੋ ਪਤਨੀ ਕਾਮਾ ਵਾਸੀ ਨੁਸਰਤ ਖਾਨੀ ਮੁਹੱਲਾ ਮਾਲੇਰਕੋਟਲਾ ਦੀ ਹੋਈ ਮੌਤ ਲਈ ਡਾਕਟਰਾਂ ਨੂੰ ਦੋਸ਼ੀ ਦੱਸਿਆ ਹੈ, ਜਦੋਂ ਕਿ ਦੂਜੇ ਪਾਸੇ ਹਸਪਤਾਲ ਦੇ ਇੰਚਾਰਜ ਡਾਕਟਰ ਮੁਹੰਮਦ ਅਖਤਰ ਉਕਤ ਮਾਮਲੇ 'ਚ ਹੋਈ ਮੌਤ ਨੂੰ ਕੁਦਰਤੀ ਮੌਤ ਦੱਸ ਕੇ ਖਹਿੜਾ ਛੁਡਵਾਉਂਦੇ ਨਜ਼ਰ ਆਏ।

ਦੱਸਣਯੋਗ ਹੈ ਕਿ ਮੌਕੇ 'ਤੇ ਪੱਤਰਕਾਰਾਂ ਨੇ ਜਦੋਂ ਦੋਵੇਂ ਕਥਿਤ ਦੋਸ਼ੀ ਡਾਕਟਰਾਂ ਦੇ ਵਿਚਾਰ ਜਾਣਨ ਲਈ ਉਨ੍ਹਾਂ ਨੂੰ ਮਿਲਣਾ ਚਾਹਿਆ ਤਾਂ ਦੋਵੇਂ ਡਾਕਟਰ ਮੌਕੇ ਤੋਂ ਫਰਾਰ ਸਨ। ਮ੍ਰਿਤਕ ਦੇ ਵਾਰਸਾਂ ਨੇ ਕਰੀਬ ਦੋ ਘੰਟਿਆਂ ਤੱਕ ਲਾਸ਼ ਨੂੰ ਜੱਚਾ-ਬੱਚਾ ਕੇਂਦਰ ਅੱਗੇ ਰੱਖ ਕੇ ਦੋਵੇਂ ਡਾਕਟਰਾਂ ਦਾ ਪਿੱਟ-ਸਿਆਪਾ ਕੀਤੀ। ਵਾਰਸ ਚਾਹੁੰਦੇ ਸਨ ਕਿ ਦੋਵੇਂ ਡਾਕਟਰਾਂ ਨੂੰ ਉਨ੍ਹਾਂ ਸਾਹਮਣੇ ਪੇਸ਼ ਕੀਤਾ ਜਾਵੇ। ਮ੍ਰਿਤਕ ਦੇ ਪਹਿਲਾਂ ਦੋ ਬੱਚੀਆਂ ਹਨ ਅਤੇ ਹੁਣ ਨਾਰਮਲ ਡਲਿਵਰੀ ਰਾਹੀਂ ਵੀ ਬੱਚੀ ਪੈਦਾ ਹੋਈ ਸੀ, ਜਿਸ ਦੀ ਨਾਜ਼ੁਕ ਹਾਲਤ ਦੇਖਦੇ ਹੋਏ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕੀਤਾ ਗਿਆ ਹੈ ਪਰ ਵਾਰਸਾਂ ਦਾ ਕਹਿਣਾ ਹੈ ਕਿ ਰੈਫਰ ਕੀਤੀ ਗਈ ਨਵਜਾਤ ਬੱਚੀ ਵੀ ਮਰ ਚੁੱਕੀ ਹੈ ਅਤੇ ਉਸ ਨੂੰ ਲੋਕਾਂ ਦੇ ਗੁੱਸੇ ਤੋਂ ਬਚਦੇ ਹੋਏ ਡਾਕਟਰਾਂ ਨੇ ਆਕਸੀਜਨ ਲਾ ਕੇ ਪਟਿਆਲੇ ਭੇਜਣ ਦਾ ਡਰਾਮਾ ਕੀਤਾ ਹੈ। ਮ੍ਰਿਤਕਾ ਦੀ ਭੈਣ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਦੀ ਭੈਣ ਨੂੰ ਜਾਣ-ਬੁੱਝ ਕੇ ਮਾਰਿਆ ਹੈ, ਜਿਸ ਲਈ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਸਮਾਜ ਸੇਵੀ ਐੱਸ. ਆਜ਼ਾਦ ਸਿੱਦੀਕੀ ਨੇ ਕਿਹਾ ਕਿ ਹਸਪਤਾਲ ਦਾ ਸਾਰਾ ਸਿਸਟਮ ਕੁਰੱਪਟ ਹੋ ਚੁੱਕਾ ਹੈ। ਇੱਥੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ।


Babita

Content Editor

Related News