ਪਾਕਿਸਤਾਨ ਤੇ ਨੇਪਾਲ ਨਾਲ ਜੁੜੇ ਵਿੱਕੀ ਗੌਂਡਰ ਦੇ ਸਾਥੀ ਪੰਡਿਤ ਦੇ ਤਾਰ
Saturday, Feb 03, 2018 - 07:24 AM (IST)
ਅੰਮ੍ਰਿਤਸਰ, (ਸੰਜੀਵ)- ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਵਿੱਕੀ ਗੌਂਡਰ ਦੇ ਸਾਥੀ ਗਗਨ ਪੰਡਿਤ ਨੇ ਪੁਲਸ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਕੀਤੇ, ਜਿਨ੍ਹਾਂ 'ਚ ਪੰਡਿਤ ਦੇ ਪਾਕਿਸਤਾਨ ਤੇ ਨੇਪਾਲ 'ਚ ਬੈਠੇ ਮੁਲਜ਼ਮਾਂ ਨਾਲ ਜੁੜੇ ਤਾਰਾਂ ਦਾ ਖੁਲਾਸਾ ਹੋਇਆ ਹੈ। ਯੂ. ਪੀ., ਬਿਹਾਰ 'ਚ ਬੈਠੇ ਕੁਝ ਅਪਰਾਧਿਕ ਤੱਤ ਇਨ੍ਹਾਂ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਪਹੁੰਚਾ ਰਹੇ ਸਨ। ਪੁਲਸ ਐਨਕਾਊਂਟਰ ਤੋਂ ਪਹਿਲਾਂ ਵਿੱਕੀ ਗੌਂਡਰ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਮੀਤ ਸਿੰਘ ਪੀ. ਐੱਚ. ਡੀ. ਦੇ ਸੰਪਰਕ ਵਿਚ ਸੀ।
ਪੁਲਸ ਇਸ ਬਾਰੇ ਕੋਈ ਵੀ ਪੁਸ਼ਟੀ ਕਰਨ ਨੂੰ ਤਿਆਰ ਨਹੀਂ ਹੈ, ਜਦੋਂ ਕਿ ਪੰਡਿਤ ਤੋਂ ਉਨ੍ਹਾਂ ਨੂੰ ਕਈ ਅਹਿਮ ਜਾਣਕਾਰੀਆਂ ਮਿਲ ਰਹੀਆਂ ਹਨ। ਪੁਲਸ ਇਸ ਗੱਲ 'ਤੇ ਵੀ ਜਾਂਚ ਕਰ ਰਹੀ ਹੈ ਕਿ ਗੌਂਡਰ ਐਨਕਾਊਂਟਰ ਤੋਂ ਬਾਅਦ ਪੰਡਿਤ ਸੀਮਾਵਰਤੀ ਖੇਤਰਾਂ ਵਿਚ ਆਪਣਾ ਇਕ ਵੱਖ ਗੈਂਗ ਤਿਆਰ ਕਰ ਕੇ ਪੰਜਾਬ ਵਿਚ ਕੁਝ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਸੀ। ਗੈਂਗਸਟਰਾਂ ਵੱਲੋਂ ਫਰਜ਼ੀ ਪਾਸਪੋਰਟ ਵੀ ਬਣਵਾ ਰੱਖੇ ਹਨ, ਜਿਨ੍ਹਾਂ ਦੇ ਜ਼ਰੀਏ ਕੁਝ ਗੈਂਗਸਟਰ ਵਿਦੇਸ਼ ਭੱਜਣ ਦੀ ਵੀ ਫਿਰਾਕ ਵਿਚ ਹਨ।
ਕੀ ਕਹਿਣਾ ਹੈ ਐੱਸ. ਐੱਸ. ਪੀ. ਦਾ?
ਐੱਸ. ਐੱਸ. ਪੀ. ਦਿਹਾਤੀ ਪਰਮਪਾਲ ਸਿੰਘ ਦਾ ਕਹਿਣਾ ਹੈ ਕਿ ਗੈਂਗਸਟਰ ਗਗਨ ਪੰਡਿਤ ਤੋਂ ਪੁਲਸ ਨੂੰ ਕੁਝ ਅਜਿਹੀਆਂ ਵਿਸ਼ੇਸ਼ ਜਾਣਕਾਰੀਆਂ ਹਾਸਲ ਹੋਈਆਂ ਹਨ, ਜਿਨ੍ਹਾਂ ਦੇ ਜ਼ਰੀਏ ਬਹੁਤ ਛੇਤੀ ਪੰਜਾਬ 'ਚ ਕੁਝ ਸਰਗਰਮ ਹੋਰ ਗੈਂਗਸਟਰਾਂ 'ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਵਰਣਨਯੋਗ ਹੈ ਕਿ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਮੁਲਜ਼ਮ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਪੰਜਾਬ ਦੀ ਪੁਲਸ ਰਾਜ 'ਚੋਂ ਗੈਂਗਸਟਰਾਂ ਦਾ ਸਫਾਇਆ ਕਰਨ ਵਿਚ ਜੁਟ ਗਈ ਹੈ। ਪੁਲਸ ਦੀ ਕਾਰਵਾਈ ਨੂੰ ਦੇਖਦਿਆਂ ਗੈਂਗਸਟਰਾਂ ਵਿਚ ਹੜਕੰਪ ਮਚ ਗਿਆ ਹੈ।
