ਖੇਤ ''ਚ ਚਾਰਾ ਲੈਣ ਗਈ ਔਰਤ ਨੂੰ ਸੱਪ ਨੇ ਡੰਗਿਆ, ਮੌਤ
Thursday, Aug 01, 2024 - 04:52 PM (IST)
ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਬਰਵਾਲਾ ਰੋਡ 'ਤੇ ਸਥਿਤ ਪਿੰਡ ਭਗਵਾਨਪੁਰ ਵਿਖੇ ਖੇਤ 'ਚ ਕੰਮ ਕਰ ਰਹੀ ਔਰਤ ਦੀ ਸੱਪ ਦੇ ਡੰਗਣ ਕਾਰਨ ਮੌਤ ਹੋ ਗਈ। ਹਾਦਸਾ ਬੁੱਧਵਾਰ ਸ਼ਾਮ ਕਰੀਬ 4 ਵਜੇ ਵਾਪਰਿਆ। ਸੱਪ ਦੇ ਡੰਗਣ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਚੰਡੀਗੜ੍ਹ ਦੇ 32 ਹਸਪਤਾਲ ਲਿਜਾ ਰਹੇ ਸਨ ਪਰ ਮੀਂਹ ਕਾਰਨ ਜ਼ੀਰਕਪੁਰ 'ਚ ਭਾਰੀ ਟ੍ਰੈਫਿਕ ਜਾਮ ਲੱਗਿਆ ਹੋਇਆ ਸੀ। ਸਿਹਤ ਜ਼ਿਆਦਾ ਵਿਗੜਨ 'ਤੇ ਉਨ੍ਹਾਂ ਗੱਡੀ ਵਾਪਸ ਡੇਰਾਬੱਸੀ ਸਿਵਲ ਹਸਪਤਾਲ ਵੱਲ ਮੋੜ ਲਈ।
ਡੇਰਾਬੱਸੀ ਹਸਪਤਾਲ ਪਹੁੰਚਣ 'ਤੇ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸੁਨੀਤਾ (47) ਪਤਨੀ ਰਮੇਸ਼ ਕੁਮਾਰ ਵਾਸੀ ਪਿੰਡ ਭਗਵਾਨਪੁਰ ਵਜੋਂ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪੁੱਤਰ ਗੌਰਵ ਨੇ ਦੱਸਿਆ ਕਿ ਉਸ ਦੀ ਮਾਤਾ ਸੁਨੀਤਾ ਪਿੰਡ ਦੇ ਕਿਸਾਨ ਮਦਨ ਸਿੰਘ ਦੇ ਖੇਤਾਂ ਵਿੱਚ ਪਸ਼ੂਆਂ ਲਈ ਚਾਰਾ ਕੱਟਣ ਗਈ ਹੋਈ ਸੀ। ਇਸ ਦੌਰਾਨ ਉਸ ਨੂੰ ਸੱਪ ਨੇ ਡੰਗ ਲਿਆ। ਕਿਸੇ ਤਰ੍ਹਾਂ ਉਸ ਨੂੰ ਘਰ ਲਿਜਾਇਆ ਗਿਆ, ਜਿੱਥੇ ਘਰੇਲੂ ਉਪਚਾਰਾਂ ਨਾਲ ਉਸ ਦਾ ਇਲਾਜ ਕੀਤਾ ਗਿਆ।
ਕੁਝ ਸਮੇਂ ਬਾਅਦ ਉਲਟੀਆਂ ਆਉਣ ਤੋਂ ਬਾਅਦ ਉਸ ਦੀ ਸਿਹਤ ਹੋਰ ਵਿਗੜਨ ਲੱਗੀ, ਜਿਸ 'ਤੇ ਪਰਿਵਾਰ ਵਾਲੇ ਉਸ ਨੂੰ ਜੀ. ਐੱਮ. ਸੀ. ਐੱਚ. ਚੰਡੀਗੜ੍ਹ 32 ਹਸਪਤਾਲ ਲੈ ਕੇ ਜਾਣ ਲਈ ਪ੍ਰਾਈਵੇਟ ਗੱਡੀ 'ਚ ਰਵਾਨਾ ਹੋਏ ਪਰ ਮੈਕਡੋਨਲ ਚੌਂਕ ਤੋਂ ਅੱਗੇ ਜ਼ੀਰਕਪੁਰ 'ਚ ਮੀਂਹ ਕਾਰਨ ਉਨ੍ਹਾਂ ਦੀ ਗੱਡੀ ਟ੍ਰੈਫਿਕ ਜਾਮ 'ਚ ਫਸ ਗਈ। ਉਸ ਦੀ ਸਿਹਤ ਵਿਗੜਦੀ ਦੇਖ ਕੇ ਉਨ੍ਹਾਂ ਗਡੀ ਵਾਪਸ ਮੌੜ ਲਈ ਅਤੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇੱਥੇ ਪਹੁੰਚਣ ਦੇ ਕੁਝ ਮਿੰਟਾਂ ਵਿੱਚ ਹੀ ਉਸਦੀ ਮਾਂ ਦੀ ਮੌਤ ਹੋ ਗਈ। ਸੁਨੀਤਾ ਦਾ ਪਤੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਸੁਨੀਤਾ ਆਪਣੇ ਪਿੱਛੇ ਪਰਿਵਾਰ ਵਿੱਚ ਪਤੀ ਅਤੇ ਦੋ ਪੁੱਤਰ ਛੱਡ ਗਈ ਹੈ।