ਪਤਨੀ ਨੂੰ ਇਤਰਾਜ਼ਯੋਗ ਸੰਦੇਸ਼ ਭੇਜਣ ਵਾਲੇ ਪਤੀ ਖਿਲਾਫ ਕੇਸ ਦਰਜ
Sunday, Oct 06, 2019 - 03:48 PM (IST)

ਗੁਰਦਾਸਪੁਰ (ਵਿਨੋਦ) : ਆਪਣੀ ਪਤਨੀ ਨਾਲ ਚੱਲ ਰਹੀ ਅਣਬਣ ਦੇ ਚੱਲਦੇ ਆਪਣੀ ਪਤਨੀ ਨੂੰ ਮੋਬਾਇਲ 'ਤੇ ਗਲਤ ਸੰਦੇਸ਼ ਭੇਜਣ ਵਾਲੇ ਵਿਅਕਤੀ ਵਿਰੁੱਧ ਸਿਟੀ ਪੁਲਸ ਗੁਰਦਾਸਪੁਰ ਨੇ ਧਾਰਾ 354 ਏ, 354ਡੀ ਅਤੇ 61 ਆਈ.ਟੀ.ਐਕਟ ਅਧੀਨ ਕੇਸ ਦਰਜ ਕੀਤਾ ਹੈ। ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਨਿਵਾਸੀ ਇਕ ਔਰਤ ਨੇ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਲੜਕੀ ਦਾ ਵਿਆਹ ਜਤਿੰਦਰਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪੁੱਡਾ ਕਾਲੋਨੀ ਮਲਿਕਪੁਰ ਦੇ ਨਾਲ 27 ਮਾਰਚ 2013 ਨੂੰ ਹੋਇਆ ਸੀ ਅਤੇ ਇਨ੍ਹਾਂ ਦਾ ਇਕ ਪੰਜ ਸਾਲ ਦਾ ਲੜਕਾ ਹੈ ਪਰ ਪਤੀ-ਪਤਨੀ 'ਚ ਅਣਬਣ ਦੇ ਚੱਲਦੇ ਉਸ ਦੀ ਲੜਕੀ ਆਪਣੇ ਪੇਕੇ ਘਰ ਰਹਿੰਦੀ ਹੈ ਅਤੇ ਦੋਸ਼ੀ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਅਤੇ ਉਸ ਦੇ ਮੋਬਾਇਲ ਤੇ ਗਲਤ ਅਤੇ ਇਤਰਾਜ਼ਯੋਗ ਸੰਦੇਸ਼ ਭੇਜ ਕੇ ਉਸ ਨੂੰ ਪ੍ਰੇਸ਼ਾਨ ਕਰਦਾ ਸੀ।
ਇਸ ਸ਼ਿਕਾਇਤ ਦੀ ਜਾਂਚ ਸਬ-ਇੰਸਪੈਕਟਰ ਗੁਰਪ੍ਰੀਤ ਕੌਰ ਵੱਲੋਂ ਕੀਤੀ ਗਈ ਅਤੇ ਜਾਂਚ ਵਿਚ ਪਾਇਆ ਗਿਆ ਕਿ ਦੋਸ਼ੀ ਆਪਣੀ ਪਤਨੀ ਨੂੰ ਜੋ ਗਲਤ ਸੰਦੇਸ਼ ਭੇਜਦਾ ਸੀ ਉਹ ਆਪਣੀ ਮਾਂ ਦੇ ਮੋਬਾਇਲ ਤੋਂ ਭੇਜਦਾ ਸੀ। ਜਾਂਚ ਰਿਪੋਰਟ ਦੇ ਆਧਾਰ 'ਤੇ ਪਤੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਪਰ ਅਜੇ ਤਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।