ਕੀ ਬਲ਼ਦੀ ’ਤੇ ਤੇਲ ਪਾਵੇਗਾ ਜਥੇਦਾਰ ਸਾਬ ਦਾ ਬਿਆਨ ?

10/15/2019 6:41:23 PM

ਜਲੰਧਰ (ਰਮਨਦੀਪ ਸਿੰਘ ਸੋਢੀ) ਪੰਜਾਬ ’ਚ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਚੱਲਦੇ ਆ ਰਹੇ ਅਕਾਲੀ ਦਲ ਅਤੇ ਭਾਜਪਾ ਦੇ ਰਿਸ਼ਤੇ ’ਚ ਇੰਨ੍ਹੀ ਦਿਨੀਂ ਕੁੜਤਣ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ। ਬੇਸ਼ੱਕ ਇਹ ਕਿਆਸਰਾਈਆਂ ਤਾਂ ਬੀ.ਜੇ. ਪੀ ਦੀ ਦੂਜੀ ਵਾਰ ਸਰਕਾਰ ਬਣਨ ਤੋਂ ਬਾਅਦ ਹੀ ਲੱਗ ਰਹੀਆਂ ਸਨ ਪਰ ਹਰਿਆਣਾ ’ਚ ਹੋ ਰਹੀਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਮਨੋਹਰ ਲਾਲ ਖੱਟੜ ਵਿਚਕਾਰ ਹੋ ਰਹੀ ਤਿੱਖੀ ਬਿਆਨਬਾਜ਼ੀ, ਇਹਨਾਂ ਕਿਆਸਾਂ ਨੂੰ ਹਕੀਕਤ ਵੱਲ ਵਧਾ ਰਹੀ ਹੈ। ਹੁਣ ਤੱਕ ਮੋਦੀ ਸਰਕਾਰ ਦੀਆਂ ਤਾਰੀਫਾਂ ਦੇ ਪੁਲ਼ ਬੰਨਣ ਵਾਲੇ ਸੁਖਬੀਰ ਬਾਦਲ ਦੇ ਮੂੰਹੋਂ ਬੀ.ਜੇ.ਪੀ. ਦੀ ਹਾਰ ਦਾ ਦਾਅਵਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਸਿੱਧੇ ਤੌਰ ’ਤੇ ਆਰ. ਐੱਸ.ਐੱਸ. ਨੂੰ ਬੈਨ ਕਰਨ ਦੀ ਮੰਗ, ਬਲਦੀ ’ਤੇ ਤੇਲ ਪਾਉਣ ਤੋਂ ਘੱਟ ਨਹੀਂ ਹੈ ਪਰ ਇਹ ਵੀ ਸਮਝਣਾ ਪਵੇਗਾ ਕਿ ਅਕਾਲੀ ਦਲ ਦੀ ਸਲਾਹ ਤੋਂ ਬਿਨਾਂ ਜਥੇਦਾਰ ਵੀ ਅਜਿਹਾ ਬਿਆਨ ਨਹੀਂ ਦੇ ਸਕਦੇ। ਉਧਰ ਇਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ ਕਿ ਆਰ. ਐੱਸ. ਐਸ. ਤੇ ਭਾਜਪਾ ਵੀ ਕਦੇ ਵੱਖ ਨਹੀਂ ਹੋ ਸਕਦੇ, ਸੋ ਭਾਜਪਾ ਲਈ ਵੀ ਇਹ ਬਿਆਨ ਹਜ਼ਮ ਕਰਨਾ ਔਖਾ ਰਹੇਗਾ।
ਦਰਅਸਲ ਅੰਦਰਖਾਤੇ ਤਾਂ ਅਕਾਲੀ ਲੀਡਰ ਵੀ ਇਹ ਗੱਲ ਮੰਨਦੇ ਨੇ ਕਿ ਬੀ.ਜੇ.ਪੀ. ਉਹਨਾਂ ਨੂੰ ਖੋਰਾ ਲਗਾ ਰਹੀ ਹੈ ਤੇ ਪੰਜਾਬ ਦੀਆਂ 117 ਸੀਟਾਂ ’ਤੇ ਭਾਜਪਾ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਬੇਸ਼ਕ ਅਕਾਲੀ ਦਲ ਵੀ ਭਾਜਪਾ ਦੇ 23 ਹਲਕਿਆਂ ਵਿਚ ਮੈਂਬਰਸ਼ਿਪ ਮਹਿੰਮ ਚਲਾ ਰਿਹਾ ਹੈ ਪਰ ਭਾਜਪਾ ਲੀਡਰਾਂ ਨੇ ਤਾਂ ਹੁਣ ਜਨਤਕ ਤੌਰ ’ਤੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ 2022 ’ਚ ਪੰਜਾਬ ’ਚ ਭਾਜਪਾ ਦਾ ਝੰਡਾ ਲਹਿਰਾਇਆ ਜਾਵੇਗਾ। ਅਸਲ ’ਚ ਭਾਜਪਾ ਨੂੰ ਲਗਦਾ ਹੈ ਕਿ ਮੋਦੀ ਦੀ ਹਵਾ ਹੋਣ ਦੇ ਬਾਵਜੂਦ ਅਕਾਲੀ ਦਲ ਆਪਣੇ ਹਿੱਸੇ ਦੀਆਂ 10 ਸੀਟਾਂ ’ਚੋਂ ਸਿਰਫ ਦੋ ਹੀ ਜਿੱਤ ਸਕਿਆ ਸੀ, ਜਦਕਿ ਭਾਜਪਾ ਨੇ ਤਿੰਨਾਂ ’ਚੋਂ 2 ’ਤੇ ਮੋਰਚਾ ਮਾਰ ਲਿਆ ਸੀ। 
ਅਕਾਲੀ ਦਲ ਲਈ ਹੁਣ ਇਹ ਸਥਿਤੀ ਸੱਪ ਦੇ ਮੂੰਹ ’ਚ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ ਕਿਉਂਕਿ ਭਾਜਪਾ ਉਸਨੂੰ ਜ਼ਿਆਦਾ ਤਵਜੋ ਨਹੀਂ ਦੇ ਰਹੀ। ਇਸ ਸਭ ਦੇ ਚਲਦਿਆਂ ਅਕਾਲੀ ਦਲ ਦੇ ਆਗੂ ਵੀ ਮੱਲੋ-ਮੱਲੀ ਦੇ ਪਰਾਹੁਣੇ ਨਹੀਂ ਬਣਨਾ ਚਾਹੁੰਦੇ। ਇੱਥੇ ਭਾਜਪਾ ਨੂੰ ਵੀ ਇਕ ਗੱਲ ਯਾਦ ਰੱਖਣੀ ਪਵੇਗੀ ਕਿ ਜੇ ਪੰਜਾਬ ’ਚ ਉਨਾਂ ਨੇ ਨਹੁੰ ਨਾਲੋਂ ਮਾਸ ਵੱਖ ਕਰਨਾ ਹੈ ਤਾਂ ਘੱਟ ਗਿਣਤੀਆਂ ਦਾ ਭਰੋਸਾ ਜਿੱਤਣ ਲਈ ਉਨ੍ਹਾਂ ਨੂੰ ਨਵਾਂ ਸਿਆਸੀ ਭਾਈਵਾਲ ਲੱਭਣਾ ਲਾਜ਼ਮੀਂ ਹੋਵਗਾ। ਖੈਰ ਹੁਣ ਵੇਖਣਾ ਇਹ ਹੋਵੇਗਾ ਕਿ ਬੀ.ਜੇ.ਪੀ. ਦੀ ਕਿਸ਼ਤੀ ’ਚ ਹੋਰ ਕਿਹੜੇ ਸਿਆਸੀ ਚੇਹਰੇ ਸਵਾਰ ਹੁੰਦੇ ਨੇ ਤੇ ਅਕਾਲੀ ਦਲ ਆਪਣੀ ਮਜ਼ਬੂਤੀ ਲਈ ਕੀ ਨਵੀਂ ਚਾਲ ਚੱਲਦਾ ਹੈ। ਇਸ ਮਾਹੌਲ ਵਿਚ ਇਕ ਗੱਲ ਜ਼ਰੂਰ ਸਾਫ ਹੋ ਚੁੱਕੀ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦਾ ਸਿਆਸੀ ਭਵਿੱਖ ਕਾਫੀ ਗਰਮਾਉਣ ਦੀ ਤਿਆਰੀ ’ਚ ਹੈ।


jasbir singh

News Editor

Related News