ਤੰਗ-ਪ੍ਰੇਸ਼ਾਨ ਕਰਨ ''ਤੇ ਔਰਤ ਨੇ ਖਾਧੀ ਜ਼ਹਿਰੀਲੀ ਦਵਾਈ; ਮੌਤ
Friday, Dec 22, 2017 - 03:46 AM (IST)
ਦਸੂਹਾ, (ਝਾਵਰ)- ਥਾਣਾ ਦਸੂਹਾ ਦੇ ਪਿੰਡ ਚੱਕ ਕਾਸਮ ਵਿਖੇ ਇਕ ਔਰਤ ਮੇਨਕਾ ਪਤਨੀ ਪ੍ਰਿਥੀਪਾਲ ਸਿੰਘ ਨੇ ਆਪਣੇ ਪਤੀ ਤੇ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਨ ਤੇ ਤੰਗ-ਪ੍ਰੇਸ਼ਾਨ ਕਰਨ 'ਤੇ ਜ਼ਹਿਰੀਲੀ ਦਵਾਈ ਖਾ ਲਈ ਜਿਸ ਨੂੰ ਦਸੂਹਾ ਦੇ ਇਕ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਹਸਪਤਾਲ ਦੇ ਡਾਕਟਰਾਂ ਵੱਲੋਂ ਇਸ ਦੀ ਸੂਚਨਾ ਦਸੂਹਾ ਪੁਲਸ ਨੂੰ ਦਿੱਤੀ ਗਈ। ਇਸ ਦੌਰਾਨ ਉਸ ਦੀ ਮੌਤ ਹੋ ਗਈ।
ਡੀ. ਐੱਸ. ਪੀ. ਦਸੂਹਾ ਰਜਿੰਦਰ ਸ਼ਰਮਾ ਤੇ ਜਾਂਚ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ 'ਚ ਇਸ ਔਰਤ ਦੀ ਹਾਲਤ ਨੂੰ ਦੇਖਦਿਆਂ ਸਿਵਲ ਅਦਾਲਤ ਦਸੂਹਾ ਦੇ ਮੈਜਿਸਟ੍ਰੇਟ ਨੂੰ ਬਿਆਨ ਲੈਣ ਲਈ ਦਰਖਾਸਤ ਦਿੱਤੀ ਗਈ ਜਿੱਥੇ ਮੈਜਿਸਟ੍ਰੇਟ ਦੀ ਹਾਜ਼ਰੀ 'ਚ ਔਰਤ ਮੇਨਿਕਾ ਦੀ ਮੌਤ ਤੋਂ ਪਹਿਲਾਂ ਜੋ ਬਿਆਨ ਲਿਆ ਗਿਆ ਨੇ ਦੱਸਿਆ ਕਿ ਉਸ ਦਾ ਪਤੀ ਉਸ ਨੂੰ ਮਾਰਦਾ ਕੁੱਟਦਾ ਤੇ ਤੰਗ-ਪ੍ਰੇਸ਼ਾਨ ਕਰਦਾ ਸੀ ਜਦ ਕਿ ਉਸ ਦੇ ਪਤੀ ਦੇ ਪਹਿਲੇ ਵੀ ਤਿੰਨ ਵਿਆਹ ਹੋਏ ਸਨ, ਮੈਂ ਤੰਗ-ਪ੍ਰੇਸ਼ਾਨ ਹੋ ਕੇ ਕਣਕ 'ਚ ਪਾਉਣ ਵਾਲੀ ਦਵਾਈ ਖਾ ਲਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਕਰਦਿਆਂ ਇਸ ਔਰਤ ਦੇ ਬਿਆਨ ਦੇ ਆਧਾਰ 'ਤੇ ਪ੍ਰਿਥੀਪਾਲ ਉਰਫ਼ ਲਾਡੀ ਵਿਰੁੱਧ ਧਾਰਾ 306, 34 ਆਈ. ਪੀ. ਸੀ ਅਧੀਨ ਕੇਸ ਦਰਜ ਕਰ ਲਿਆ ਤੇ ਉਸ ਦੇ ਪਤੀ ਦੀ ਭਾਲ ਜਾਰੀ ਹੈ।
