ਹਨੀ ਟਰੈਪ ਰਾਹੀਂ 1.09 ਲੱਖ ਕੱਢਵਾਉਣ ਵਾਲੀ ਔਰਤ ਗ੍ਰਿਫ਼ਤਾਰ
Sunday, Mar 23, 2025 - 11:41 AM (IST)

ਬਠਿੰਡਾ (ਸੁਖਵਿੰਦਰ) : ਥਾਣਾ ਸਿਵਲ ਲਾਈਨ ਪੁਲਸ ਵੱਲੋਂ ਹਨੀ ਟਰੈਪ ਰਾਹੀਂ ਇਕ ਲੱਖ 9 ਹਜ਼ਾਰ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕਰਕੇ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਰਵਿੰਦਰ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਵਾਸੀ ਨਾਈਵਾਲਾ ਜ਼ਿਲ੍ਹਾ ਪਟਿਆਲਾ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਰਿਫਾਈਨਰੀ 'ਚ ਕੰਮ ਕਦਾ ਹੈ। 17 ਮਾਰਚ ਦੀ ਰਾਤ ਨੂੰ ਉਹ ਕੰਮ ਤੋਂ ਵਾਪਸ ਘਰ ਆ ਰਿਹਾ ਸੀ।
ਜਲੇਬੀ ਚੌਂਕ ਨਜ਼ਦੀਕ ਇਕ ਔਰਤ ਵੱਲੋਂ ਉਸ ਨੂੰ ਰੋਕਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ। ਤਰਸ ਦੇ ਆਧਾਰ ’ਤੇ ਉਸ ਵੱਲੋਂ ਉਕਤ ਔਰਤ ਨੂੰ ਮੋਬਾਇਲ ਰਾਹੀਂ 500 ਰੁਪਏ ਟਰਾਂਸਫਰ ਕਰ ਦਿੱਤੇ ਪਰ ਇਸ ਦੌਰਾਨ ਪਿੱਛੋਂ ਤੋਂ ਉਸਦੇ ਹੋਰ ਸਾਥੀ ਆਏ ਅਤੇ ਉਸਦਾ ਮੋਬਾਇਲ ਫੋਨ ਖੋਹ ਕੇ ਫ਼ਰਾਰ ਹੋ ਗਏ।
ਉਕਤ ਮੁਲਜ਼ਮਾਂ ਵੱਲੋਂ ਹਥਿਆਰ ਦੀ ਨੋਕ ’ਤੇ ਉਸ ਨੂੰ ਧਮਕਾਇਆ। ਇਸ ਤੋਂ ਬਾਅਦ ਮੁਲਜ਼ਮਾਂ ਵੱਲੋਂ ਯੂ. ਪੀ. ਆਈ. ਨੰਬਰ ਰਾਹੀਂ ਉਸਦੇ ਖਾਤੇ ’ਚੋਂ 1,09,350 ਰੁਪਏ ਕੱਢਵਾ ਲਏ। ਪੁਲਸ ਵੱਲੋਂ ਪੜਤਾਲ ਤੋਂ ਬਾਅਦ ਮੁਲਜ਼ਮ ਔਰਤ ਆਸ਼ੂ ਕੌਰ ਵਾਸੀ ਚੱਕ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਸਾਥੀ ਗੁਰਪ੍ਰੀਤ ਸਿੰਘ ਵਾਸੀ ਭੁੱਚੋ ਖੁਰਦ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।