ਜਲੰਧਰ: ASI ਦਾ ਸ਼ਰਮਨਾਕ ਕਾਰਾ, ਥਾਣੇ 'ਚ ਔਰਤ ਨੂੰ ਮਾਰੇ ਥੱਪੜ, ਜਾਣੋ ਪੂਰਾ ਮਾਮਲਾ
Sunday, Aug 22, 2021 - 11:26 AM (IST)
ਜਲੰਧਰ (ਮਹੇਸ਼)– ਕਮਿਸ਼ਨਰੇਟ ਪੁਲਸ ਅਧੀਨ ਪੈਂਦੇ ਥਾਣਾ ਮਾਡਲ ਟਾਊਨ (ਡਵੀਜ਼ਨ ਨੰਬਰ 6) ਦੀ ਬੱਸ ਅੱਡਾ ਚੌਂਕੀ ਅੰਦਰ ਕਾਨੂੰਨ ਦੇ ਰਾਖੇ ਇਕ ਏ. ਐੱਸ. ਆਈ. ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਪੈਸੇ ਚੋਰੀ ਕਰਨ ਦੇ ਮਾਮਲੇ ਵਿਚ ਫੜੀ ਔਰਤ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਲੈ ਕੇ ਏ. ਸੀ. ਪੀ. ਮਾਡਲ ਟਾਊਨ ਹਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਔਰਤ ਨੂੰ ਥੱਪੜ ਮਾਰਨ ਵਾਲੇ ਪਵਨ ਕੁਮਾਰ ’ਤੇ ਵਿਭਾਗੀ ਕਾਰਵਾਈ ਕਰਨ ਲਈ ਰਿਪੋਰਟ ਬਣਾ ਕੇ ਭੇਜੀ ਜਾ ਰਹੀ ਹੈ, ਹਾਲਾਂਕਿ ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ।
ਘਟਨਾ ਨੂੰ ਲੈ ਕੇ ਬੱਸ ਅੱਡਾ ਪੁਲਸ ਚੌਂਕੀ ਦੇ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਸ਼ੁੱਕਰਵਾਰ ਦਾ ਹੈ ਅਤੇ ਉਹ ਉਸ ਦਿਨ ਛੁੱਟੀ ’ਤੇ ਸਨ। ਅੱਜ ਸਵੇਰੇ ਚੌਂਕੀ ਵਿਚ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਮਿਲੀ। ਉਨ੍ਹਾਂ ਵੀ ਕਿਹਾ ਕਿ ਏ. ਐੱਸ. ਆਈ. ਨੇ ਔਰਤ ਨੂੰ ਥੱਪੜ ਮਾਰ ਕੇ ਗਲਤ ਕਦਮ ਚੁੱਕਿਆ ਹੈ, ਜਿਸ ਕਾਰਨ ਉਸ ’ਤੇ ਬਣਦੀ ਕਾਰਵਾਈ ਜ਼ਰੂਰ ਹੋਵੇਗੀ। ਜਾਣਕਾਰੀ ਮੁਤਾਬਕ ਬੱਸ ਅੱਡੇ ਵਿਚ ਮੌਜੂਦ ਇਕ ਮਹਿਲਾ ਯਾਤਰੀ ਨੇ ਪੁਲਸ ਚੌਂਕੀ ’ਚ ਆ ਕੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਔਰਤਾਂ ਨੇ ਉਸ ਦੇ ਪਰਸ ਵਿਚੋਂ ਪੈਸੇ ਕੱਢੇ ਹਨ, ਜਿਸ ’ਤੇ ਪੁਲਸ ਮੁਲਾਜ਼ਮ ਬੱਸ ਅੱਡੇ ’ਤੇ ਘੁੰਮ ਰਹੀਆਂ 2 ਔਰਤਾਂ ਨੂੰ ਚੌਂਕੀ ਵਿਚ ਲੈ ਆਏ। ਉਨ੍ਹਾਂ ਕੋਲੋਂ ਪੁੱਛਗਿੱਛ ਕਰਨ ਸਮੇਂ ਏ. ਐੱਸ. ਆਈ. ਪਵਨ ਕੁਮਾਰ ਨੇ ਇਕ ਔਰਤ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।
ਹਾਲਾਂਕਿ ਦੋਵੇਂ ਔਰਤਾਂ ਇਹ ਕਹਿੰਦੀਆਂ ਰਹੀਆਂ ਕਿ ਉਨ੍ਹਾਂ ਨੇ ਕੋਈ ਪੈਸਾ ਚੋਰੀ ਨਹੀਂ ਕੀਤਾ ਪਰ ਏ. ਐੱਸ. ਆਈ. ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦਾ ਰਿਹਾ। ਮੌਕੇ ’ਤੇ ਹੀ ਮੌਜੂਦ ਇਕ ਸਕਿਓਰਿਟੀ ਗਾਰਡ ਔਰਤ ਵੱਲੋਂ ਔਰਤਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ। ਏ. ਐੱਸ. ਆਈ. ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਔਰਤਾਂ ਨਾਲ ਗਲਤ ਢੰਗ ਨਾਲ ਪੇਸ਼ ਆਉਂਦਾ ਰਿਹਾ।
ਸ਼ਿਕਾਇਤਕਰਤਾ ਔਰਤ ਨੇ ਵੀ ਨਹੀਂ ਕਰਵਾਈ ਕੋਈ ਕਾਰਵਾਈ
ਆਪਣੇ ਪੈਸੇ ਚੋਰੀ ਹੋਣ ਸਬੰਧੀ ਬੱਸ ਅੱਡਾ ਪੁਲਸ ਚੌਕੀ ਨੂੰ ਸ਼ਿਕਾਇਤ ਦੇਣ ਪੁੱਜੀ ਔਰਤ ਯਾਤਰੀ ਨੇ ਕਾਬੂ ਕੀਤੀਆਂ ਔਰਤਾਂ ਕੋਲੋਂ ਜਦੋਂ ਕੁਝ ਵੀ ਬਰਾਮਦ ਨਹੀਂ ਹੋਇਆ ਤਾਂ ਉਸ ਨੇ ਉਨ੍ਹਾਂ ’ਤੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਈ ਅਤੇ ਪੁਲਸ ਚੌਂਕੀ ਵਿਚੋਂ ਆਪਣੇ ਬੱਚੇ ਸਮੇਤ ਚਲੀ ਗਈ। ਸ਼ਿਕਾਇਤਕਰਤਾ ਔਰਤ ਵੱਲੋਂ ਕੋਈ ਵੀ ਕਾਰਵਾਈ ਨਾ ਕਰਵਾਏ ਜਾਣ ਦੀ ਸੂਰਤ ਵਿਚ ਪੁਲਸ ਨੇ ਕਾਬੂ ਦੋਵਾਂ ਔਰਤਾਂ ਨੂੰ ਛੱਡ ਦਿੱਤਾ। ਬੱਸ ਅੱਡਾ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਕਿਹਾ ਕਿ ਮੌਕੇ ’ਤੇ ਮੌਜੂਦ ਏ. ਐੱਸ. ਆਈ. ਕੁਲਵੰਤ ਸਿੰਘ ਵੱਲੋਂ ਔਰਤਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਸੀ।
ਥੱਪੜ ਮਾਰਨ ਵਾਲੇ ਏ. ਐੱਸ. ਆਈ. ਨੂੰ ਦਿੱਤੀਆਂ ਬਦਅਸੀਸਾਂ
ਪੈਸੇ ਚੋਰੀ ਕਰਨ ਦੇ ਮਾਮਲੇ ਵਿਚ ਕਾਬੂ ਕੀਤੀਆਂ ਔਰਤਾਂ ਨੇ ਉਨ੍ਹਾਂ ਨੂੰ ਥੱਪੜ ਮਾਰਨ ਵਾਲੇ ਏ. ਐੱਸ. ਆਈ. ਨੂੰ ਬਹੁਤ ਬਦਅਸੀਸਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਏ. ਐੱਸ. ਆਈ. ਨੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਹੈ, ਜਿਸ ਕਾਰਨ ਉਸ ਦਾ ਕੁਝ ਨਹੀਂ ਰਹੇਗਾ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਜਾਂਚ ਦੇ ਹੀ ਏ. ਐੱਸ. ਆਈ. ਨੇ ਉਨ੍ਹਾਂ ਨੂੰ ਥੱਪੜ ਮਾਰਨ ਸ਼ੁਰੂ ਕਰ ਦਿੱਤੇ, ਜਦੋਂ ਕਿ ਉਨ੍ਹਾਂ ਦਾ ਕੋਈ ਕਸੂਰ ਸਾਹਮਣੇ ਨਹੀਂ ਆਇਆ ਸੀ।
ਕੀ ਕਹਿਣਾ ਹੈ ਏ. ਐੱਸ. ਆਈ. ਦਾ
ਪੀੜਤ ਔਰਤ ਨੂੰ ਬੱਸ ਅੱਡਾ ਚੌਂਕੀ ਅੰਦਰ ਥੱਪੜ ਮਾਰਨ ਵਾਲੇ ਏ. ਐੱਸ. ਆਈ. ਪਵਨ ਕੁਮਾਰ ਨੇ ਆਪਣੀ ਸਫ਼ਾਈ ਵਿਚ ਕਿਹਾ ਕਿ ਕਾਬੂ ਔਰਤਾਂ ਕੋਲੋਂ ਜਦੋਂ ਉਹ ਪੁੱਛਗਿੱਛ ਕਰ ਰਹੇ ਸਨ ਤਾਂ ਉਹ ਸਹੀ ਜਵਾਬ ਦੇਣ ਦੀ ਬਜਾਏ ਗਲਤ ਬੋਲ ਰਹੀਆਂ ਸਨ, ਜਿਸ ਕਾਰਨ ਉਸ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਉਲਟੇ ਹੱਥ ਨਾਲ ਉਕਤ ਔਰਤ ਨੂੰ ਥੱਪੜ ਮਾਰ ਦਿੱਤਾ।