ਪਿੰਡ ਸ਼ੇਰਗੜ੍ਹ ’ਚ ਲੰਬੀ ਮਾਈਨਰ ਦੀਆਂ ਟੇਲਾਂ ਤੋਂ ਅਣਪਛਾਤੀ ਔਰਤ ਦੀ ਲਾਸ਼ ਬਰਾਮਦ
Thursday, Nov 12, 2026 - 02:49 PM (IST)
ਅਬੋਹਰ (ਸ. ਹ.) : ਪਿੰਡ ਸ਼ੇਰਗੜ੍ਹ 'ਚ ਵੀਰਵਾਰ ਸਵੇਰੇ ਲੰਬੀ ਮਾਈਨਰ ਦੀਆਂ ਟੇਲਾਂ ਤੋਂ ਅਣਪਛਾਤੀ ਔਰਤ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਪੱਟੀ ਸਦੀਕ ਚੌਂਕੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਦੀ ਮਦਦ ਨਾਲ ਲਾਸ਼ ਨੂੰ ਮਾਈਨਰ ’ਚੋਂ ਕੱਢ ਕੇ ਪਛਾਣ ਅਤੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰੱਖ ਦਿੱਤੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰ ਬਿੱਟੂ ਨਰੂਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸ਼ੇਰਗੜ੍ਹ ਪਿੰਡ ਵਿਚ ਲੰਬੀ ਮਾਈਨਰ ਦੀਆਂ ਟੇਲਾਂ ’ਤੇਔਰਤ ਦੀ ਲਾਸ਼ ਪਾਣੀ ਵਿਚ ਫਸੀ ਹੋਈ ਹੈ।
ਜਾਣਕਾਰੀ ਮਿਲਣ ’ਤੇ ਉਹ ਅਤੇ ਉਨ੍ਹਾਂ ਦੇ ਸਾਥੀ ਮੌਕੇ ’ਤੇ ਪਹੁੰਚੇ ਅਤੇ ਪੱਟੀ ਸਦੀਕ ਚੌਂਕੀ ਪੁਲਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਸ ਅਧਿਕਾਰੀ ਬਲਕਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਮੌਕੇ ’ਤੇ ਪਹੁੰਚੀ। ਪੁਲਸ ਦੀ ਮੌਜੂਦਗੀ ਵਿਚ ਸਮਿਤੀ ਮੈਂਬਰਾਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਲਾਸ਼ ਨੂੰ ਮਾਈਨਰ ’ਚੋਂ ਕੱਢਿਆ। ਬਿੱਟੂ ਨਰੂਲਾ ਦੇ ਅਨੁਸਾਰ, ਮ੍ਰਿਤਕ ਔਰਤ ਦੀ ਉਮਰ 30 ਤੋਂ 32 ਸਾਲ ਦੇ ਵਿਚਕਾਰ ਜਾਪਦੀ ਹੈ। ਉਸ ਨੇ ਹਰੇ ਰੰਗ ਦਾ ਸੂਟ ਪਾਇਆ ਹੋਇਆ ਹੈ। ਲਾਸ਼ ਦੀ ਹਾਲਤ ਨੂੰ ਵੇਖਦਿਆਂ ਇਹ ਦੋ ਤੋਂ ਤਿੰਨ ਦਿਨ ਪੁਰਾਣੀ ਹੋਣ ਦਾ ਸ਼ੱਕ ਹੈ। ਉਨ੍ਹਾਂ ਨੇੜਲੇ ਪਿੰਡਾਂ ਅਤੇ ਇਲਾਕਿਆਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਵਿਚ ਕੋਈ ਔਰਤ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੈ, ਤਾਂ ਉਹ ਪੁਲਸ ਜਾਂ ਨਰ ਸੇਵਾ ਨਾਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨਾਲ ਸੰਪਰਕ ਕਰਨ। ਪੁਲਸ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਔਰਤ ਦੀ ਪਛਾਣ ਕਰਨ ਦੇ ਨਾਲ-ਨਾਲ ਮਾਮਲੇ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
