ਕੁਹਾੜੀ ਨਾਲ ਪਤਨੀ ਦਾ ਕਤਲ ਕਰਨ ਦਾ ਮਾਮਲਾ, ਪੁਲਸ ਦੇ ਹੱਥ ਅਜੇ ਖਾਲੀ

Thursday, Feb 06, 2020 - 04:17 PM (IST)

ਚੰਡੀਗੜ੍ਹ (ਸੰਦੀਪ) : ਮਨੀਮਾਜਰਾ ਸਥਿਤ ਮਾੜੀਵਾਲਾ ਟਾਊਨ 'ਚ ਰਹਿਣ ਵਾਲੀ ਮਨਜੀਤ ਕੌਰ (42) ਦੇ ਗਲੇ 'ਤੇ ਕੁਹਾੜੀ ਨਾਲ ਵਾਰ ਕਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਸ ਉਸ ਦੇ ਕਾਤਲ ਪਤੀ ਜਰਨੈਲ ਸਿੰਘ ਉਰਫ ਜੈਲੀ (48) ਨੂੰ ਇਕ ਦਿਨ ਬੀਤ ਜਾਣ ਤੋਂ ਬਾਅਦ ਵੀ ਗ੍ਰਿਫਤਾਰ ਨਹੀਂ ਕਰ ਸਕੀ ਹੈ। ਮੁਲਜ਼ਮ ਜਰਨੈਲ ਸਿੰਘ ਮੰਗਲਵਾਰ ਸਵੇਰੇ ਪਤਨੀ 'ਤੇ ਕੁਹਾੜੀ ਨਾਲ ਵਾਰ ਕਰ ਕੇ ਉਸਨੂੰ ਲਹੂ-ਲੁਹਾਨ ਹਾਲਤ 'ਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਹਾਲਾਂਕਿ ਪੁਲਸ ਨੂੰ ਮੌਕੇ ਤੋਂ ਉਹ ਕੁਹਾੜੀ ਬਰਾਮਦ ਹੋ ਗਈ ਸੀ, ਜਿਸਦੀ ਵਰਤੋਂ ਕਰ ਕੇ ਜਰਨੈਲ ਨੇ ਆਪਣੀ ਪਤਨੀ ਦਾ ਕਤਲ ਕੀਤਾ। ਪੁਲਸ ਨੇ ਜਰਨੈਲ ਸਿੰਘ ਦੇ ਗੁਆਂਢ 'ਚ ਹੀ ਰਹਿਣ ਵਾਲੇ ਉਸਦੇ ਭਰਾ ਸ਼ਾਨ ਸਿੰਘ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ 'ਤੇ ਜਰਨੈਲ ਸਿੰਘ ਖਿਲਾਫ ਖਿਲਾਫ ਕੇਸ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ ਕਰੀਬ 4:45 ਵਜੇ ਮਾੜੀਵਾਲਾ ਟਾਊਨ 'ਚ ਰਹਿਣ ਵਾਲੀ ਸੋਨੀਆਂ ਚੌਧਰੀ ਨੇ ਪੁਲਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਸੀ ਕਿ ਉਨ੍ਹਾਂ ਦੇ ਗੁਆਂਢ 'ਚ ਰਹਿਣ ਵਾਲੀ ਮਨਜੀਤ ਕੌਰ ਆਪਣੇ ਘਰ 'ਚ ਲਹੂ-ਲੁਹਾਨ ਹਾਲਤ 'ਚ ਪਈ ਹੋਈ ਹੈ। ਇਸ ਗੱਲ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਨਜੀਤ ਕੌਰ ਨੂੰ ਤੁਰੰਤ ਪੀ. ਜੀ. ਆਈ. ਪਹੁੰਚਾਇਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਜਾਂਚ 'ਚ ਸਾਹਮਣੇ ਆਇਆ ਸੀ ਕਿ ਮਨਜੀਤ ਕੌਰ ਦਾ ਪਤੀ ਜਰਨੈਲ ਸਿੰਘ ਸ਼ਰਾਬ ਦੀ ਭੈੜੀ ਆਦਤ ਦਾ ਆਦੀ ਹੈ ਅਤੇ ਉਹ ਮਨਜੀਤ 'ਤੇ ਸ਼ੱਕ ਕਰਦਾ ਸੀ, ਜਿਸ ਤਹਿਤ ਹੀ ਆਏ ਦਿਨ ਦੋਹਾਂ ਵਿਚਕਾਰ ਲੜਾਈ ਹੁੰਦੀ ਸੀ।

ਮੰਗਲਵਾਰ ਤੜਕੇ ਸਵੇਰੇ ਦੋਹਾਂ ਵਿਚਕਾਰ ਵਿਵਾਦ ਹੋਇਆ ਤਾਂ ਜਰਨੈਲ ਸਿੰਘ ਨੇ ਘਰ 'ਚ ਰੱਖੀ ਕੁਹਾੜੀ ਨਾਲ ਮਨਜੀਤ ਕੌਰ ਦੇ ਮੂੰਹ 'ਤੇ ਵਾਰ ਕੀਤਾ। ਕੁਹਾੜੀ ਮੂੰਹ ਦਾ ਕੁਝ ਹਿੱਸਾ ਚੀਰਦੇ ਹੋਏ ਗਲੇ ਤੱਕ ਜਾ ਲੱਗੀ ਸੀ। ਪੁਲਸ ਨੇ ਮੌਕਾ-ਏ-ਵਾਰਦਾਤ ਦੀ ਜਾਂਚ, ਵਾਰਦਾਤ ਨੂੰ ਲੈ ਕੇ ਮੌਕੇ 'ਤੇ ਮਾਂ, ਬੱਚਿਆਂ ਅਤੇ ਜਰਨੈਲ ਦੇ ਭਰਾ ਸ਼ਾਨ ਦੀ ਸ਼ਿਕਾਇਤ 'ਤੇ ਜਰਨੈਲ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਹੈ। ਪੁਲਸ ਜਰਨੈਲ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀ ਹੈ।


Anuradha

Content Editor

Related News