ਹੁਸ਼ਿਆਰਪੁਰ: ਇਲਾਜ ਦੌਰਾਨ ਔਰਤ ਦੀ ਮੌਤ, ਪਰਿਵਾਰ ਨੇ ਹਸਪਤਾਲ ''ਚ ਕੀਤਾ ਹੰਗਾਮਾ
Monday, Aug 19, 2019 - 01:58 PM (IST)

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਇਲਾਜ ਦੌਰਾਨ ਔਰਤ ਦੀ ਮੌਤ ਹੋਣ 'ਤੇ ਪਰਿਵਾਰ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਔਰਤ ਦੀ ਮੌਤ ਡਾਕਟਰਾਂ ਦੀ ਅਣਗਹਿਲੀ ਦੌਰਾਨ ਇਲਾਜ 'ਚ ਹੋਈ ਦੇਰੀ ਅਤੇ ਸਮੇਂ 'ਤੇ ਨਾ ਮਿਲੇ ਇਜੈਕਸ਼ਨ ਕਰਕੇ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਸੰਤੋਸ਼ ਕੁਮਾਰੀ ਨੂੰ ਅਚਾਨਕ ਸਾਹ ਰੁੱਕਣ ਕਾਰਨ ਬੀਤੀ ਦੇਰ ਰਾਤ ਇਲਾਜ ਲਈ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।
ਪਹਿਲਾਂ ਤਾਂ ਡਾਕਟਰਾਂ ਨੇ ਇਲਾਜ ਕਰਨ 'ਚ ਦੇਰੀ ਕੀਤੀ ਅਤੇ ਜੋ ਇਨਜੈਕਸ਼ਨ ਲਗਾਉਣਾ ਸੀ ਉਹ ਹਸਪਤਾਲ 'ਚ ਨਹੀਂ ਸੀ। ਔਰਤ ਦੇ ਪਤੀ ਸਤਪਾਲ ਨੇ ਦੱਸਿਆ ਕਿ ਡਾਕਟਰਾਂ ਨੇ ਇਨਜੈਕਸ਼ਨ ਬਾਹਰ ਤੋਂ ਲਿਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਡਾਕਟਰ ਨੂੰ ਟੀਕੇ ਲਿਆ ਕੇ ਦਿੱਤੇ ਅਤੇ ਉਨ੍ਹਾਂ ਨੇ ਇਕੱਠੇ ਹੀ ਸੰਤੋਸ਼ ਕੁਮਾਰੀ 'ਤੇ ਦੋ ਟੀਕੇ ਲਗਾ ਦਿੱਤੇ। ਇਸ ਤੋਂ ਬਾਅਦ ਸੰਤੋਸ਼ ਕੁਮਾਰੀ ਦੇ ਮੂੰਹ 'ਚੋਂ ਝੱਗ ਨਿਕਲਣ ਲੱਗ ਗਈ ਸੀ ਅਤੇ ਬਾਅਦ 'ਚ ਉਸ ਦੀ ਮੌਤ ਹੋ ਗਈ।
ਇਸੇ ਦੌਰਾਨ ਸਿਵਲ ਪ੍ਰਸ਼ਾਸਨ ਅਤੇ ਪਰਿਵਾਰ ਵਾਲਿਆਂ 'ਚ ਬਹਿਸ ਹੋ ਗਈ। ਪੀੜਤ ਦਾ ਕਹਿਣਾ ਹੈ ਕਿ ਜੇਕਰ ਸਮੇਂ 'ਤੇ ਮਰੀਜ਼ ਦਾ ਇਲਾਜ ਕੀਤਾ ਜਾਂਦਾ ਅਤੇ ਇਨਜੈਕਸ਼ਨ ਤੇ ਦਵਾਈਆਂ ਹਸਪਤਾਲ 'ਚ ਹੀ ਮੌਜੂਦ ਹੁੰਦੀਆਂ ਤਾਂ ਮਰੀਜ਼ ਦੀ ਜਾਨ ਬੱਚ ਜਾਣੀ ਸੀ। ਉਥੇ ਹੀ ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਨੂੰ ਸਾਹ ਦੀ ਬੀਮਾਰੀ ਸੀ, ਜਿਸ ਦੇ ਕਾਰਨ ਉਸ ਦੀ ਹਾਲਤ ਗੰਭੀਰ ਸੀ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।