ਹੋਟਲ-ਰੈਸਟੋਰੈਂਟ ’ਚ ਖਾਣਾ ਖਾਣ ਵਾਲੇ ਸਾਵਧਾਨ, ਬਿਨਾਂ ਵੈਕਸੀਨ ਸਰਟੀਫ਼ਿਕੇਟ ਗਏ ਤਾਂ ਹੋਵੇਗੀ ਕਾਰਵਾਈ
Wednesday, Jul 14, 2021 - 11:36 AM (IST)
ਅੰਮ੍ਰਿਤਸਰ (ਦਲਜੀਤ) : ਖਾਣ-ਪੀਣ ਦੇ ਸ਼ੌਕੀਨ ਅੰਬਰਸਰੀਏ ਹੁਣ ਬਿਨਾਂ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾਏ ਹੋਟਲ ਅਤੇ ਰੈਸਟੋਰੈਂਟ ’ਚ ਖਾਣਾ ਨਹੀਂ ਖਾ ਸਕਣਗੇ। ਇਸ ਦੇ ਇਲਾਵਾ ਨਾ ਹੀ ਹੋਟਲ ਅਤੇ ਰੈਸਟੋਰੈਂਟ ਵਾਲੇ ਬਿਨਾਂ ਵੈਕਸੀਨ ਦੇ ਕਿਸੇ ਕਾਮੇ ਨੂੰ ਖਾਣਾ ਸਰਵ ਕਰਨ ਦੇਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖ਼ਿਲਾਫ਼ ਜਿੱਥੇ ਸਖ਼ਤ ਕਾਰਵਾਈ ਹੋਵੇਗੀ, ਉਥੇ ਹੋਟਲ ਅਤੇ ਰੈਸਟੋਰੈਂਟ ਵਲੋਂ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਉਕਤ ਅਦਾਰੇ ਸੀਲ ਹੋਣਗੇ। ਸਿਹਤ ਵਿਭਾਗ ਵਲੋਂ ਲੋਕਾਂ ਅਤੇ ਹੋਟਲ ਤੇ ਰੈਸਟੋਰੈਂਟ ’ਤੇ ਨਜ਼ਰ ਬਣਾਈ ਰੱਖਣ ਲਈ ਵਿਸ਼ੇਸ਼ ਪੰਜ ਟੀਮਾਂ ਦਾ ਗਠਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਇਕ 'ਟਵੀਟ' ਨਾਲ ਲਾਏ ਕਈ ਨਿਸ਼ਾਨੇ
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਦੀ ਤੀਜੀ ਲਹਿਰ ਤੋਂ ਬਚਾਉਣ ਲਈ ਅੰਮ੍ਰਿਤਸਰ ਵਾਸੀਆਂ ਨੂੰ ਹੁਣ ਤੋਂ ਹੀ ਨਿਯਮਾਂ ਦੀ ਪਾਲਣਾ ਕਰਵਾਉਣਾ ਬੇਹੱਦ ਜ਼ਰੂਰੀ ਹੈ। ਧਿਆਨ ’ਚ ਆਇਆ ਹੈ ਕਿ ਕਈ ਹੋਟਲ ਅਤੇ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਕਾਮਿਆਂ ਵੱਲੋਂ ਅਜੇ ਤੱਕ ਵੈਕਸੀਨ ਦੀ ਪਹਿਲੀ ਡੋਜ਼ ਨਹੀਂ ਲਗਵਾਈ ਗਈ ਅਤੇ ਖਾਣਾ ਖਾਣ ਆਉਣ ਵਾਲੇ ਲੋਕ ਵੀ ਵੈਕਸੀਨ ਨਾ ਲਗਾਉਣ ਕਾਰਨ ਬਾਹਰ ਘੁੰਮ ਰਹੇ ਹਨ। ਅਜਿਹੇ ਲੋਕਾਂ ’ਤੇ ਕਾਰਵਾਈ ਕਰਨ ਲਈ ਪੰਜ ਫੂਡ ਸੇਫਟੀ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ, ਜਿਨ੍ਹਾਂ ’ਚੋਂ ਸਹਾਇਕ ਸਿਵਲ ਸਰਜਨ ਜ਼ਿਲ੍ਹਾ ਸਿਹਤ ਅਧਿਕਾਰੀ, ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ, ਜ਼ਿਲ੍ਹਾ ਟੀਕਾਕਰਨ ਅਧਿਕਾਰੀ ਦੀ ਅਗਵਾਈ ’ਚ ਫੂਡ ਸੇਫਟੀ ਅਧਿਕਾਰੀਆਂ ਦੀ ਟੀਮ ਗਠਿਤ ਕੀਤੀ ਗਈ ਹੈ। ਇਹ ਟੀਮ ਨਿੱਤ ਹੋਟਲਾਂ ਅਤੇ ਰੈਸਟੋਰੈਂਟ ’ਚ ਜਾਂਚ ਕਰਨਗੇ ਜੋ ਲੋਕ ਉਸ ਸਮੇਂ ਖਾਣਾ ਖਾਣ ਰੈਸਟੋਰੈਂਟ ਅਤੇ ਹੋਟਲ ’ਚ ਆਏ ਹੋਣਗੇ ਅਤੇ ਪਹਿਲੀ ਡੋਜ਼ ਦਾ ਸਰਟੀਫ਼ਿਕੇਟ ਨਹੀਂ ਹੋਵੇਗਾ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਤੋਂ ਇਲਾਵਾ ਖਾਣਾ ਸਰਵ ਕਰਨ ਵਾਲੇ ਉਕਤ ਦੇ ਕਾਮੇ ਦੇ ਸਰਟੀਫ਼ਿਕੇਟ ਦੀ ਵੀ ਜਾਂਚ ਕੀਤੀ ਜਾਵੇਗੀ। ਜੇਕਰ ਉਕਤ ਕੋਲ ਵੀ ਸਰਟੀਫ਼ਿਕੇਟ ਨਹੀਂ ਹੋਵੇਗਾ ਤਾਂ ਉਨ੍ਹਾਂ ਅਦਾਰਿਆਂ ਨੂੰ ਸੀਲ ਕੀਤਾ ਜਾਵੇਗਾ। ਪੁਲਸ ਪ੍ਰਸ਼ਾਸਨ ਦੀ ਟੀਮ ਵੀ ਉਨ੍ਹਾਂ ਦੇ ਨਾਲ ਹੋਵੇਗੀ। ਟੀਮਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਨਿੱਤ ਉਹ ਆਪਣੀ ਰਿਪੋਰਟ ਉਨ੍ਹਾਂ ਨੂੰ ਭੇਜਣਗੇ ਤਾਂ ਕਿ ਡਿਪਟੀ ਕਮਿਸ਼ਨਰ ਦੇ ਸਹਿਯੋਗ ਨਾਲ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ
ਨੋਟ : ਪ੍ਰਸ਼ਾਸਨ ਦੇ ਇਸ ਫ਼ੈਸਲੇ ਸਬੰਧੀ ਕੀ ਹੈ ਤੁਹਾਡੀ ਰਾਏ?