ਕਪੂਰਥਲਾ: 10 ਕਰੋੜ ਦੀ ਹੈਰੋਇਨ ਸਮੇਤ ਅਫਰੀਕੀ ਔਰਤ ਗ੍ਰਿਫਤਾਰ

Sunday, Sep 15, 2019 - 03:09 PM (IST)

ਕਪੂਰਥਲਾ: 10 ਕਰੋੜ ਦੀ ਹੈਰੋਇਨ ਸਮੇਤ ਅਫਰੀਕੀ ਔਰਤ ਗ੍ਰਿਫਤਾਰ

ਕਪੂਰਥਲਾ (ਵਿਪਨ ਮਹਾਜਨ)— ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਕਪੂਰਥਲਾ ਦੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਇਕ ਔਰਤ ਨੂੰ 10 ਕਰੋੜ ਦੀ ਹੈਰੋਇਨ ਸਮੇਤ ਕਾਬੂ ਕੀਤਾ। ਔਰਤ ਨੂੰ ਬੱਸ ਸਟੈਂਡ ਦੇ ਨੇੜਿਓਂ ਗ੍ਰਿਫਤਾਰ ਕੀਤਾ ਗਿਆ। ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਬਲਵਿੰਦਰ ਪਾਲ ਸਿੰਘ ਇੰਚਾਰਜ ਸੀ. ਆਈ. ਏ. ਕਪੂਰਥਲਾ, ਇੰਸਪੈਕਟਰ ਹਰਮੀਕ ਸਿੰਘ ਅਤੇ ਏ. ਐੱਸ. ਆਈ. ਪਰਮਜੀਤ ਸਿੰਘ ਸੀ. ਆਈ. ਏ. ਫਗਵਾੜਾ ਨੇ ਪੁਲਸ ਪਾਰਟੀ ਸਮੇਤ ਬੱਸ ਸਟੈਂਡ ਨੇੜੇ ਨਾਕਾਬੰਦੀ ਕੀਤੀ ਗਈ ਸੀ ਇਸੇ ਦੌਰਾਨ ਇਥੇ ਇਕ ਔਰਤ ਆਟੋ ਤੋਂ ਉਤਰੀ ਅਤੇ ਪੁਲਸ ਨੇ ਸ਼ੱਕ ਪੈਣ 'ਤੇ ਉਸ ਨੂੰ ਕਾਬੂ ਕੀਤਾ ਗਿਆ। ਪੁਲਸ ਵੱਲੋਂ ਤਲਾਸ਼ੀ ਲੈਣ 'ਤੇ ਔਰਤ ਦੇ ਕੋਲੋਂ ਇਕ ਬੈਗ ਬਰਾਮਦ ਕੀਤਾ ਗਿਆ, ਜਿਸ 'ਚੋਂ 2 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ। ਉਕਤ ਔਰਤ ਇਥੇ ਨੇੜੇ ਹੀ ਖੜ੍ਹੀ ਮਾਰੂਤੀ ਕਾਰ 'ਚ ਇਕ ਨੌਜਵਾਨ ਨੂੰ ਹੈਰੋਇਨ ਦੀ ਸਪਲਾਈ ਕਰਨ ਆਈ ਸੀ।

PunjabKesari


ਪੂਰਵੀ ਅਫਰੀਕਾ ਦੀ ਰਹਿਣ ਵਾਲੀ ਹੈ ਔਰਤ
ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਨੌਜਵਾਨ ਕਾਰ ਮਾਰੂਤੀ ਭਜਾਉਣ 'ਚ ਸਫਲ ਰਿਹਾ। ਫਰਾਰ ਨੌਜਵਾਨ ਦੀ ਪਛਾਣ ਨਿੰਦਰ ਸਿੰਘ ਉਰਫ ਨਿੰਦੂ ਪੁੱਤਰ ਚਰਨ ਸਿੰਘ ਵਾਸੀ ਲਾਟੀਆਂਵਾਲ ਸੁਲਤਾਨਪੁਰ ਲੋਧੀ ਵਜੋ ਹੋਈ ਹੈ। ਉਕਤ ਨੌਜਵਾਨ ਇਸ ਔਰਤ ਤੋਂ ਹੈਰੋਇਨ ਲੈਣ ਲਈ ਆਇਆ ਹੋਇਆ ਸੀ। ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਰੈਹਮਾ ਪਤਨੀ ਸਵਾਮਦੀ ਡਾਊਡੀ ਵਾਸੀ ਰਾਜਪੁਰਾ ਛਤਰਪੁਰ ਦਿੱਲੀ ਵਜੋ ਹੋਈ ਹੈ। ਮੂਲ ਰੂਪ ਨਾਲ ਔਰਤ ਤਨਜਾਨੀਆ ਦੇਸ਼ (ਪੂਰਵੀ ਅਫਰੀਕਾ) ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਰਿਸ਼ਤੇਦਾਰ ਦੇ ਕੋਲ ਬਿਜ਼ਨੈੱਸ ਵੀਜ਼ੇ 'ਤੇ ਆਈ ਹੋਈ ਸੀ। ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਵੱਲੋਂ ਔਰਤ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


author

shivani attri

Content Editor

Related News