ਪੁਲਸ ਸਾਹਮਣੇ ਬੋਲੀ ਪਤਨੀ, ‘ਪਤੀ ਨੇ ਸੁਫ਼ਨੇ ’ਚ ਦੱਸਿਆ ਮੇਰਾ ਕਤਲ ਹੋਇਆ’, ਹੈਰਾਨ ਕਰਨ ਵਾਲਾ ਹੈ ਮਾਮਲਾ

Friday, Oct 01, 2021 - 07:51 PM (IST)

ਪੁਲਸ ਸਾਹਮਣੇ ਬੋਲੀ ਪਤਨੀ, ‘ਪਤੀ ਨੇ ਸੁਫ਼ਨੇ ’ਚ ਦੱਸਿਆ ਮੇਰਾ ਕਤਲ ਹੋਇਆ’, ਹੈਰਾਨ ਕਰਨ ਵਾਲਾ ਹੈ ਮਾਮਲਾ

ਲੁਧਿਆਣਾ (ਰਾਜ) : ਲੋਹਾਰਾ ਨਹਿਰ ਪੁਲ ਕੋਲੋਂ ਮਿਲੀ ਰਾਮ ਲਗਨ ਦੀ ਲਾਸ਼ ਦੇ ਮਾਮਲੇ ’ਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। 9 ਦਿਨਾਂ ’ਚ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਪਤਨੀ ਨੇ ਆਪਣੇ ਦੋ ਪ੍ਰੇਮੀਆਂ ਨਾਲ ਮਿਲ ਕੇ ਰਾਮ ਲਗਨ ਦਾ ਕਤਲ ਕੀਤਾ ਸੀ। ਪੁਲਸ ਨੇ ਮੁਲਜ਼ਮ ਪਤਨੀ ਸਮੇਤ 3 ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਪਤਨੀ ਮਨੀਸ਼ਾ, ਜਦੋਂਕਿ ਉਸ ਦੇ ਪ੍ਰੇਮੀ ਰਮੇਸ਼ ਅਤੇ ਬਰਫਤ ਅੰਸਾਰੀ ਵਜੋਂ ਹੋਈ ਹੈ। ਤਿੰਨਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਾਣਕਾਰੀ ਦਿੰਦੇ ਹੋਏ ਜੁਆਇੰਟ ਸੀ. ਪੀ. (ਰੂਰਲ) ਡਾ. ਸਚਿਨ ਗੁਪਤਾ ਨੇ ਦੱਸਿਆ ਕਿ 20 ਸਤੰਬਰ ਨੂੰ ਮਨੀਸ਼ਾ ਨੇ ਥਾਣਾ ਡਵੀਜ਼ਨ ਨੰ. 6 ਵਿਚ ਸੂਚਨਾ ਦਿੱਤੀ ਸੀ ਕਿ ਉਸ ਦਾ ਪਤੀ ਸ਼ਾਮ ਨੂੰ ਘਰੋਂ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਸ ਨੇ ਜਦੋਂ ਉਸ ਤੋਂ ਪਤੀ ਦੀ ਤਸਵੀਰ ਮੰਗੀ ਤਾਂ ਉਹ ਤਸਵੀਰ ਲਿਆਉਣ ਦੀ ਗੱਲ ਕਹਿ ਕੇ ਚਲੀ ਗਈ ਸੀ। ਇਸ ਤੋਂ 2 ਦਿਨ ਬਾਅਦ ਫਿਰ ਉਹ ਪੁਲਸ ਕੋਲ ਆਈ ਅਤੇ ਦੱਸਿਆ ਕਿ ਉਹ ਆਪਣੇ ਪਤੀ ਨੂੰ ਲੱਭ ਰਹੀ ਸੀ, ਉਸ ਸਮੇਂ ਉਸ ਨੂੰ ਲੋਹਾਰਾ ਨਹਿਰ ਪੁਲ ਕੋਲ ਝਾੜੀਆਂ ’ਚ ਪਤੀ ਦੀ ਲਾਸ਼ ਪਈ ਮਿਲੀ। ਸੂਚਨਾ ਤੋਂ ਬਾਅਦ ਥਾਣਾ ਡਾਬਾ ਦੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਤਰਨਤਾਰਨ ਜ਼ਿਲ੍ਹੇ ’ਚ ਵੱਡੀ ਵਾਰਦਾਤ, ਚਾਚੇ-ਭਤੀਜੇ ਦਾ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ

ਮਨੀਸ਼ਾ ਦੇ ਝੂਠ ਨੇ ਖੋਲ੍ਹਿਆ ਕਤਲ ਦਾ ਰਹੱਸ
ਏ. ਸੀ. ਪੀ. (ਇੰਡਸਟ੍ਰੀਅਲ ਏਰੀਆ-ਬੀ) ਰਣਧੀਰ ਸਿੰਘ ਨੇ ਦੱਸਿਆ ਕਿ ਰਾਮ ਲਗਨ ਘਰੋਂ ਲਾਪਤਾ ਹੋਇਆ ਸੀ। ਇਸ ਤੋਂ ਬਾਅਦ ਉਸ ਦੀ ਲਾਸ਼ ਝਾੜੀਆਂ ’ਚੋਂ ਮਿਲੀ। ਇਸ ਵਿਚ ਇਕ ਕਾਮਨ ਗੱਲ ਇਹ ਸੀ ਕਿ ਲਾਸ਼ ਸਬੰਧੀ ਜਾਣਕਾਰੀ ਵੀ ਮਨੀਸ਼ਾ ਨੇ ਹੀ ਪੁਲਸ ਨੂੰ ਦਿੱਤੀ ਸੀ। ਇਸ ਲਈ ਉਨ੍ਹਾਂ ਨੇ ਮਨੀਸ਼ਾ ਤੋਂ ਪੱਛਿਆ ਸੀ ਕਿ ਉਸ ਨੂੰ ਕਿਵੇਂ ਪਤਾ ਲੱਗਾ ਕਿ ਲਾਸ਼ ਕਿੱਥੇ ਪਈ ਹੈ। ਉਸ ਸਮੇਂ ਮਨੀਸ਼ਾ ਨੇ ਕਿਹਾ ਸੀ ਕਿ ਉਸ ਦਾ ਪਤੀ ਰਾਤ ਸੁਫਨੇ ’ਚ ਆਇਆ ਸੀ ਅਤੇ ਕਹਿ ਰਿਹਾ ਸੀ ਕਿ ਉਸ ਦਾ ਕਤਲ ਕੀਤਾ ਗਿਆ ਹੈ। ਉਸ ਦੀ ਲਾਸ਼ ਨਹਿਰ ਕੋਲ ਝਾੜੀਆਂ ’ਚ ਪਈ ਹੈ। ਇਸ ਲਈ ਉਹ ਲੱਭਦੇ ਹੋਏ ਉਥੇ ਪੁੱਜ ਗਏ ਸਨ। ਏ. ਸੀ. ਪੀ. ਦਾ ਕਹਿਣਾ ਹੈ ਕਿ ਮਨੀਸ਼ਾ ਦਾ ਇਹ ਝੂਠ ਪੁਲਸ ਦੇ ਗਲੇ ਨਹੀਂ ਉਤਰਿਆ। ਇਸ ਲਈ ਪਹਿਲਾਂ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਇਆ, ਫਿਰ ਰਾਮ ਲਗਨ ਦੇ ਰਿਸ਼ਤੇਦਾਰਾਂ ਨੂੰ ਬੁਲਾਇਆ। ਰਿਸ਼ਤੇਦਾਰਾਂ ਤੋਂ ਪਤਾ ਲੱਗਾ ਕਿ ਮਨੀਸ਼ਾ ਅਤੇ ਰਾਮ ਲਗਨ ਦੀ ਆਪਸ ਵਿਚ ਨਹੀਂ ਬਣਦੀ ਸੀ ਕਿਉਂਕਿ ਮਨੀਸ਼ਾ ਦੇ ਦੋ ਪ੍ਰੇਮੀ ਸਨ। ਇਸ ਲਈ ਉਨ੍ਹਾਂ ਦਾ ਆਮ ਕਰ ਕੇ ਝਗੜਾ ਹੁੰਦਾ ਸੀ। ਫਿਰ ਜਦੋਂ ਪੁਲਸ ਨੇ ਮਨੀਸ਼ਾ ਤੋਂ ਸਖ਼ਤੀ ਨਾਲ ਪੁੱਛਿਆ ਤਾਂ ਸਾਰਾ ਸੱਚ ਸਾਹਮਣੇ ਆ ਗਿਆ। ਇਸ ਤੋਂ ਬਾਅਦ ਪੁਲਸ ਨੇ ਤਿੰਨਾਂ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ : ਨਸ਼ੇ ਦੀ ਓਵਰਡੋਜ਼ ਕਾਰਨ 23 ਸਾਲਾ ਨੌਜਵਾਨ ਦੀ ਮੌਤ, ਰੋ-ਰੋ ਹਾਲੋ ਬੇਹਾਲ ਹੋਇਆ ਪਰਿਵਾਰ

ਪਤੀ, ਪ੍ਰੇਮੀਆਂ ਕੋਲ ਜਾਣ ਤੋਂ ਰੋਕਦਾ ਸੀ, ਇਸ ਲਈ ਹਟਾਇਆ ਰਸਤੇ ’ਚੋਂ
ਏ. ਸੀ. ਪੀ. (ਇੰਡਸਟ੍ਰੀਅਲ ਏਰੀਆ-ਬੀ) ਰਣਧੀਰ ਸਿੰਘ ਦਾ ਕਹਿਣਾ ਹੈ ਕਿ ਮਨੀਸ਼ਾ ਦੇ ਸਭ ਤੋਂ ਪਹਿਲਾਂ ਰਾਮ ਲਗਨ ਦੇ ਦੋਸਤ ਬਰਫਤ ਅੰਸਾਰੀ ਨਾਲ ਪ੍ਰੇਮ ਸਬੰਧ ਬਣੇ ਸਨ। ਇਸ ਤੋਂ ਬਾਅਦ ਉਸ ਦੇ ਗੁਆਂਢ ’ਚ ਰਹਿਣ ਵਾਲੇ ਰਮੇਸ਼ ਨਾਲ ਵੀ ਪ੍ਰੇਮ ਸਬੰਧ ਬਣ ਗਏ। ਕਰੀਬ 7 ਮਹੀਨੇ ਪਹਿਲਾਂ ਮਨੀਸ਼ਾ, ਰਾਮ ਲਗਨ ਨਾਲ ਝਗੜਾ ਕਰਕੇ ਘਰ ਛੱਡ ਕੇ ਆਪਣੇ ਪ੍ਰੇਮੀ ਕੋਲ ਰਹਿਣ ਚਲੀ ਗਈ ਸੀ ਪਰ ਫਿਰ ਕੁਝ ਮਹੀਨਿਆਂ ਬਾਅਦ ਵਾਪਸ ਆ ਗਈ ਸੀ, ਜਿਸ ਕਾਰਨ ਪਤੀ-ਪਤਨੀ ਦਰਮਿਆਨ ਲਗਾਤਾਰ ਝਗੜਾ ਹੁੰਦਾ ਰਹਿੰਦਾ ਸੀ। ਰਾਮ ਲਗਨ ਨੂੰ ਪਤਾ ਲੱਗ ਗਿਆ ਸੀ ਕਿ ਉਹ ਫਿਰ ਆਪਣੇ ਪ੍ਰੇਮੀਆਂ ਨੂੰ ਜਾ ਕੇ ਮਿਲਦੀ ਹੈ। ਇਸ ਲਈ ਉਹ ਮਨੀਸ਼ਾ ਨਾਲ ਕੁੱਟਮਾਰ ਵੀ ਕਰਦਾ ਸੀ ਅਤੇ ਰਮੇਸ਼ ਅਤੇ ਬਰਫਤ ਅੰਸਾਰੀ ਨਾਲ ਵੀ ਝਗੜਾ ਕਰਦਾ ਸੀ। ਇੰਸਪੈਕਟਰ ਰੋਹਿਤ ਦਾ ਕਹਿਣਾ ਹੈ ਕਿ ਰਾਮ ਲਗਨ, ਮਨੀਸ਼ਾ ਦੇ ਪ੍ਰੇਮ ’ਚ ਰੋੜਾ ਬਣ ਰਿਹਾ ਸੀ, ਇਸ ਲਈ ਮਨੀਸ਼ਾ ਨੇ ਆਪਣੇ ਦੋਵਾਂ ਪ੍ਰੇਮੀਆਂ ਨਾਲ ਮਿਲ ਕੇ ਰਾਮ ਲਗਨ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਤਿਆਰ ਕੀਤੀ।

ਇਹ ਵੀ ਪੜ੍ਹੋ : ਆਉਂਦੇ ਦਿਨਾਂ ’ਚ ਵੱਡਾ ਧਮਾਕਾ ਕਰਨਗੇ ਕੈਪਟਨ ਅਮਰਿੰਦਰ ਸਿੰਘ, ਖੇਡਣਗੇ ਇਹ ਮਾਸਟਰ ਸਟ੍ਰਾਕ

ਸ਼ਰਾਬ ਪਿਆ ਕੇ ਲੋਹਾਰਾ ਨਹਿਰ ਪੁਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਗਲਾ, ਕੀਤੇ ਪੇਟ ’ਚ ਚਾਕੂ ਨਾਲ 4 ਵਾਰ
20 ਸਤੰਬਰ ਨੂੰ ਰਮੇਸ਼ ਅਤੇ ਬਰਫਤ ਅੰਸਾਰੀ ਨੇ ਰਾਮ ਲਗਨ ਨੂੰ ਸ਼ਰਾਬ ਪੀਣ ਲਈ ਬੁਲਾਇਆ ਸੀ। ਰਾਮ ਲਗਨ ਸ਼ਰਾਬ ਦਾ ਆਦੀ ਸੀ। ਇਸ ਲਈ ਉਹ ਉਨ੍ਹਾਂ ਕੋਲ ਚਲਾ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਸ਼ਰਾਬ ਪਿਆ ਕੇ ਉਹ ਆਪਣੇ ਨਾਲ ਲੋਹਾਰਾ ਨਹਿਰ ਪੁਲ ’ਤੇ ਲੈ ਗਏ ਸਨ, ਜਿੱਥੇ ਮਨੀਸ਼ਾ ਵੀ ਉਨ੍ਹਾਂ ਨਾਲ ਗਈ ਸੀ। ਉਥੇ ਤਿੰਨਾਂ ਨੇ ਮਿਲ ਕੇ ਪਹਿਲਾਂ ਤੇਜ਼ਧਾਰ ਹਥਿਆਰ ਨਾਲ ਰਾਮ ਲਗਨ ਦਾ ਗਲਾ ਵੱਢਿਆ, ਫਿਰ ਚਾਕੂ ਨਾਲ ਇਕ-ਇਕ ਕਰ ਕੇ ਪੇਟ ਵਿਚ 4 ਵਾਰ ਕੀਤੇ ਸਨ, ਜਿਸ ਕਾਰਨ ਉਸ ਦੇ ਪੇਟ ਦੀਆਂ ਆਂਦਰਾਂ ਬਾਹਰ ਆ ਗਈਆਂ ਸਨ। ਇਸ ਤੋਂ ਬਾਅਦ ਉਸ ਨੂੰ ਝਾੜੀਆਂ ’ਚ ਸੁੱਟ ਕੇ ਤਿੰਨੋਂ ਵਾਪਸ ਘਰ ਆ ਗਏ ਸਨ ਅਤੇ ਰਾਮ ਲਗਨ ਦੇ ਲਾਪਤਾ ਹੋਣ ਦਾ ਡਰਾਮਾ ਕਰਨ ਲੱਗ ਗਏ ਸਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਕੈਪਟਨ ’ਤੇ ਵੱਡਾ ਹਮਲਾ, ਖੁੱਲ੍ਹੇਆਮ ਕੀਤਾ ਚੈਲੰਜ

 


author

Gurminder Singh

Content Editor

Related News