ਕੈਪਟਨ-ਸਿੱਧੂ ਸਿਆਸੀ ਜੰਗ ’ਚ ਕੀ ਅਕਾਲੀ ਦਲ ਇਸ ਸੁਨਹਿਰੀ ਮੌਕੇ ਦਾ ਫਾਇਦਾ ਚੁੱਕ ਸਕੇਗਾ?

Thursday, Jul 22, 2021 - 02:40 PM (IST)

ਕੈਪਟਨ-ਸਿੱਧੂ ਸਿਆਸੀ ਜੰਗ ’ਚ ਕੀ ਅਕਾਲੀ ਦਲ ਇਸ ਸੁਨਹਿਰੀ ਮੌਕੇ ਦਾ ਫਾਇਦਾ ਚੁੱਕ ਸਕੇਗਾ?

ਪਠਾਨਕੋਟ (ਸ਼ਾਰਦਾ) : ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਦੇਸ਼ ਪ੍ਰਧਾਨ ਬਣਨ ਦੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਚੱਲ ਰਿਹਾ ਵਿਵਾਦ ਹੱਲ ਹੋਣ ਦੀ ਬਜਾਏ ਹੋਰ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਧੜੇ ਵੱਲੋਂ ਹੁਣ ਜੋ ਸਟੈਂਡ ਲਿਆ ਗਿਆ ਹੈ, ਉਸ ਤੋਂ ਪਿੱਛੇ ਹੱਟਣਾ ਉਨ੍ਹਾਂ ਲਈ ਮੁਸ਼ਕਲ ਹੋ ਚੁੱਕਾ ਹੈ ਕਿਉਂਕਿ ਮੁੱਖ ਮੰਤਰੀ ਵੱਲੋਂ ਉਨ੍ਹਾਂ ਦੇ ਮੀਡੀਆ ਸਲਾਹਕਾਰ ਨੇ ਇਹ ਟਵੀਟ ਕੀਤਾ ਸੀ ਜਿਸ ’ਤੇ ਕੈਬਨਿਟ ਵਿਚ ਨੰਬਰ-2 ਸਥਾਨ ਪ੍ਰਾਪਤ ਮੰਤਰੀ ਬ੍ਰਹਮ ਮਹਿੰਦਰਾ ਨੇ ਵੀ ਖੁੱਲ੍ਹ ਕੇ ਆਪਣੀ ਗੱਲ ਅਤੇ ਸ਼ਰਤ ਰੱਖ ਦਿੱਤੀ ਹੈ ਕਿ ਪਹਿਲਾਂ ਸਿੱਧੂ ਟਵੀਟ ਲਈ ਮੁਆਫੀ ਮੰਗੇ, ਫਿਰ ਮੁਲਾਕਾਤ ਹੋਵੇਗੀ। ਕਿਉਂਕਿ ਆਮ ਜਨਤਾ ਵਾਂਗ ਵਿਧਾਇਕਾਂ ਨੂੰ ਵੀ ਇਸ ਗੱਲ ਦਾ ਯਕੀਨ ਹੋ ਗਿਆ ਹੈ ਕਿ ਸਿੱਧੂ ਨੂੰ ਗਾਂਧੀ ਪਰਿਵਾਰ ਦਾ ਪੂਰਾ ਅਸ਼ੀਰਵਾਦ ਪ੍ਰਾਪਤ ਹੈ। ਇਸੇ ਦਾ ਨਤੀਜਾ ਹੈ ਕਿ ਜਦੋਂ ਸਿੱਧੂ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਚ ਮੱਥਾ ਟੇਕਣ ਲਈ ਗਏ ਤਾਂ ਉਨ੍ਹਾਂ ਦੇ ਨਾਲ 50 ਤੋਂ ਵੱਧ ਵਿਧਾਇਕ ਮੌਜੂਦ ਸਨ। ਸਰਕਾਰ ਵਿਚ ਵਿਧਾਇਕਾਂ ਦੇ ਕੋਲ ਹੀ ਜਨ-ਸ਼ਕਤੀ ਹੁੰਦੀ ਹੈ ਅਤੇ ਬ੍ਰਹਮ ਮਹਿੰਦਰਾ ਦੇ ਬਿਆਨ ਦੇ ਬਾਵਜੂਦ ਐਨੇ ਵਿਧਾਇਕਾਂ ਦਾ ਸਿੱਧੂ ਨਾਲ ਆਉਣਾ ਇਸ ਗੱਲ ਦਾ ਸਬੂਤ ਹੈ ਕਿ ਹਾਈਕਮਾਂਡ ਪੰਜਾਬ ’ਚ ਪਾਵਰਫੁੱਲ ਹੋ ਚੁੱਕਾ ਹੈ ਅਤੇ ਕਮਾਂਡ ਉਸ ਨੇ ਆਪਣੇ ਹੱਥ ਵਿਚ ਲੈ ਲਈ ਹੈ। ਅਜਿਹੀ ਸਥਿਤੀ ਵਿਚ ਬਿਨਾਂ ਵਿਧਾਇਕਾਂ ਦੀ ਸਪੋਰਟ ਤੋਂ ਕੈਪਟਨ ਖੇਮਾ ਕਿਸ ਤਰ੍ਹਾਂ ਸਿੱਧੂ ਤੋਂ ਮੁਆਫੀ ਮੰਗਾਏਗਾ, ਇਸ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ : ਕੀ ਹਾਈਕਮਾਨ ਦੇ ਫਰਮਾਨ ’ਤੇ ਅਮਲ ਕਰਨਗੇ ਨਾਰਾਜ਼ ‘ਕਪਤਾਨ’?

ਜਾਖੜ ਦੇ ਸਿੱਧੂ ਨੂੰ ਅਸ਼ੀਰਵਾਦ ਦੇਣ ਦੇ ਕਈ ਮਾਇਨੇ
ਸਾਲ 2017 ਤੋਂ ਲੈ ਕੇ ਹੁਣ ਤੱਕ ਪ੍ਰਦੇਸ਼ ਪ੍ਰਧਾਨ ਦਾ ਕਾਰਜਭਾਰ ਸੰਭਾਲ ਚੁੱਕੇ ਸੁਨੀਲ ਜਾਖੜ ਪੰਜਾਬ ਦੇ ਇਕ ਵੱਡੇ ਨੇਤਾ ਹਨ। ਉਹ 2 ਵਾਰ ਐੱਮ. ਪੀ. ਦੀ ਚੋਣ ਲੜ ਚੁੱਕੇ ਹਨ। ਸੋਨੀਆ, ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਲੋਕ ਸਭਾ ਵਿਚ ਉਨ੍ਹਾਂ ਦੀ ਕਾਰਜ ਪ੍ਰਣਾਲੀ ਨੂੰ ਦੇਖਿਆ ਹੈ। ਕੈਪਟਨ ਸਰਕਾਰ ਨੂੰ ਸਮੇਂ-ਸਮੇਂ ’ਤੇ ਮੁਸ਼ਕਲਾਂ ’ਚੋਂ ਕੱਢਣ ਵਿਚ ਸੁਨੀਲ ਜਾਖੜ ਮੋਹਰੀ ਰਹੇ ਹਨ। ਇੰਨੇ ਸਮੇਂ ਦੌਰਾਨ ਜਿੰਨੀਆਂ ਵੀ ਪੰਚਾਇਤ, ਸਥਾਨਕ ਸਰਕਾਰਾਂ ਅਤੇ ਲੋਕ ਸਭਾ ਚੋਣਾਂ ਆਦਿ ਹੋਈਆਂ ਹਨ, ਉਨ੍ਹਾਂ ’ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮਿਲ ਕੇ ਪਾਰਟੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ ਹੈ। ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਉਨ੍ਹਾਂ ਉਸ ਨੂੰ ਸਮਰਥਨ ਅਤੇ ਅਸ਼ੀਰਵਾਦ ਦਿੱਤਾ ਹੈ, ਉਹ ਹੈਰਾਨ ਕਰਨ ਵਾਲਾ ਹੈ। ਚੰਡੀਗੜ੍ਹ ਵਿਚ ਪੂਰਾ ਦਿਨ ਸਿੱਧੂ ਦੇ ਨਾਲ ਰਹਿਣਾ ਅਤੇ ਵਿਸ਼ੇਸ਼ ਤੌਰ ’ਤੇ ਦਿੱਲੀ ਤੋਂ ਅੰਮ੍ਰਿਤਸਰ ਪਹੁੰਚ ਕੇ ਸਿੱਧੂ ਦੀ ਮੁਹਿੰਮ ਨੂੰ ਬੱਲ ਦੇਣਾ ਕਈ ਤਰ੍ਹਾਂ ਦੇ ਸੰਦੇਸ਼ ਦੇ ਰਿਹਾ ਹੈ। ਹੋ ਸਕਦਾ ਹੈ ਕਿ ਹਾਈਕਮਾਂਡ ਦਾ ਨਿਰਦੇਸ਼ ਹੋਵੇ ਪਰ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਖੇਮੇ ਤੋਂ ਕੋਈ ਗਲਤੀ ਤਾਂ ਜ਼ਰੂਰ ਹੋਈ ਹੈ, ਨਹੀਂ ਤਾਂ ਐਡੇ ਵੱਡੇ ਕੱਦ ਦਾ ਆਗੂ, ਜਿਸ ਦੀ ਮੁੱਖ ਮੰਤਰੀ ਵਾਰ-ਵਾਰ ਤਾਰੀਫ਼ ਕਰਦੇ ਹੋਣ, ਅੱਜ ਸਿੱਧੂ ਦੇ ਹੱਕ ’ਚ ਖੜ੍ਹਾ ਹੈ। ਹੁਣ ਕੈਪਟਨ ਧੜੇ ਨੂੰ ਉਨ੍ਹਾਂ ਦੀ ਕਮੀ ਤਾਂ ਜ਼ਰੂਰ ਮਹਿਸੂਸ ਹੋਵੇਗੀ। ਇਹ ਵੀ ਹੋ ਸਕਦਾ ਹੈ ਕਿ ਜਾਖੜ ਦੇ ਕਿਸੇ ਕੱਟੜ ਵਿਰੋਧੀ ਨੂੰ ਕੈਪਟਨ ਧੜੇ ਨੇ ਤਰਜੀਹ ਦਿੱਤੀ ਹੋਵੇ, ਜਿਸ ਕਾਰਨ ਇਹ ਸਥਿਤੀ ਪੈਦਾ ਹੋਈ।

ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ ’ਚ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਗਵੰਤ ਮਾਨ ਨੇ ਪੇਸ਼ ਕੀਤਾ ‘ਕੰਮ ਰੋਕੂ ਮਤਾ’

ਕੈਪਟਨ-ਸਿੱਧੂ ਜੰਗ ਵਿਚ ਅਕਾਲੀ ਦਲ ਨੂੰ ਕੀ ਨਜ਼ਰ ਆ ਰਹੀਆਂ ਸੰਭਾਵਨਾਵਾਂ?
ਕਾਂਗਰਸ ਦੀ ਇਸ ਸਿਆਸੀ ਲੜਾਈ ਵਿਚ ਜਿਸ ਤਰ੍ਹਾਂ ਨਾਲ ਸਿੱਧੂ ਦਾ ਕਾਰਵਾਂ ਤੇਜ਼ੀ ਨਾਲ ਵੱਧ ਰਿਹਾ ਹੈ, ਉਸ ਨੂੰ ਲੈ ਕੇ ਸਿਆਸੀ ਵਿਸ਼ਲੇਸ਼ਕ ਇਹ ਵੀ ਚਿੰਤਨ ਕਰ ਰਹੇ ਹਨ ਕਿ ਇਸ ਆਫ਼ਤ ਵਿਚ ਸੁਨਹਿਰੇ ਮੌਕੇ ਦਾ ਕੀ ਅਕਾਲੀ ਦਲ ਕੋਈ ਲਾਭ ਚੁੱਕ ਸਕਦਾ ਹੈ। ਕੋਈ ਸ਼ੱਕ ਨਹੀਂ ਜੇਕਰ ਕੈਪਟਨ ਧੜੇ ਨੂੰ ਲੱਗਦਾ ਹੈ ਕਿ ਬਾਜ਼ੀ ਹੱਥੋਂ ਜਾ ਰਹੀ ਹੈ ਤਾਂ ਨਿਸ਼ਚਿਤ ਤੌਰ ’ਤੇ ਇਸ ਧੜੇ ਵਿਚ ਕੁਝ ਆਗੂ ਤਾਂ ਅਜਿਹੇ ਹਨ, ਜਿਨ੍ਹਾਂ ਦੀ ਅਕਾਲੀ ਦਲ ਦੇ ਨਾਲ ਚੰਗੀ ਗੰਢ-ਸੰਢ ਹੈ, ਅਜਿਹੀ ’ਚ ਸੁਖਬੀਰ-ਮਜੀਠੀਆ ਇਸ ਜੰਗ ਵਿਚ ਆਪਣੀ ਸਿਆਸੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਹੱਥ-ਪੈਰ ਮਾਰ ਸਕਦੇ ਹਨ। ਇਸ ਨੂੰ ਲੈ ਕੇ ਅਕਾਲੀ ਦਲ ਦੇ ਆਗੂ ਅਤੇ ਵਰਕਰ ਉਤਸ਼ਾਹਿਤ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਲੜਾਈ ਕੈਪਟਨ ਧੜੇ ਦੇ ਹੱਥੋਂ ਨਿਕਲ ਰਹੀ ਹੈ ਪਰ ਉਹ ਇੰਨੀ ਛੇਤੀ ਆਪਣੀ ਹਾਰ ਨਹੀਂ ਮੰਣਨਗੇ। ਹਾਂ ਪਰ ਇਹ ਵੀ ਸੰਭਵ ਹੈ ਕਿ ਉਹ ਸੋਚਦੇ ਹਨ ਕਿ ਕੁਝ ਨਾ ਕੁਝ ਅਜਿਹਾ ਤਾਂ ਹੋਵੇਗਾ, ਜਿਸ ਨਾਲ ਅਕਾਲੀ ਦਲ ਸਿਆਸੀ ਫਾਇਦਾ ਲੈਣ ਵਿਚ ਸਫ਼ਲ ਹੋਵੇਗਾ। ਆਉਣ ਵਾਲੇ ਦਿਨਾਂ ਵਿਚ ਪੰਜਾਬ ਦੀ ਰਾਜਨੀਤੀ ਬਹੁਤ ਤੇਜ਼ੀ ਨਾਲ ਕਰਵਟ ਲਵੇਗੀ, ਜਿਸ ’ਤੇ ਸਾਰੇ ਪੰਜਾਬ ਦੀ ਤਿੱਖੀ ਨਜ਼ਰ ਰਹੇਗੀ।

ਇਹ ਵੀ ਪੜ੍ਹੋ : ਕੁਝ ਮਹੀਨੇ ਪਹਿਲਾਂ ਵਿਆਹੇ ਜੋੜੇ ਨੇ ਕੀਤੀ ਖੁਦਕੁਸ਼ੀ, ਪੁਲਸ ਸਾਹਮਣੇ ਦਿੱਤੇ ਇਹ ਬਿਆਨ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

Anuradha

Content Editor

Related News