ਮਿੱਟੀ ਦੀ ਢਿੱਗ ਹੇਠਾਂ ਦਬ ਕੇ ਔਰਤ ਦੀ ਮੌਤ

Thursday, Mar 08, 2018 - 01:50 AM (IST)

ਗੜ੍ਹਦੀਵਾਲਾ, (ਜਤਿੰਦਰ)- ਨਜ਼ਦੀਕੀ ਪਿੰਡ ਗੋਂਦਪੁਰ ਵਿਖੇ ਖੇਤਾਂ ਵਿਚ ਸਥਿਤ ਇਕ ਪੁਰਾਣੇ ਖੂਹ ਵਿਚੋਂ ਇੱਟਾਂ ਕੱਢਣ ਦੌਰਾਨ ਅਚਾਨਕ ਡਿੱਗੀ ਮਿੱਟੀ ਦੀ ਢਿੱਗ ਹੇਠਾਂ ਦਬ ਕੇ 1 ਔਰਤ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ, ਜਦਕਿ ਘਟਨਾ ਵਿਚ ਉਸ ਦਾ ਪਤੀ ਅਤੇ ਬੇਟਾ ਵਾਲ-ਵਾਲ ਬਚੇ। 
ਮਿਲੀ ਜਾਣਕਾਰੀ ਅਨੁਸਾਰ ਪਿੰਡ ਗੋਂਦਪੁਰ ਦੇ ਖੇਤਾਂ ਵਿਚ ਇਕ ਕਿਸਾਨ ਦੇ ਲਗਭਗ 50-60 ਫੁੱਟ ਡੂੰਘੇ ਪੁਰਾਣੇ ਖੂਹ ਵਿਚੋਂ ਗੁੱਜਰ ਭਾਈਚਾਰੇ ਦੇ ਇਕ ਪਰਿਵਾਰ ਦੇ ਲੋਕ ਇੱਟਾਂ ਕੱਢ ਰਹੇ ਸਨ ਤਾਂ ਜੋ ਉਹ ਉਨ੍ਹਾਂ ਦੇ ਘਰ ਬਣਾਉਣ ਵਿਚ ਕੰਮ ਆ ਸਕਣ।  ਸਾਰੀਆਂ ਇੱਟਾਂ ਬਾਹਰ ਕੱਢਣ ਤੋਂ ਬਾਅਦ ਉਨ੍ਹਾਂ ਖੂਹ ਨੂੰ ਪੂਰਨਾ ਸੀ। ਉਕਤ ਪਰਿਵਾਰ ਪਿਛਲੇ 4-5 ਦਿਨਾਂ ਤੋਂ ਖੂਹ ਵਿਚੋਂ ਇੱਟਾਂ ਬਾਹਰ ਕੱਢ ਰਿਹਾ ਸੀ ਪਰ ਅੱਜ ਸਵੇਰੇ ਜਦੋਂ ਉਹ ਇੱਟਾਂ ਕੱਢਣ ਦੇ ਕੰਮ ਵਿਚ ਲੱਗੇ ਹੋਏ ਸਨ ਤਾਂ ਅਚਾਨਕ ਖੂਹ ਵਿਚ ਮਿੱਟੀ ਡਿੱਗਣ ਕਾਰਨ ਸ਼ੌਕੀਨਾ (55) ਮਿੱਟੀ ਦੀ ਢਿੱਗ ਹੇਠਾਂ ਦਬ ਗਈ ਅਤੇ ਉਸ ਦੀ ਮੌਤ ਹੋ ਗਈ, ਜਦਕਿ ਉਸ ਦਾ ਪਤੀ ਮਸਕੀਨ ਦੀਨ ਪੁੱਤਰ ਲਾਲ ਦੀਨ ਅਤੇ ਉਸ ਦਾ ਬੇਟਾ ਅਲੀ ਹੁਸੈਨ ਵਾਲ-ਵਾਲ ਬਚੇ। ਇਹ ਘਟਨਾ ਸਵੇਰ ਵੇਲੇ ਵਾਪਰੀ ਪਰ ਇਲਾਕੇ ਵਿਚ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਾ ਅਤੇ ਲੋਕ ਆਪਣੇ ਪੱਧਰ 'ਤੇ ਹੀ ਔਰਤ ਨੂੰ ਬਾਹਰ ਕੱਢਣ ਵਿਚ ਲੱਗੇ ਰਹੇ। ਸ਼ਾਮੀਂ ਬੜੀ ਮੁਸ਼ਕਿਲ ਨਾਲ ਸ਼ੌਕੀਨਾ ਨੂੰ ਖੂਹ ਵਿਚੋਂ ਬਾਹਰ ਕੱਢਿਆ ਜਾ ਸਕਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਘਟਨਾ ਬਾਰੇ ਪਤਾ ਲੱਗਣ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।


Related News