ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ

Wednesday, Feb 28, 2018 - 11:36 PM (IST)

ਔਰਤ ਦੇ ਕੰਨਾਂ ਦੀਆਂ ਵਾਲੀਆਂ ਝਪਟੀਆਂ

ਬੰਗਾ, (ਚਮਨ ਲਾਲ/ਰਾਕੇਸ਼ ਅਰੋੜਾ)- ਬੰਗਾ-ਫਗਵਾੜਾ ਮੁੱਖ ਮਾਰਗ 'ਤੇ ਪੈਂਦੇ ਪਿੰਡ ਢਾਹਾਂ ਕਲੇਰਾਂ ਵਿਖੇ ਇਕ ਬਜ਼ੁਰਗ ਔਰਤ ਦੀਆਂ 2 ਕਾਰ ਸਵਾਰ ਲੁਟੇਰਿਆਂ ਵੱਲੋਂ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਬਿਮਲਾ ਦੇਵੀ ਪਤਨੀ ਓਂਕਾਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਘਰ ਦੀ ਸਫ਼ਾਈ ਕਰਨ ਉਪਰੰਤ ਪਿੰਡ ਦੇ ਬਾਹਰ ਮੁੱਖ ਮਾਰਗ 'ਤੇ ਲੱਗੇ ਗੰਦਗੀ ਦੇ ਢੇਰ 'ਤੇ ਕੂੜਾ ਸੁੱਟਣ ਗਈ ਸੀ ਤਾਂ ਜਿਵੇਂ ਹੀ ਉਹ ਕੂੜੇ ਵਾਲੀ ਥਾਂ ਕੋਲ ਪੁੱਜੀ ਤਾਂ ਇਕ ਚਿੱਟੇ ਰੰਗ ਦੀ ਕਾਰ ਉਥੇ ਖੜ੍ਹੀ ਹੋਈ ਸੀ, ਜਿਸ ਵਿਚੋਂ ਇਕ ਨੌਜਵਾਨ ਬਾਹਰ ਨਿਕਲ ਕੇ ਇਧਰ-ਉੱਧਰ ਘੁੰਮ ਰਿਹਾ ਸੀ । ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਕੂੜਾ ਸੁੱਟ ਕੇ ਆਪਣੇ ਘਰ ਵਾਲੀ ਗਲੀ 'ਚ ਆਈ ਤਾਂ ਉਕਤ ਨੌਜਵਾਨ ਵੀ ਉਸ ਦੇ ਮਗਰ ਆ ਗਿਆ ਤੇ ਉਸ ਦੀਆਂ ਸੋਨੇ ਦੀਆਂ ਦੋਵੇਂ ਵਾਲੀਆਂ ਝਪਟ ਲਈਆਂ ਤੇ ਮੇਰੀ ਆਵਾਜ਼ ਸੁਣ ਕੇ ਮੇਰਾ ਕਰੀਬੀ ਰਿਸ਼ਤੇਦਾਰ ਰੇਸ਼ਮ ਲਾਲ ਮੌਕੇ 'ਤੇ ਪੁੱਜ ਗਿਆ, ਉਸ ਨੂੰ ਮੈਂ ਜਦੋਂ ਉਪਰੋਕਤ ਘਟਨਾ ਬਾਰੇ ਦੱਸਿਆ ਤਾਂ ਉਸ ਨੇ ਲੁਟੇਰਿਆਂ ਦਾ ਪਿੱਛਾ ਕੀਤਾ । ਪਰ ਉਹ ਕਾਰ 'ਚ ਸਵਾਰ ਹੋ ਕੇ ਫਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਉਪਰੋਕਤ ਕਾਰ ਪਹਿਲਾਂ ਵੀ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਪਿੰਡ 'ਚ ਘੁੰਮਦੀ ਦੇਖੀ ਗਈ ਹੈ। ਉਪਰੋਕਤ ਘਟਨਾ ਦੀ ਜਾਣਕਾਰੀ ਥਾਣਾ ਸਦਰ ਪੁਲਸ ਨੂੰ ਦੇ ਦਿੱਤੀ ਗਈ ਹੈ, ਜੋ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ । ਉਪਰੋਕਤ ਘਟਨਾ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਹੈ ।


Related News