ਹਰੀਕੇ ਬਰਡ ਸੈਂਚਰੀ ਦੀ ਸਰਕਾਰੀ ਜ਼ਮੀਨ ’ਤੇ ਭੂ-ਮਾਫੀਆ ਵੱਲੋਂ ਕਬਜ਼ਾ, ਕੀ ਪੰਜਾਬ ਸਰਕਾਰ ਲਵੇਗੀ ਸਾਰ?

05/25/2022 12:10:43 PM

ਮੱਖੂ(ਵਾਹੀ): ਜਿੱਥੇ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੂਰਾ ਜ਼ੋਰ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਵਾਉਣ ’ਤੇ ਲੱਗਾ ਹੋਇਆ ਹੈ ਉਥੇ ਹੀ ਦੂਸਰੇ ਪਾਸੇ ਦੀਵੇ ਥੱਲੇ ਹਨੇਰਾ ਵਾਲੀ ਕਹਾਵਤ ਅਨੁਸਾਰ ਹਰੀਕੇ ਬਰਡ ਸੈਂਚਰੀ ਦੀ ਸਰਕਾਰ ਦੇ ਕਬਜ਼ੇ ਵਾਲੀ ਜ਼ਮੀਨ ’ਤੇ ਦਿਨ-ਦਿਹਾੜੇ ਕਬਜ਼ੇ ਹੋ ਰਹੇ ਹਨ, ਜੋ ਜਿੱਥੇ ਵਾਤਾਵਰਣ ਪੱਖੋਂ ਬਹੁਤ ਹੀ ਘਾਤਕ ਹਨ ਉਥੇ ਹੀ ਜੰਗਲ ਦੇ ਘੱਟ ਰਹੇ ਰਕਬੇ ਕਾਰਨ ਜੰਗਲੀ ਜੀਵਾਂ ਦਾ ਵੀ ਵੱਡੀ ਗਿਣਤੀ ’ਚ ਘਾਣ ਹੋ ਰਿਹਾ ਹੈ।

ਬਰਡ ਸੈਂਚਰੀ ਦੇ 86 ਸਕੇਅਰ ਕਿਲੋਮੀਟਰ ਏਰੀਏ ’ਚੋਂ ਸਿਰਫ਼ 20 ਸਕੇਅਰ ਕਿਲੋਮੀਟਰ ਏਰੀਆ ਹੀ ਬਚ ਸਕਿਆ ਹੈ ਅਤੇ ਬਾਕੀ ਸਾਰੀ ਜ਼ਮੀਨ ਭੂ-ਮਾਫੀਆਂ ਦੇ ਕਬਜ਼ੇ ਵਿਚ ਆ ਚੁੱਕੀ ਹੈ ਪਰ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਦੇਸ਼ ਦੀ ਬਦਕਿਸਮਤੀ ਹੈ ਕਿ ਆਜ਼ਾਦੀ ਦੇ 75 ਸਾਲ ਬੀਤ ਜਾਣ ’ਤੇ ਵੀ ਭਾਵੇਂ ਕਈ ਸਰਕਾਰਾਂ ਆਈਆਂ ਪਰ ਦਾਅਵਿਆਂ ਦੇ ਐਨ ਉਲਟ ਭ੍ਰਿਸ਼ਟਾਚਾਰ ‘ਦਿਨ-ਦੁਗਣੀ ਅਤੇ ਰਾਤ-ਚੌਗੁਣੀ’ ਦੀ ਕਹਾਵਤ ਤਰ੍ਹਾਂ ਪ੍ਰਫੁੱਲਤ ਹੁੰਦਾ ਰਿਹਾ ਅਤੇ ਜਦੋਂ ਵਾੜ ਹੀ ਖੇਤ ਨੂੰ ਖਾਣ ’ਤੇ ਤੁਲ ਜਾਵੇ ਤਾਂ ਫਿਰ ਉਸ ਖੇਤ ਦਾ ਰੱਬ ਹੀ ਰਾਖਾ ਹੋਵੇਗਾ ਅਤੇ ਇਸ ਭ੍ਰਿਸ਼ਟਚਾਰ ਦੀ ਜਿਉਂਦੀ-ਜਾਗਦੀ ਮਿਸਾਲ ਹਮੇਸ਼ਾ ਚਰਚਾ ’ਚ ਰਹਿਣ ਵਾਲੀ ਮੱਖੂ ਸ਼ਹਿਰ ਦੇ ਨੇੜੇ ਪੈਂਦੀ ਹਰੀਕੇ ਬਰਡ ਸੈਂਚਰੀ ਤੋਂ ਮਿਲਦੀ ਹੈ। 

ਇਹ ਵੀ ਪੜ੍ਹੋ- ਦਿਲ-ਦਿਮਾਗ 'ਚ ਦਹਿਸ਼ਤ ਪੈਦਾ ਕਰਦੀ ਹੈ ਸਾਈਬਰ ਸਟਾਕਿੰਗ, ਜਾਣੋ ਇਕ ਡਾਕਟਰ ਪਰਿਵਾਰ ਦੀ ਕਹਾਣੀ

ਦੁਨੀਆਂ ਭਰ ਵਿਚ ਪ੍ਰਸਿੱਧ ਪ੍ਰਵਾਸੀ ਪੰਛੀਆਂ ਦੀ ਰੱਖ-ਰਖਾਓ ਨਾਲ ਕਰੀਬ 86 ਵਰਗ ਕਿਲੋਮੀਟਰ ਦੇ ਘੇਰੇ ਵਿਚ ਸਤਲੁਜ ਅਤੇ ਬਿਆਸ ਦਰਿਆ ਦੇ ਸੰਗਮ ’ਚ ਬਣੀ ਝੀਲ ’ਚ ਵਿਦੇਸ਼ਾਂ ਤੋਂ ਹਰ ਸਾਲ ਮੌਸਮ ਦੇ ਬਦਲਾਅ ਸਮੇਂ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤਹਿ ਕਰ ਕੇ ਆਉਣ ਵਾਲੇ ਲੱਖਾਂ ਦੀ ਗਿਣਤੀ ’ਚ ਸੈਂਕੜੇ ਵੱਖ-ਵੱਖ ਪਰਜਾਤੀਆਂ ਨਾਲ ਸਬੰਧਤ ਪ੍ਰਵਾਸੀ ਪੰਛੀ ਪਹੁੰਚ ਕੇ ਅਠਖੇਲੀਆਂ ਕਰਦਿਆਂ ਸਮੁੱਚੇ ਪੰਜਾਬ ਤੋਂ ਇਲਾਵਾ ਦੇਸ਼ ਭਰ ’ਚੋਂ ਆਉਣ ਵਾਲੇ ਸੈਲਾਨੀਆਂ ਦਾ ਮਨ ਮੋਂਹਦੇ ਹਨ ਅਤੇ ਇਸ ਤੋਂ ਇਲਾਵਾ ਇਸ ਝੀਲ ’ਚ ਅਨੇਕਾਂ ਤਰ੍ਹਾਂ ’ਤੇ ਜੀਵ-ਜੰਤੂਆਂ ਦਾ ਰੈਣ-ਬਸੇਰਾ ਹੈ, ਜਿਸਨੂੰ ਉਜਾੜਨ ਲਈ ਇਸ ਬਾਗ ਦੇ ਰਾਖੇ ਹੀ ਮੁੱਖ ਭੂਮਿਕਾ ਨਿਭਾ ਰਹੇ ਹਨ। 

ਹੁਣ ਹਰ ਸਾਲ ਇੱਥੇ ਪਹੁੰਚਣ ਵਾਲੇ ਪ੍ਰਵਾਸੀ ਪੰਛਿਆਂ ਦੀ ਆਮਦ ਦੀ ਗਿਣਤੀ ਵੀ ਘੱਟ ਰਹੀ ਹੈ ਅਤੇ ਇਸ ਵਾਰ ਬਹੁਤ ਘੱਟ ਗਿਣਤੀ ’ਚ ਪੰਛੀ ਆਏ ਹਨ, ਜੋ ਬਰਡ ਸੈਂਚਰੀ ਦੀ ਹੋਂਦ ਲਈ ਖਤਰੇ ਦੀ ਘੰਟੀ ਹੈ। ਜਿਸ ਲਈ ਸਿਰਫ਼ ਤੇ ਸਿਰਫ਼ ਸਬੰਧਤ ਮਹਿਕਮਾਂ ਜ਼ਿੰਮੇਵਾਰ ਹੈ। ਵਰਨਣਯੋਗ ਹੈ ਕਿ ਇਨ੍ਹਾਂ ਅਧਿਕਾਰੀਆਂ ਵਲੋਂ ਕੀਤੇ ਜਾਂਦੇ ਘਾਲੇ-ਮਾਲਿਆਂ ਦੀਆਂ ਖਬਰਾਂ ਪ੍ਰਕਾਸ਼ਿਤ ਹੋਣ ਦੇ ਬਾਵਜ਼ੂਦ ਵੀ ਆਲ੍ਹਾ ਅਧਿਕਾਰੀਆਂ ਵਲੋਂ ਇਸ ਸਬੰਧੀ ਚੁੱਪ ਵੱਟਣਾ ਅਤੇ ਕੋਈ ਸਖ਼ਤ ਕਾਰਵਾਈ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਥੱਲੇ ਤੋਂ ਲੈ ਕੇ ਉੱਪਰ ਤੱਕ ਦਾਲ ਵਿਚ ਕੁਝ ਕਾਲਾ ਹੈ ਅਤੇ ਜਾਪਦਾ ਹੈ ਕਿ ਇਸ ਝੀਲ ਨੂੰ ਉਜਾੜਨ ’ਚ ਲੱਗੇ ਅਧਿਕਾਰੀਆਂ ਨੂੰ ਸਿਆਸੀ ਛੱਤਰ-ਛਾਇਆ ਹਾਸਲ ਹੋਵੇਗੀ। 

ਇਹ ਵੀ ਪੜ੍ਹੋ- ਜੰਗਲਾਤ ਹੇਠਲੇ ਰਕਬੇ 'ਚ ਵਾਧਾ ਕਰਨਾ ਸੂਬਾ ਸਰਕਾਰ ਦੀ ਤਰਜੀਹ : ਕਟਾਰੂਚੱਕ

ਬਰਡ ਸੈਂਚਰੀ ਦੀ ਸਰਕਾਰੀ ਜ਼ਮੀਨ ’ਤੇ ਭੂ-ਮਾਫੀਆ ਪੂਰੀ ਤਰ੍ਹਾਂ ਕਾਬਜ਼ ਹੋ ਚੁੱਕਾ ਹੈ ਅਤੇ ਬਰਡ ਸੈਂਚਰੀ ਦੀ ਹਜ਼ਾਰਾਂ ਏਕੜ ਜ਼ਮੀਨ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਭੂ-ਮਾਫੀਆਂ ਦੇ ਕਬਜ਼ੇ ਵਿਚ ਜਾ ਚੁੱਕੀ ਹੈ ਅਤੇ ਭੂ-ਮਾਫੀਆਂ ਵਲੋਂ ਇੱਥੋਂ ਰੁੱਖ ਅਤੇ ਸਰਕੰਡੇ ਹਟਾ ਕੇ ਇਸ ਜ਼ਮੀਨ ’ਤੇ ਫਸਲਾਂ ਦੀ ਬਿਜਾਈ ਕੀਤੀ ਜਾ ਰਹੀ ਹੈ ਅਤੇ ਹੋਰ ਜ਼ਮੀਨ ਹਾਸਲ ਕਰਨ ਲਈ ਇਸ ਬਰਡ ਸੈਂਚਰੀ ਵਿਚ ਆਏ ਦਿਨ ਅੱਗ ਲੱਗਣ ਦੀਆਂ ਘਟਨਾਵਾਂ ਵੀ ਹੋਰ ਜ਼ਮੀਨ ਹਾਸਲ ਕਰਨ ਦੀਆਂ ਵਿਉਂਤਾਂ ਦਾ ਹੀ ਹਿੱਸਾ ਜਾਪ ਰਿਹਾ ਹੈ। ਇਸ ਨਾਲ ਸੈਂਕੜੇ ਜੀਵ ਜਿੰਦਾ ਸੜ ਜਾਂਦੇ ਹਨ ਪਰ ਇਨ੍ਹਾਂ ਬੇ-ਜ਼ੁਬਾਨਾਂ ਦਾ ਕਦੇ ਵੀ ਵੇਰਵਾ ਨਹੀਂ ਦਿੱਤਾ ਜਾਂਦਾ।

ਵਰਨਣਯੋਗ ਹੈ ਕਿ ਪੱਤਰਕਾਰਾਂ ਨੂੰ ਭਰੋਸੇਯੋਗ ਸੂਤਰਾਂ ਨੇ ਜਾਣਕਾਰੀ ਦਿੱਤੀ ਕਿ ਪਿਛਲੀ ਸਰਕਾਰ ਦੀ ਸ਼ਹਿ ’ਤੇ ਪਿਛਲੇ ਇਕ ਸਾਲ ’ਚ ਹਰੀਕੇ ਬਰਡ ਸੈਂਚਰੀ ਦੀ 600 ਏਕੜ ਦੇ ਲਗਭਗ ਜ਼ਮੀਨ ’ਤੇ ਭੂ-ਮਾਫੀਆਂ ਨੇ ਕਬਜ਼ਾ ਕੀਤਾ ਹੈ, ਜਿਸ ਸਬੰਧੀ ਅਧਿਕਾਰੀ ਚੁੱਪ ਹਨ ਅਤੇ ਕਿਸੇ ਅਧਿਕਾਰੀ ਨੇ ਕੋਈ ਵੀ ਐਕਸ਼ਨ ਨਹੀਂ ਲਿਆ। ਉਦਹਾਰਣ ਦੇ ਤੌਰ ਤੇ ਜੇਕਰ 100 ਏਕੜ 'ਤੇ ਕਬਜ਼ਾ ਹੁੰਦਾ ਹੈ ਤਾਂ ਭੂ-ਮਾਫੀਆ ਨਾਲ ਮਿਲੇ ਅਧਿਕਾਰੀ ਸਿਰਫ਼ 5 ਏਕੜ ਦੀ ਕਾਰਵਾਈ ਹੀ ਕਰਦੇ ਹਨ ਅਤੇ ਉਹ ਵੀ ਗੋਂਗਲੁਆਂ ਤੋਂ ਮਿੱਟੀ ਝਾੜਣ ਲਈ। 

ਮਨਾਹੀ ਦੇ ਬਾਵਜੂਦ ਭੂ-ਮਾਫੀਆ ਨੇ ਬਰਡ ਸੈਂਚਰੀ ਦੀ ਜ਼ਮੀਨ ’ਤੇ ਲਵਾਏ ਸੋਲਰ ਸਿਸਟਮ

ਜ਼ਿਕਰਯੋਗ ਹੈ ਕਿ ਜਿੱਥੇ ਬਰਡ ਸੈਂਚਰੀ ਦੇ ਰਕਬੇ ’ਤੇ ਬਿਜਲੀ ਦੇ ਪ੍ਰਬੰਧ ਦੀ ਮਨਾਹੀ ਹੈ, ਉਥੇ ਹੀ ਭੂ-ਮਾਫੀਆ ਵਲੋਂ ਸਬੰਧਤ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜੰਗਲਾਤ ਮਹਿਕਮੇ ਦੀ ਕਾਬਜ ਜ਼ਮੀਨ ’ਤੇ ਸੰਚਾਈ ਲਈ ਜਿੱਥੇ ਵੱਡੀ ਗਿਣਤੀ ਵਿਚ ਬੋਰ ਕਰਵਾਏ ਗਏ ਹਨ ਅਤੇ ਅੱਗੇ ਵੀ ਜਾਰੀ ਹਨ, ਉਥੇ ਹੀ ਭੂ-ਮਾਫੀਏ ਨੇ ਇਸ ਜ਼ਮੀਨ 5 ਦੇ ਕਰੀਬ ਸੋਲਰ ਸਿਸ਼ਟਮ ਵੀ ਲਗਵਾ ਲਏ ਹਨ । ਪਰ ਇਸ ਬਾਗ ਦੇ ਮਾਲੀ ਸਬੰਧਤ ਅਧਿਕਾਰੀ ਅੱਖਾਂ ਮੀਟ ਕੇ ਬੈਠੇ ਹਨ। ਜਦੋਂ ਉਨ੍ਹਾਂ ਤੋਂ ਭੂ-ਮਾਫੀਆ ਵਲੋਂ ਜ਼ਮੀਨ ’ਚ ਕਰਵਾਏ ਜਾ ਰਹੇ ਬੋਰ ਅਤੇ ਲਗਾਏ ਗਏ ਅੱਧੀ ਦਰਜ਼ਨ ਦੇ ਕਰੀਬ ਸੋਲਰ ਸਿਸਟਮ ਸਬੰਧੀ ਪੁੱਛਿਆ ਤਾਂ ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਨਾਂ ਹੋਣ ਦੀ ਗੱਲ ਕਹੀ ।

ਕੀ ਕਹਿਣਾ ਹੈ ਜੰਗਲੀ ਜੀਵ ਵਿਭਾਗ ਦੇ ਚੀਫ਼ ਵਾਰਡਨ ਪੰਜਾਬ ਦਾ

ਇਸ ਸਬੰਧੀ ਜੰਗਲੀ ਜੀਵ ਵਿਭਾਗ ਪੰਜਾਬ ਦੇ ਅਧਿਕਾਰੀਆਂ ਚੀਫ਼ ਵਾਰਡਨ ਪ੍ਰਵੀਨ ਕੁਮਾਰ ਅਤੇ ਸੀਨੀਅਰ ਅਧਿਕਾਰੀ ਰਮਨ ਕਾਂਤ ਮਿਸ਼ਰਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਬਾਬਤ ਅੰਕੜੇ ਮੰਗਵਾ ਲਏ ਹਨ, ਕਮੇਟੀ ਬਣਾ ਕੇ ਪੂਰੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀ ਪਾਏ ਗਏ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆਂ ਨਹੀਂ ਜਾਵੇਗਾ।

ਇਹ ਵੀ ਪੜ੍ਹੋ- ਫਾਜ਼ਿਲਕਾ ਵਿਖੇ ਬੱਚਿਆਂ ਵੱਲੋਂ ਸ਼ਰਾਬ ਵੇਚਣ ਦਾ ਮਾਮਲਾ ਐਕਸਾਈਜ਼ ਵਿਭਾਗ ਦੇ ਦਰਬਾਰ ਪੁੱਜਾ

ਕੀ ਕਹਿਣਾ ਹੈ ਜੰਗਲਾਤ ਮੰਤਰੀ ਲਾਲ ਚੰਦ ਕਟਾਰੂਚੱਕ ਦਾ

ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨਾਲ ਇਸ  ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਮਾਮਲਾ ਉਨ੍ਹਾਂ ਦੇ ਧਿਆਨ ’ਚ ਲਿਆਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਨੂੰ ਵੀ ਸਰਕਾਰੀ ਜ਼ਮੀਨ ’ਤੇ ਕਬਜ਼ਾ ਨਹੀਂ ਕਰਨ ਦੇਵੇਗੀ ਅਤੇ ਉਹ ਹਰੀਕੇ ਬਰਡ ਸੈਂਚਰੀ ਦੀ ਜਾਂਚ ਕਰਵਾਉਣਗੇਂ ਅਤੇ ਕਿਸੇ ਵੀ ਦੋਸ਼ੀ ਪਾਏ ਗਏ ਅਧਿਕਾਰੀ ਨੂੰ ਬਖਸ਼ਿਆਂ ਨਹੀਂ ਜਾਵੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News